web widgets

Thursday, 31 May 2012

ਹਿਡਨ ਕੈਮਰਾ



ਚਾਚੀ ਨੇ ਵਿਆਹ ਤੋਂ ਬਾਦ  ਘਰ ਵਿੱਚ ਰਾਂਦ ਸ਼ੁਰੂ ਕਰ ਦਿੱਤੀ ।  ਕਹਿੰਦੀ-ਅਲੱਗ ਰਹਿਣਾ । ਚਾਚਾ ਬਹੁਤ ਸਿਆਣਾ ਸੀ  । ਕਦੇ ਸਾਲੇ ਮੂਹਰੇ ਰੋਵੇ ...ਕਦੇ ਸੁਹਰੇ ਨੂੰ ਚਿੱਠੀ ਲਿਖੇ ।ਕੁਝ ਦਿਨਾਂ ਬਾਦ ਚਾਚੀ ਨੂੰ ਪੌਣ ਆਉਣ ਲੱਗੀ । ਟੱਬਰ ਬਹੁਤ ਚਿੰਤਾਂ ਵਿੱਚ । ਸਿਆਣਿਆ ਨੇ ਬਾਬਾ ਵੱਡਭਾਗ ਸਿੰਘ ਦੇ ਡੇਰੇ ਜਾਣ ਦੀ ਸਲਾਹ ਦਿੱਤੀ । ਪਰਿਵਾਰ ਨੇ ਜੀਪ ਕੀਤੀ । ਚੱਲ ਡੇਰੇ । ਡੇਰੇ ਦੀਆਂ ਪੌੜੀਆਂ ਚੜ੍ਹਦੇ ਹੀ  ਚਾਚੀ ਨੇ ਦੋ ਚਾਰ ਚੱਕਰ ਖਾਧੇ ਤੇ ਫਰਸ਼ ਤੇ ਬਹਿ ਕੇ ਹੋ ਗਈ ਸ਼ੁਰੂ । ਬੱਚੇ ਕੌਲੇ ਨਾਲ ਚਿੰਬੜ ਕੇ ਡੋਰ ਭੋਰੇ  ਵੇਖਣ। ਘਰ ਵਾਲੇ -" ਬਾਬਾ ਜੀ । ਮਿਹਰ ਕਰੋ....। "  ਕੁਝ ਚਿਰਾਂ ਬਾਦ   ਚਾਚੀ ਪਕੜੀ ਗਈ । ਭਾਈ ਜੀ ਚਾਚੇ ਨੂੰ ਕਹਿੰਦੇ-" ਲਾਲਾ ਜੀ । ਪਾਖੰਡ ਕਰਦੀ ।ਸਾਰੀਆ   ਸੱਜੇ ਸਿਰ ਘੁਮਾਉਂਦੀਆ । ਆਹ ਖੱਬੇ ਘੁਮਾਉਣ ਡਹੀ...। ਚਾਚਾ ਉਸੇ ਵੇਲੇ ਇਕ ਬੱਚੇ ਨੂੰ ਕਹਿੰਦਾ-" ਕਾਕਾ । ਛਿੱਤਰ ਤਾਂ ਫੜ੍ਹੀ....." ਚਾਚੀ ਫੌ਼ਰਨ ਫਰਸ਼ ਤੋਂ ਉੱਠ ਕੇ ਕਹਿੰਦੀ -"ਆਪਾ ਤਾਂ ਨੰਗੇ ਪੈਰੀ ਆਏ ਸੀ...

==============================
ਕੀ ਫੇਸਬੁੱਕ ਤੇ ਕਿਸੇ ਨੂੰ ਪੌਣ ਆਉਂਦੀ ਹੈ  ?
=======ਕਾਲਪਨਿਕ / 08042012===========

ਮੁਕੈਸ਼

ਗੁੱਡੀ ਭੂਆ ਕੋਲ ਮੁਕੈਸ਼ ਮੁੱਕ ਜਾਣੀ ਤਾਂ ਤਲੀ ਤੇ ਸਿੱਕਾ ਰੱਖ ਕੇ ਕਹਿੰਦੀ । ਫਲਾਣੀ ਦੁਕਾਨ ਤੇ ਭੱਜ ਕੇ ਜਾ ।
ਜਦ ਉਹ ਚੁੰਨੀ ਕੱਢਣ ਲੱਗਿਆ ਮੁਕੈਸ਼ ਨੂੰ ਦੰਦਾਂ ਨਾਲ ਟੁੱਕਦੀ ਤਾਂ ਸੋਚਦਾ.....
ਭੂਆ ਨੇ ਤਾਰਿਆਂ ਦਾ ਕੀ ਕਰਨਾ ? ......
ਹੁਣ ਪਤਾ ਲੱਗਦਾ
ਕੁੜੀਆਂ ਨੇ ਤਾਰਿਆਂ ਦਾ ਕੀ ਕਰਨਾ ਹੁੰਦਾ ।
ਮੁਕੈਸ਼ ?
ਦਫ਼ਾ ਕਰੋ ਜੀ ।
ਜ਼ਮਾਨਾ ਕਿੰਨਾਂ ਬਦਲ ਗਿਆ....
------------------------------

        ਨਹੀਂ ?
-----23052012----------------


ਮੈਂ ਉਸ ਦੀ ਗਰਦਨ ਫੜ ਇੱਟ ਉਲਾਰੀ ਤਾਂ -" ਮਰ ਗਿਆ....। ਲਉ । ਆਪਾ ਕਿਸੇ ਨੂੰ ਮਰਨ ਦੇਣਾ । ਪੁੱਛਿਆ-" ਤੈਨੂੰ ਕੋਈ ਪ੍ਰਾਬਲਮ ਏ ? ਕਹਿੰਦਾ-" ਜੇ ਤੁਸੀ ਸੱਚੇ ਹੋ ਤਾਂ ਕਾਹਦਾ ਡਰ ? " ਗੁੱਸਾ ਆਉਣਾ ਸੁਭਾਵਿਕ ਸੀ -" ਕੀ ਤੈਨੂੰ ਆਪਣਾ ਸਪੇਸ ਦੇ ਦੇਵਾਂ ?"
ਲਉ ਜੀ ।
ਹੁਣ ਜਦ ਵੀ " ਹਿਡਨ ਕੈਮਰੇ " ਕੋਲੋ ਲੰਘਾਂ ਤਾਂ ਉਹ ਦੂਸਰੇ ਵੰਨੇ ਆਪਣਾ ਮੂੰਹ ਘੁਮਾ ਕੇ ਚੀਖ਼ਦਾ-" ਸਵੇਰ ਦਾ ਟੰਗ ਛੱਡਿਆ । ਕੋਈ ਪਾਣੀ ਧਾਨੀ ਤਾਂ ਪੁੱਛ ਲਉ..."
------------------------
ਕੀ ਤੁਹਾਡੇ ਕੋਲ ਸਪੇਸ ਹੈ ?
-----23052012-----


ਕਿਸੇ ਨੇ ਪੁੱਛ ਲਿਆ- " ਨਿਊਸੈਂਸ ! ਵਟ ਇਜ਼ ਇਟਸ ਮੀਨਿੰਗ ? " ਬਹੁਤ ਮੁਸ਼ਕਲ ਸ਼ਬਦ ਹੈ ।.....ਮੈਂ ਕਿਹਾ-" ਮਹਾਨ " । ਹੱਸਣ ਲੱਗ ਪਿਆ । ਕਹਿੰਦਾ-" ਤੁਹਾਨੂੰ ਕਿਵੇਂ ਪਤਾ ? " ਮੈਂ ਕਿਹਾ-" ਬੱਸ,ਨਿਊਸੈਂਸ ਵੈਲਿਯੂ ਦਾ ਪਤਾ ਹੈ.....ਵੈਲਿਯੂ ਕੱਟ ਦਿੱਤਾ.... ਬਾਕੀ ਤਾਂ...." ਮੇਰੇ ਪੈਰ ਪਕੜ ਕੇ ਕਹਿੰਦਾਂ-" ਸਰ । ਤੁਸੀ ਬਹੁਤ ਗ੍ਰੇਟ ਹੋ । "......
---------------------------
ਕੀ ਤੁਸੀ ਵੀ ਆਪਣੇ ਅਨੁਸਾਰ ਸ਼ਬਦਾਂ ਦੇ ਅਰਥ ਕੱਢ ਸਕਦੇ ਹੋ ???
----------23052012-----

ਮੈਂ ਜਦ ਪਹਿਲੀ ਵਾਰ ਡੋਸਾ ਖਾਧਾ ....।
ਡੋਸਾ ਆ ਗਿਆ । ਸਮਝ ਨਹੀਂ ਆ ਰਹੀ ਸੀ । ਛੁਰੀ ਕਾਂਟਾ ਕਿਸ ਦੀ ਹਿੱਕ ਵਿੱਚ ਮਾਰਾਂ ? ਸਾਂਬਰ ਕਿਸ ਦੇ ਸਿਰ ਤੇ ਡੋਲਾਂ ? ਸਾੱਸ ਕਿਸ ਦੇ ਮੂੰਹ ਤੇ ਮਲਾਂ ?.....ਆਸ ਪਾਸ ਦੀਆਂ ਸਭ ਮੇਜਾਂ ਤੇ ਨਜ਼ਰ ਮਾਰੀ .....। ਕਿਧਰੇ ਕੋਫ਼ੀ....ਕਿਧਰੇ ਆਇਸ ਕ੍ਰੀਮ....ਕਿਧਰੇ.....। ਬਹੁਤ ਵਖ਼ਤ ਵਾਲੀ ਗੱਲ ਸੀ । ਆਪਣੇ ਆਪ ਨੂੰ ਆਖਾ-" ਨਾ ਕਿਹੜੇ ਹਕੀਮ ਨੇ
ਦੱਸਿਆ ਸੀ ? " .....ਅਚਾਨਕ ਮੇਰੇ ਨਾਲ ਵਾਲੀ ਸੀਟ ਤੋਂ ਕਿਸੇ ਨੇ ਆਰਡਰ ਕੀਤਾ-" ਪਲੇਨ ਡੋਸਾ.....।"

ਮੇਰੀ ਜਾਨ ਵਿੱਚ ਜਾਨ ਆਈ । .....
ਕੁਝ ਚੀਜ਼ਾਂ ਵੇਖ ਕੇ ਸਿੱਖੀਆ ਜਾ ਸਕਦੀਆ ਹਨ ।

ਕੁਝ ਚਿਰ ਬਾਦ ਨਾਲ ਵਾਲੀ ਸੀਟ ਨੇ ਛੁਰੀ ਕਾਂਟਾ ਮੇਜ਼ ਦੀ ਨੁੱਕਰ ਤੇ ਧਰਿਆ । ਡੋਸੇ ਨੂੰ ਰੋਟੀ ਵਾਂਗ ਤੋੜਿਆ....ਸਾਂਬਰ ਦਾ ਕੁੱਪ ਭਰਿਆ....ਉਂਗਲ ਨੂੰ ਚੱਟਣੀ ਵਿੱਚ ਲਬੇੜਿਆ........
ਚਟਖ਼ਾਰਾ ਮਾਰ ਕੇ ਕਹਿੰਦਾਂ-" ਵਾਹ । .......
------------------------------
ਕੀ ' ਵਾਹ' ਦਾ ਕੋਈ ਸ਼ਾਬਦਿਕ ਅਰਥ ਵੀ ਹੁੰਦਾ ???.......
--------------19052012.................................


ਜਿਨ੍ਹਾਂ ਲਈ ਜ਼ਿੰਦਗੀ ਦੂਭਰ ਹੈ ।.....ਉਹਨਾਂ ਨੂੰ ਮੌਤ ਉਡੀਕ ਰਹੀ ਹੈ । ਜਾਣ ਅਤੇ ਮਰ ਜਾਣ। ਅਸੀ ਨਕਲੀ ਰੱਬ ਅਤੇ ਅਸਲੀ ਹੱਕ ਬਾਰੇ ਜਾਣ ਚੁੱਕੇ ਹਾਂ । ਅਸੀ ਜੀਣ ਨਹੀਂ, ਲੜਣ ਆਏ ਹਾਂ....।
--------------18052012---------------------------------

ਮੇਰੇ ਕੋਲ ਚਾਕੂ ਹੈ....।
ਪਤਨੀ ਤਾਂ ਪਤਨੀ ਹੈ । ਕਹਿੰਦੀ-" ਭੁੱਖ ਲੱਗੀ ਤਾਂ ਪਹਿਲਾਂ ਭਿੰਡੀਆਂ ਕੱਟੋ....."
ਹੱਸਣ ਵਾਲੀ ਕਿਹੜੀ ਗੱਲ ?
ਮੈਂ ਕਿਹੜਾ ਕਿਸੇ ਚੰਪਾਂ ਵਾਸਤੇ ਗਜਰੇ ਦੇ ਫੁੱਲ ਤੌੜ ਰਿਹਾ ਹਾਂ .....???......
-------17052012--------------


ਮੈਂ ਕੁਝ ਚਿਰ ਪਹਿਲਾਂ ਪੜ੍ਹਿਆ ਸੀ....ਕੁਝ ਤਾਲੇ, ਆਖ਼ਰੀ ਚਾਬੀ ਨਾਲ ਖੁੱਲਦੇ ਹਨ......। ਪਤਾ ਨਹੀਂ ਕਿਸ ਨੇ ਲਿਖਿਆ ਸੀ.....। ਚਲੋ, ਵਿਸਥਾਰ ਕਰ ਰਿਹਾ ਹਾਂ.....। ਕੁਝ ਜੰਦਰੇ ਅਸਲ ਕੁੰਜੀ ਕੋਲੋ ਵੀ ਬਾਹਰੇ ਹੁੰਦੇ ਹਨ....। ਕਾਰਣ: ਜੰਗਾਲੇ ਜਾਂਦੇ ਹਨ । ਉਹਨਾਂ ਲਈ ' ਕੀਅ ' ਨਹੀਂ ਪੱਥਰ ਚੁੱਕਣਾ ਪੈਂਦਾ.....।
ਹੈ ਕੇ ਨਾ?
ਮੈਂ ਤਾਂ ਬਹੁਤ ਸੀਰੀਅਸ ਗੱਲ ਕਰ ਰਿਹਾ ਸੀ....
ਆਹ, ਮਿਹਰ ਮਿੱਤਲ ਕਿੱਧਰੋ ਟਪਕ ਪਿਆ ???.........
--------------16052012-----------------------

ਮੇਰੀ ਇਕ ਦੋਸਤ ਕੁੜੀ ਅਕਸਰ ਆਖਦੀ ਹੈ -"ਚੱਲ । ਕੋਈ ਨਾ....."
ਮੈਂ
ਬੋਲ
ਕੇ ਵੇਖਦਾ
ਹਾਂ
-ਚੱਲ । ਕੋਈ...
ਕਾਸਤੋਂ ????????????????.....
------------------------------

----------
ਪਲੀਜ਼ । ਇਕ ਵਾਰ ਤੁਸੀ ਵੀ ਬੋਲਣ ਦਾ ਯਤਨ ਕਰਨਾ ।
ਹੁਣ ਦੱਸੋ , ਤੁਹਾਡੇ ਹੋਠਾਂ 'ਚੋਂ ਕੀ ਨਿਕਲਿਆ...????????????.........
----------------11052012--------------------

ਸਾਡੀ ਬਾਰ ਵਿੱਚ ਇਕ ਵਕੀਲ ਹੁੰਦਾ ਸੀ ।ਹੱਸ ਨਾ ਪੈਣਾ । ਨਾਮ ਸੀ-ਮਸਤ ਰਾਮ ।ਮੈਂ ਅਸ਼ਲੀਲ ਨਾਵਲ ਲਿਖਣ ਵਾਲੇ ਲੇਖਕ ਦੀ ਗੱਲ ਨਹੀਂ ਕਰ ਰਿਹਾ ।ਹੱਥ ਵਿੱਚ ਮੈਲਾ ਜਿਹਾ ਥੈਲਾ । ਥੈਲੇ ਵਿੱਚ ਕੁਝ ਕੁ ਫ਼ਾਇਲਜ਼ । ਉਹ ਜੱਜਾ ਦੇ ਪਿੱਛੇ ਪਿਆ ਰਹਿੰਦਾ । ਹਰ ਹਫ਼ਤੇ ਉਸਦੀ ਚੰਡੀਗੜ੍ਹ ਵਿਜੀਲੈਂਸ ਜੱਜ ਕੋਲ ਗਵਾਹੀ ਹੁੰਦੀ । ਅਜਿਹੇ ਬੰਦੇ ਵਾਸਤੇ ਸਿਵਲ ਜੱਜਾ ਨੇ  ਇਕ ਸ਼ਬਦ ਘੜ ਲਿਆ ਸੀ-"ਹੈਬੀਚੁਅਲ ਕੰਪਲੇਨੇੰਟ  "। ਕਈ ਵਾਰ ਉਸ ਤੇ ਕੁਟੈਂਪਟ ਕੇਸ ਬਣੇ । ਇਕ ਵਾਰ ਹਾਈ ਕੋਰਟ ਦਾ ਜੱਜ ਆਖਦਾ-" ਤੁਹਾਨੂੰ ਕਿੰਨੀ ਸਜ਼ਾ ਕੀਤੀ ਜਾਵੇ ? " ਕਹਿੰਦਾ-" ਵੱਧ ਤੋਂ ਵੱਧ " ਪਤਾ ਨਹੀਂ ਭਾਰਤ ਵਿੱਚ ਕਿੰਨੇ ਹੀ ਸਮਾਜ ਸੁਧਾਰਕ ਹੋਏ ਹੋਣਗੇ ? ......
-----------------------------------
ਮੈਂ ਲਾਅ ਦੀ ਏਨੀ ਪੁਰਾਣੀ ਜੱਜਮੈੰਟ ਪੜ੍ਹ ਕੇ ਕੀ ਲੈਣਾ ਸੀ ....
-----------------------------------
ਕੀ "ਹੈਬੀਚੁਅਲ ਕੰਪਲੇਨੇੰਟ  " ਬਣਨਾ ਅਸਾਨ ਹੈ ?
-----------10052012-------------

ਪੁਰਾਣੇ ਦਿਨ । ਛੱਤ ਤੇ ਸਾਂਝਾ ਪਰਿਵਾਰ ।ਬੰਨੇ ਤੇ ਪਾਣੀ ਦੀ ਸੁਰਾਹੀ । ਸ਼ੇਰ ਮੂੰਹੀ । ਮੱਛਰ ਵੀ ਹੁੰਦੇ ਹੋਣਗੇ । ਫਰਾਟਾ ਕਿੱਥੇ ? ਪੱਖੀ ਦੀ ਝੱਲ । ਦੂਰ ਦੁਰਾਡੇ ਜਨਕੋ, ਸ਼ਰਾਬੀ ਖਸਮ ਨੂੰ ਗਾਹਲਾ ਕੱਢਦੀ- " ਮਰ ਜਾਵੇ ਵਿਚੋਲਾ...." ਸਾਰਾ ਮੁਹੱਲਾ ਸੁਣਦਾ । ਭੂਆ ਆਖਦੀ," ਚੁੱਪ ਕਰ..."......
ਕਦੇ ਕੱਚੀ ਲੱਸੀ । ਕਦੇ ਦੁੱਥ । ਕਦੇ ਸੋਡਾ । ...ਕਹਿੰਦੇ -" ਸੋਲਾਂ ਪੁਰ ਗਿਣੋ ਤਾਂ ਹਵਾ ਚੱਲ ਪੈਂਦੀ....।
ਫ਼ਿਰੋਜ਼ਪੁਰ, ਗੁਰਦਾਸਪੁਰ,ਹੁਸ਼ਿਆਰਪੁਰ,ਮਹਿਤਪੁਰ ,ਲਾਹਨਤਪੁਰ,ਚਵਲਪੁਰ....।
ਮੈਂ ਥੱਕ ਗਿਆ ਜੇ ।
ਕਿੱਥੇ ਉਹ ਸਮਾਂ,ਭਰਮ, ਤਾਕਤ...
ਹੁਣ, ਮੇਰੇ ਕੋਲ ਏ ਸੀ ਹੈ । ਮੈਨੂੰ ਨੀਂਦ ਆ ਰਹੀ । .....
----------------------
ਬਾਕੀ ਦੇ ਪੁਰ ? ਤੁਸੀ ਗਿਣੋ......ਗਿਣੋਗੇ ??......

---------੦੮੦੫੨੦੧੧-------------

ਹਰ ਮਨੁੱਖ ਦੀ ਸ਼ਕਲ ਦੂਸਰੇ ਤੋਂ ਭਿੰਨ ਹੈ ।
ਕਈ ਵਾਰ ਫ਼ਿਲਮਾਂ ਵਿੱਚ ਡਪਲੀਕੇਟ ਵੇਖਣ ਨੂੰ ਮਿਲਦੇ ਹਨ । ਉਦਾਹਰਣ : ਰਾਮ ਔਰ ਸ਼ਾਮ,ਗੋਰਾ ਔਰ ਕਾਲਾ, ਸੀਤਾ ਔਰ ਗੀਤਾ ,ਚਾਂਦਨੀ ਚੌਂਕ ਟੂ ਚਾਇਨਾ । ....
ਹਰ ਮਨੁੱਖ ਦਾ ਦਿਮਾਗ਼ ਵੀ ਅਲੱਗ ਅਲੱਗ ਹੁੰਦਾ ।
ਉਹ ਕਿੱਦਾਂ ?
ਮੁਬਾਇਲ ਦੀ ਚਿੱਪ ਨਹੀਂ ਵੇਖੀ ???.....
ਚਲੋ । ਮੇਰੀ ਖੁਰਦਰੀ ਚਿੱਪ ਕਿਸੇ ਹੋਰ ਦੇ ਮੱਥੇ ਵਿੱਚ ਪਾ ਦਿਉ .....
----------------------
ਕੁਝ ਪਾਠਕ ਤਾਂ ਹਰ ਗੱਲ ਦੀ ਵਿਆਖਿਆ ਭਾਲਦੇ ਹਨ । ਕੀ ਕਰਾਂ ???
----07052011------

ਨਾਣਕੇ ਜਾਣਾ । ਘੱਗਰ ਘਰ ਕੋਲੋ ਵਹਿੰਦਾਂ ਸੀ । ਕਈ ਵਾਰ ਕਿਨਾਰੇ ਬਹਿ ਜਾਣਾ । ਘੱਗਰ ਸਿੱਪੀਆ ਨਾਲ ਭਰਿਆ ਹੁੰਦਾ । ਹਰ ਸਿੱਪੀ ਨੂੰ ਤੌੜਣਾ । ਮਨ ਲਾਲਚ ਨਾਲ ਭਰਿਆ ਸੀ । ਕਰੀਚ ਵਾਲੀ ਸਤਿਥੀ ਵਿੱਚੋਂ ਲੰਘਣਾ ਪੈਂਦਾ । ਰੂਮਾਲ ? ਸ਼ਰਟ ਦੇ ਕਾਲਰ ਨਾਲ ਨੱਕ ਨੂੰ ਢੱਕ ਲੈਣਾ । ਨਾਲ ਦੇ ਬੱਚੇ ਹੱਸ ਪੈਂਦੇ । ਕਈ ਵਰ੍ਹਿਆ ਬਾਦ ਉਹੀ ਚਿੰਨ ਕਵਿਤਾ ਵਿੱਚ ਆ ਗਏ-" ਇਕ ਦਿਨ ਮੋਤੀ ਬਣ ਜਾਵਾਂਗਾ, ਮੈਂ ਸਿੱਪੀ ਵਿੱਚ ਘਿਰਿਆ ਜਲ ਹਾਂ ।"....
ਮੈਂ ਕਦੇ ਮੋਤੀ ਨਹੀਂ ਲੱਭ ਸਕਿਆ ।

ਤੇ ਮੋਤੀਆ ਦਾ ਕਰਨਾ ਵੀ ਕੀਹ ਏ ?......
ਚੱਲ, ਮੱਛਰਾਂ ਵਾਲਾ ਪਾਣੀ ਨਿਤਾਰ ਕੀ ਪੀਈਏ। ਨਹੀਂ ?
--------------05052012--------
ਹਾਏ । ਅਲੀਟ ਕਲਾਸ ਦਾ ਕੀ ਕਰਾਂ ?
--------------------------------

ਮੈਂ ਇਕ ਦੋਸਤ ਕੋਲ ਗਿਆ । ਕੁਝ ਚਿਰ ਬਾਦ ਆਖਦਾ-" ਕੀ ਲਉਗੇ ? " ਮੈਂ ਕਿਹਾ -" ਜੇ ਕਰ ਬਿਜ਼ੀ ਏ ਤਾਂ ਕੁਝ ਵੀ ਨਹੀਂ । ਪਰ ਜੇ ਪੰਜ ਮਿੰਟ ਹਨ ਤਾਂ ਪਾਣੀ । ਪੰਦਰਾਂ ਮਿੰਟ ਹਨ ਤਾਂ ਕੋਲਡ ਡਰਿੰਕ । ਜੇ ਅੱਧਾ ਘੰਟਾ ਹੈ ਤਾਂ ਕੌਫ਼ੀ । ਜੇ ਘੰਟਾਂ ਹੈ ਤਾਂ ਬੀਅਰ । ਜੇ ਖੁੱਲਾ ਸਮਾਂ ਹੈ ਤਾਂ ਵਿਸਕੀ । ਕਹਿੰਦਾਂ-" ਤੇਰੀ ਭਾਬੀ ਪੇਕੇ ਗਈ ਏ । " ......
ਕੀ ਹਰ ਕੋਈ ਪੈਂਟ ਦੀਆਂ ਲਿੱਪੀਆਂ ਵਿੱਚ ਉਂਗਲਾ ਫਸਾ ਕੇ ਦਬੰਗ ਦਾ ਨਾਚ ਕਰ ਸਕਦਾ ਹੈ । ਵਸਤਾਂ ਤਾਂ ਕਿਸੇ ਨਾਲ ਗੱਲ ਕਰਨ ਦਾ ਮਾਧਿਅਮ ਹਨ ।......
-----------------23042012-----------------------
ਭੇਜਾ ਫਰਾਈ ?
---------------------------------------------------- 


ਮੈਂ ਖੋਤੇ ਨੂੰ ਅਸਤਬਲ ਵਿੱਚ ਧੱਕਣ ਲਈ....ਪੂਛਲ ਨਹੀਂ ਕੰਨ ਤੋਂ ਪਕੜਦਾ ਹਾਂ.......। ਜੇ ਕਰ ਖੋਤਾ ਸਿਆਣਾ ਹੈ ਤਾਂ  ਉਹ ਦੁਲੱਤੀ ਨਹੀਂ ਮਾਰੇਗਾ .....।.....
-------------------------
ਮੈਂ ਆਪਣੇ ਕੰਬਲ ਵਿੱਚ ਬੈਂਤ ਵੀ ਲੁਕਾ ਕੇ ਰੱਖਿਆ ਹੈ........
------19042012--------



Sunday, 1 April 2012

ਗ਼ਜ਼ਲ






ਹਾਏ । ਕਿੰਨੀ ਵਾਰੀ ਧੋਖਾ ਕੀਤਾ ਆਪਣੇ ਪਾਠਕ ਨਾਲ ।
ਇਕ ਵੀ ਅੱਖਰ ਲਿਖ ਨਾ ਸਕਿਆ ਹੁਣ ਤਕ ਉਜਲੇ ਮਸਤਕ ਨਾਲ ।


ਖ਼ਬਰੇ ਪਾਗਲ ਸੁੰਮਾਂ ਹੇਠਾਂ ਕਿੰਨੇ ਜਿਸਮ ਲਤਾੜੇਗਾ,
ਅੱਗ ਦਾ ਅੱਥਰਾ ਘੌੜਾ ਜੇ ਨਾ ਰੁਕਿਆ ਰੂਹ ਦੇ ਚਾਬਕ ਨਾਲ ।

ਨਾ ਕੰਧਾ ਦਾ ਕੋਈ ਮਕਸਦ,ਨਾ ਛੱਤਾਂ ਦਾ ਕੋਈ ਕੰਮ,
ਹਰ ਖ਼ੰਡਰ ਹੀ ਘਰ ਹੁੰਦਾ ਹੈ,ਜੁੜ ਜਾਵੇ ਜੇ ਦਸਤਕ ਨਾਲ ।

ਉਹ ਵੀ ਰੰਗਾਂ ਬਾਰੇ ਕੋਈ ਥੀਸਜ਼ ਲਿਖਣਾ ਚਾਹੁੰਦਾਂ ਹੈ,
ਜਿਸ ਨੇ ਹਰ ਤਿੱਤਲੀ ਨੂੰ ਤੱਕਿਆ ਆਪਣੀ ਕਾਲੀ ਐਨਕ ਨਾਲ ।

ਆਖ਼ਰ ਇਕ ਦਿਨ ਵਰਕਾ ਵਰਕਾ ਹੋ ਕੇ ਖਿੱਲਰ ਜਾਵੇਗੀ,
ਇਕ ਝੱਖੜ ਦੀ ਕਾਹਦੀ ਯਾਰੀ ਖਾਬਾਂ ਵਾਲੀ ਪੁਸਤਕ ਨਾਲ ।

Saturday, 24 March 2012

ਸ਼ਬਦ- ਬੇਲਗ਼ਾਮ

 

ਲਾਲ ਭੰਬੀਰੀ


ਅਸ਼ਵਨੀ ।ਤਾਏ ਦਾ ਮੁੰਡਾ । ਦੋ ਕੁ ਸਾਲ ਵੱਡਾ ਸੀ । ....
ਇਕ ਦਿਨ ਕਹਿੰਦਾ-" ਗੱਡੀ ਦੇਖਣੀ ਊ ?
ਮੈਂ ਕਹਿ ਦਿੱਤਾ-" ਹਾਂ.....
ਸਟੂਲ ਚੁੱਕਿਆ....ਬਿਜਲੀ ਦੇ ਮੀਟਰ ਤੇ ਉੱਗਲ ਰੱਖ ਕੇ ਆਖਦਾ-" ਆਹ ਦੇਖ...।"
ਮੈਂ ਤਾਂ ਪਹਿਲੀ ਵਾਰ ਲਾਲ ਭੰਬੀਰੀ  ਘੁੰਮਦੀ  ਵੇਖੀ ਸੀ । ਇਹ ਤਾਂ ਹੁਣ ਪਤਾ ਲੱਗਿਆ -ਯੁਨਿਟ ਕੀ ਹੁੰਦੇ ।
ਬਹੁਤ ਹੀ ਲੁੱਤਫ਼ ਭਰਿਆ ਸਮਾਂ ਸੀ ।
ਕੁਝ ਚਿਰ ਬਾਦ ਕਹਿੰਦਾ-" ਹੁਣ ਗੱਡੀ ਦੀ ਚੀਕ ਸੁਣਨੀ ?
ਆਖ ਦਿੱਤਾ-" ਹਾਂ । ਹਾਂ । ਹਾਂ ।
ਕਹਿੰਦਾ-"ਚੱਲ ਹੱਥ ਲਗਾ....
ਮੈਂ ਕਿਹੜਾ ਨੰਗੀ ਤਾਰ ਬਾਰੇ ਜਾਣਦਾ ਸੀ....।
ਸ਼ੁਕਰ ਹੈ...
--------------------------------------------------------
ਕੀ ਗਿਆਨ ਦੀ ਪ੍ਰਾਪਤੀ ਮਾਲਾ ਫੇਰਨ ਨਾਲ ਹੁੰਦੀ ਹੈ ?.........
------------10032012--------------------------------


ਲੱਕ



ਕੁਝ ਦਿਨਾਂ ਤੋਂ ਇਕ ਮਿੱਥ ਬਾਰੇ ਸੋਚ ਰਿਹਾ ਸੀ....ਜਦੋਂ ਸ਼੍ਰੀ ਹਨੂਮਾਨ ਜੀ ਲੰਕਾ ਦਹਿਨ ਕਰ ਰਹੇ ਸਨ ਤਾਂ ਉਹਨਾਂ ਨੂੰ ਇਕ ਜਗ੍ਹਾਂ ਉੱਤੇ ਸ਼ਨੀ ਦੇਵ ਜੀ ਉਲਟਾ ਲਟਕੇ ਮਿਲੇ.....
ਦਾਰਾ ਸਿੰਘ ਬੋਲਿਆ-" ਉਏ ਸ਼ਨੀਚਰਾ । ਤੈਨੂੰ ਕੀ ਹੋਇਆ?"
ਮਾਫ਼ ਕਰਨਾ !...ਸ਼੍ਰੀ ਹਨੂਮਾਨ ਜੀ ਦਾ ਵਿਚਾਰ ਕਰਦੇ ਦਾਰਾ ਸਿੰਘ ਕਿੱਥੋ ਪ੍ਰਗਟ ਹੋ ਗਿਆ....।
ਸ਼ਨੀਦੇਵ ਜੀ ਬੋਲੇ-" ਹਨੂਮਾਨ ਜੀ । ਮੈਨੂੰ ਰਾਵਣ ਨੇ ਉਲਟਾ ਲਟਕਾਇਆ..ਤੇ ਹੇਠਾਂ ਅੱਗ ਵੀ ਬਾਲ ਰੱਖੀ........ਮੇਰੇ ਉੱਤੇ ਮਿਹਰ ਕਰੋ....। "
ਸ਼੍ਰੀ ਹਨੂਮਾਨ ਜੀ ਨੇ ਉਹਨਾਂ ਨੂੰ ਉਤਾਰਿਆ.....।
ਸ਼ਨੀ ਦੇਵ ਜੀ  ਨੇ ਅਸੀਸ ਦਿੱਤੀ...." ਅੱਜ ਤੋਂ ਬਾਦ ਜੋ ਹਨੂਮਾਨ ਜੀ ਦਾ ਪੂਜਣ ਕਰੇਗਾ....ਸ਼ਨੀ ਦੇਵ ਉਸਨੂੰ ਕੁਝ ਨਹੀਂ ਆਖੇਗਾ....."
ਲਉ ਜੀ ।
ਸੁਸ਼ੀਲ ਰਹੇਜਾ ਹਨੂਮਾਨ ਜੀ ਨੂੰ ਖੁਸ਼ ਕਰਨ ਵਿੱਚ ਲੱਗ ਗਏ.....
ਕਲ੍ਹ ਦਾ ਲੱਕ ਬਹੁਤ ਦੁੱਖ ਰਿਹਾ....
ਕਾਮਰੇਡਾ ਦੀ ਕਿਤਾਬ ਪੜ੍ਹ ਰਿਹਾ ਸੀ.....
ਸ਼੍ਰੀ ਹਨੂਮਾਨ ਜੀ ਦਾ ਗ਼ੁਰਜ਼ ਸਹਿਣਾ ਕਿਹੜਾ ਸੌਖਾ ਕੰਮ....???......
----------------------------------------------------
ਤੁਸੀ ਕਿਸ ਬਾਰੇ ਸੋਚ ਰਹੇ ਹੋ....?.......
-------------------------------------------------------
ਹਨੂਮਾਨ  : ਸ਼ਕਤੀ, ਸ਼ਨੀਦੇਵ : ਨਿਆਂ ਅਧਿਕਾਰੀ , ਰਾਵਣ : ਹੱਠ
--------------04022012-----------------------------


ਹੈ ਕੋਈ ?..................


ਮੈਨੂੰ ਹਿਸਾਬ ਨਹੀਂ ਆਉਂਦਾ....ਰਾਜਨੀਤੀ ਵੀ......ਸਾਇੰਸ ਵੀ.......।ਇਕੱਲੀ ਆਰਟਸ ਕੀ ਕਰ ਸਕਦੀ ? ਘਰ ਚਲਾਉਣ ਲਈ.....

ਘਰ ਨੂੰ ਵੀ ਛੱਡੋ .....

ਤਿੰਨੇ ਕਿੰਨੇ ਅਹਿਮ ਵਿਸ਼ੇ ਹਨ ।

ਮੈਂ ਜੁਮੈਟਰੀ ਬੋਕਸ ਨਹਿਰ ਵਿੱਚ ਸੁੱਟ ਦਿੱਤਾ....ਕਿਸ ਕੰਮ ਦਾ ...?

ਰਾਜਨੀਤੀ ਵਿੱਚ ਲਗਨ ਨਹੀਂ ਸੀ.....।

ਕਿਸੇ ਨੇ ਪੁੱਛਿਆ-"ਭਾਰਤ ਦਾ ਰਾਸ਼ਟਰਪਤੀ ਕੌਣ ਹੈ ? "

ਮੈਂ ਹਿੱਕ ਤੇ ਹੱਥ ਧਰ ਕੇ ਬੋਲਿਆ-" ਤੇਰਾ ਭਾਈਆ'

ਦੋਸਤ ਚੰਗਾਂ ਸੀ.....

ਨਹੀਂ ਤਾਂ ----

ਸ਼ਤਰੂਘਣ ਸਿਨਹਾ ਵਰਗਾ ਮੂੰਹ ਤੇ ਕੋਈ ਨਿਸ਼ਾਨ ਹੋਣਾ ਸੀ।

ਸਾਇੰਸ ?

ਪੱਲੇ ਨਹੀਂ ਪਈ.....ਕੋਈ  ਅਧਿਆਪਕ ਹੀ ਨਹੀਂ ਮਿਲਿਆ........ਦੇਖਿਆ ਕਿੰਨੀ ਪਿਆਰੀ ਹੈ....ਡੀਫੈਂਸ ਮਕੈਨਜੀ.......

ਜੇਕਰ  ਫੇਸਬੁਕ ਤੇ ਕੋਈ ਚੱਜ ਦਾ ਸਾਇੰਸ  ਅਧਿਆਪਕ ਹੋਵੇ ਤਾਂ

ਉਸਦਾ ਪਾਣੀ ਭਰਨ ਲਈ  ਤਿਆਰ ਹਾਂ.....

ਪਾਣੀ ਭਰਨਾ ਤਾਂ ਦੂਰ ਦੀ ਗੱਲ.....

ਉਹਦੇ ਜੁੱਤਿਆ ਨੂੰ ਚੈਰੀ ਬਲੋਸਮ ਕਰਨ ਲਈ ਵੀ ਰੈਡੀ ਹਾਂ । 'ਰੈਡੀ ' ਦਾ ਹੀਰੋ ਤਾਂ ਸਲਮਾਨ ਖ਼ਾਨ ਸੀ........

------------------------------------------------------

ਇਨ ਸਰਚ ਆੱਫ਼ ਸਾਇੰਸ ਅਧਿਆਪਕ ....ਹੈ ਕੋਈ ?..................

-----------18012012-------------------------------



ਭੱਪੀ ਭੂਆ


ਕੁਝ ਦਿਨਾਂ ਤੋਂ ਮੱਥੇ ਵਿੱਚ ਭੱਪੀ ਭੂਆ ਘੁੰਮ ਰਹੀ । ....

ਮੇਰੀ ਦਾਦੀ ਉਸਨੂੰ ਚੰਗਾਂ ਨਹੀਂ ਸਮਝਦੀ ਸੀ । ਕਈ ਵਾਰ ਉਸਦੇ ਮੂੰਹੋ 'ਕੁਲਹਿਣੀ' ਸ਼ਬਦ ਵੀ ਸੁਣਿਆ ਸੀ । ਕਾਰਣ : ਉਹ ਦਾਦਾ ਜੀ ਦੇ ਚਚੇਰੇ ਭਰਾ ਦੀ ਕੁੜੀ ਸੀ ।  ....ਆਖ਼ਰ ਭਰਜਾਈ ਸੀ......ਭੱਪੀ ਦਾ ਪਿਤਾ ਬਹੁਤ ਅਮੀਰ ਸੀ ।.......ਸਾਰੇ ਘਰ ਨੂੰ ਉਹਨਾਂ ਦਿਨਾਂ ਵਿੱਚ ਪਿੱਤਲ ਦੇ ਬੂਹੇ ਲੱਗੇ ਸਨ.....

ਭੱਪੀ ਦੇ ਵਿਆਹ ਹੋਣ ਤੋਂ ਕੁਝ ਦਿਨ ਬਾਦ ਹੀ ਉਹਦੇ ਘਰ ਵਾਲੇ ਨੇ ਛੱਡ ਦਿੱਤਾ ਸੀ ।...।......

ਕੁਝ ਸਮਝ ਆਉਣ ਤੇ ਮਾਂ ਨੇ ਦੱਸਿਆ...." ਇਕ ਦਿਨ ਭੱਪੀ ਦਾ ਘਰ ਵਾਲਾ ਵਾਂਢੇ ਗਿਆ ਸੀ....ਤੇ ਉਸਦੇ ਸੁਹਰੇ ਨੇ ਉਹਦੇ ਨਾਲ ਬੁਰੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ.....। ਭੱਪੀ ਨੇ ਆਪਣੇ ਆਦਮੀ ਤੇ ਮੁੜਣ ਤੇ ਦੱਸਿਆ....।ਆਦਮੀ ਮੰਨਣ ਲਈ ਤਿਆਰ ਨਹੀਂ ਸੀ....ਗੱਲ ਵਧਦੀ ਵਧਦੀ ਵਧ ਗਈ......। ਭੱਪੀ ਘਰ ਬਹਿ ਗਈ......

ਭੱਪੀ ਦੇ ਮਾਂ ਪਿਉ ਇਸੇ ਦੁੱਖ ਵਿੱਚ ਮਰ ਗਏ । ਇਕ ਭਰਾ ਸੀ ...ਉਹ ਵੀ ਨਸ਼ੇ ਵਿੱਚ ਡੁੱਬ ਗਿਆ.....ਹਵੇਲੀ ਤੋਂ ਲੈ ਕੇ .....ਸਭ ਕੁਝ ਖ਼ਤਮ ਹੋ ਗਿਆ........

ਤਾਇਆ ਜੀ ਕਚਿਹਿਰੀ ਕੰਮ ਕਰਦੇ ਸਨ ।

ਆਖਰ ਤੀਹ ਰੁਪਏ ਮਹੀਨਾ ਖਰਚਾ ਬੱਝ ਗਿਆ । ਭੱਪੀ ਦੇ ਆਦਮੀ ਨੇ ਦੂਸਰਾ ਵਿਆਹ ਕਰਵਾ ਲਿਆ ...1955 ਤੋਂ ਪਹਿਲਾਂ ਕੋਈ ਹਿੰਦੂ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਇਕ ਤੋਂ ਜਿਆਦਾ ਵਿਆਹ ਵੀ ਕਰਵਾ ਸਕਦਾ ਸੀ ।.....



ਦੋ ਕਾਜ਼


ਵੱਡੇ ਮਾਮੀ ਜੀ ।  ਪੰਜ ਬੱਚੇ  । ਸਾਰੇ ਮੁੰਡੇ । ਸਾਰਿਆ ਨੂੰ ਸੁੰਦਰ ਕਪੜੇ ਪਾਉਣ ਦਾ ਸ਼ੌਂਕ  ।....ਹਰ ਰੋਜ਼ਂ ਕੋਈ ਨਵਾਂ ਸੂਟ ਚੁੱਕੀ ਲਿਆਂਦਾ.....। ਮਾਮੀ ਜੀ ਨੂੰ ਸਟੀਲ ਦੇ ਬਰਤਨ ਇੱਕਠੇ ਕਰਨ ਦਾ ਚਾਅ ਸੀ.....
ਇਕ ਪੰਥ ਦੋ ਕਾਜ਼ ...
ਦੋ ਕਾਜ਼....?
ਬਿਲਕੁਲ ।
ਮਾਮੀ ਜੀ ਪੁਰਾਣੇ ਕਪੜੇ ਵੇਚ ਕੇ ਸਟੀਲ ਦੇ ਬਰਤਨ ਲੈ ਲੈਂਦੇ.....।
ਕੋਈ ਵੀ ਆ ਜਾਂਦਾ ਤਾਂ ਉਹ ਸ਼ੁਰੂ ਹੋ ਜਾਂਦੇ...' ਆਹ ਜੱਗ ਬਿੱਲੂ ਦੀ ਜੈਕਟ ਬਦਲੇ ਲਿਆ...ਆਹ ਡੌਂਗਾ ਰਤਨ ਦੀਆਂ ਦੋ ਸ਼ਰਟਾ ਦੇਕੇ...ਆਹ ਪਰਾਤ ਨੀਲੇ ਦੀਆਂ ਪੰਜ ਪੈਂਟਾ ਵਟੇ...ਆਹ ਗੜਵੀਂ ਸੁਨੀਲ ਦਾ ਕੋਟ...ਆਹ ਚਮਚੇ ਡੱਬੂ ਦਾ ਕੁੜਤਾ ਪਜ਼ਾਮਾ......
 ਕਪੜੇ ਖਰੀਦਣ ਵਾਲੀ ਔਰਤ ਬਹੁਤ ਚਲਾਕ ਸੀ ।....ਸ਼ਾਇਦ ਉਹ ਮਾਮੀ ਜੀ  ਦੀ ਕਮਜੋਰੀ ਨੂੰ ਜਾਣਦੀ ਸੀ ।....ਉਹ ਆਪਣੇ ਸਿਰ  ਤੋਂ ਬਰਤਨਾਂ ਵਾਲੀ ਟੋਕਰੀ ਉਤਾਰ ਕੇ ਫ਼ਰਸ਼ ਤੇ ਬੈਠ ਜਾਂਦੀ । ਮਾਮੀ ਜੀ  ਕਪੜੇ ਲਈ ਆਉਂਦੇ...ਉਹ ਟੋਕਰੀ ਵਿੱਚੋਂ ਬਰਤਨ ਕੱਢ ਜ਼ਮੀਨ ਤੇ ਟਿਕਾਈ ਜਾਂਦੀ....
' ਅਰੇ ਬਹਿਣ । ਏਕ ਬਸਤਰ ਔਰ ਦੇ ਦੋ ਤੋਂ ਕਟੋਰੀ ਭੀ ਦੇ ਦੂੰਗੀ...' ਮਾਮੀ ਜੀ  ਕਿਸੇ ਬੱਚੇ ਦਾ ਕਪੜਾ ਲੱਭਣ ਤੁਰ ਪੈਂਦੇ ....
ਮਾਮਾ ਜੀ ਦੇ ਮੁੰਡੇ ਦਾ ਵਿਆਹ ਸੀ । ਘਰ ਜਗਮਗ ਕਰ ਰਿਹਾ ਸੀ ।....
ਜੰਝ ਚੜਣ ਲੱਗਿਆ ਡੱਬੂ ਆਪਣੇ ਕਪੜੇ ਲੱਭੇ । ਕਪੜੇ ਹੋਵਣ ਤਾਂ ਲੱਭਣ...ਉਹ ਤਾਂ  ਕਿਧਰੇ ਸੇਲ ਤੇ .....
ਮਾਮੀ ਜੀ ਸਟੀਲ ਦੀ  ਟਰੇ ਬਰਾਤੀਆਂ ਸਾਹਮਣੇ ਲਈ ਫਿਰਨ....
- ਬਦਾਮ ਖਾਉ ।
  ਇਕ ਤਾਂ ਲਉ ਨਾ...
  ਚਲੋ ਕਾਜੂ ਲੈ ਲਉ.....

-------------------------------------------------------
ਅੱਜ ਮਾਮੀ ਜੀ ਨਹੀਂ ਹਨ :(
ਪੁਰਾਣੇ ਲੋਕ ਕਿੰਨੇ ਭੋਲੇ ਸਨ । ਨਹੀਂ....?


ਲਿਖਾਂ ਵੀ ਤਾਂ ਕੀ ਲਿਖਾਂ ?..........


ਕਾਲੂ ਬਹੁਤ ਸਿਆਣਾ ਹੈ ।  । ਕਈ ਵਾਰ ਮੇਰੇ ਕਮਰੇ ਵਿੱਚ ਆ ਜਾਂਦਾ ।ਸਟਾਰ ਨਿਊਜ ਉਸਦਾ ਫੇਵਰਟ ਚੈਨਲ ਹੈ । ਬਹੁਤ ਗੌਰ ਨਾਲ ਖ਼ਬਰਾਂ ਸੁਣਦਾ ਹੈ ।  ਮੇਰੀ ਕੀ ਮਜ਼ਾਲ ਕਿ ਚੈਨਲ ਬਦਲ ਜਾਵਾਂ ।ਝੱਟ ਰਿਮੋਟ ਤੇ ਪੈਰ ਰੱਖ ਦੇਂਦਾ । ਕਲ੍ਹ ਮੁਕਤਸਰ ਦੀ ਰਿਪੋਰਟ ਚੱਲ ਰਹੀ ਸੀ  । ਸਰਪੰਚ ਕਿਸੇ ਅਧਿਆਪਕਾ ਨੂੰ ਥੱਪੜ ਮਾਰ ਰਿਹਾ ਸੀ ।....
ਮੇਲ ਜਾਨਵਰ ਕਦੇ ਫੀਮੇਲ ਜਾਨਵਰ ਉੱਤੇ ਹਮਲਾ ਨਹੀਂ ਕਰਦਾ ।.....

ਕੁਝ ਚਿਰ ਬਾਦ ਮੈਨੂੰ ਭੌਂਕਦਾ ਹੋਇਆ ਬਾਹਰ ਚਲਾ ਗਿਆ ।
"ਵੱਡਾ ਲੇਖਕ ।......"

ਮੈਂ ਕਲ੍ਹ ਤੋਂ ਬਹੁਤ ਦੁਖੀ ਹਾਂ ।
ਲਿਖਾਂ ਵੀ ਤਾਂ ਕੀ ਲਿਖਾਂ ?..........
 ਕੀ ਜਾਨਵਰ ਆਦਮੀ ਤੋਂ ਜਿਆਦਾ ਸਿਆਣਾ ਹੈ ?
 ------------  06122011----------------



ਦੀਨਾਰ


ਛੁੱਟੀਆਂ ਵਿੱਚ  ।....
ਨਾਣਕਾ ਘਰ ।
ਸਭ ਬੱਚਿਆ ਰਲ ਜਾਣਾ ...।
ਘਰ ਦੇ ਨਜ਼ਦੀਕ ' ਦੀਨਾਰ " ਥੀਏਟਰ ਸੀ । ਹਰ ਹਫ਼ਤੇ ਨਵੀਂ ਫ਼ਿਲਮ ਲੱਗਦੀ । ਮਾਮਾ ਜੀ,ਵਕੀਲ ਸਨ ।ਉਹਨਾਂ ਕੋਲ ਥੀਏਟਰ ਦੇ ਮਾਲਕ ਦਾ ਕੇਸ ਚੱਲਦਾ ਸੀ । ਬੱਚਿਆ ਨੂੰ ਪਰਚੀ ਲਿਖ ਦੇਂਦੇ ।ਜਿਸ ਬੱਚੇ ਕੋਲ ਪਰਚੀ ਹੁੰਦੀ.....ਉਹ ਆਪਣੇ ਆਪ ਨੂੰ ਨਵਾਬ ਪਟੌਦੀ ਸਮਝਦਾ ....." ਤੂੰ ਚਾਹ ਲਿਆਉਣੀ......ਤੂੰ ਪਕੌੜੇ....ਤੂੰ ਟਾੱਫ਼ੀਆ.......
ਅਸੀ ਸਿੱਧਾ ਮਨੇਜਰ ਦੇ ਕਮਰੇ ਵਿੱਚ ਜਾਂਦੇ । ਇਕ ਵਾਰ ਮਨੇਜਰ ਦੇ 'ਹਾਂ ' ਕਰਨ ਦੀ ਦੇਰ ਹੁੰਦੀ । ਕੋਈ ਬਾਲਕੌਨੀ ਦੀਆਂ ਪੌੜੀਆਂ ਵੱਲ ਭੱਜਦਾ...ਕੋਈ ਬਾਕਸ ਦਾ ਬੂਹਾ ਭੰਨਣਾ ਸ਼ੁਰੂ ਕਰ ਦੇਂਦਾ । 'ਜੌਨੀ ਮੇਰਾ ਨਾਮ ' ਫਿਲਮ ਤਾ ਸੱਤ ਵਾਰ ਵੇਖੀ ਸੀ...
'ਅਚਾਨਕ' ਨਵੀਂ ਫ਼ਿਲਮ ਸੀ ।
ਕੁਝ ਚਿਰ ਪਹਿਲਾਂ ਰੀਲੀਜ਼ ਹੋਈ ਸੀ ।...  ਵਿਨੋਦ ਖੰਨਾ ਨਾਇਕ ਸੀ....ਭਾਰਤੀ ਨਵੀਂ ਅਭੀਨੇਤਰੀ .....
ਬਹੁਤ ਰਸ਼ ।
ਹਾਊਸ ਫੁੱਲ ।
ਅਸੀ ਮਨੇਜਰ ਦੇ ਕਹਿਣ 'ਤੇ  ਉਪਰੇਟਰ ਦੇ ਕਮਰੇ ਵਿੱਚ ।... ਜਿੱਥੇ ਪ੍ਰੋਜੈਕਟਰ ਤੇ ਫ਼ਿਲਮ ਚੱਲਦੀ.........
ਪਹਿਲੀ ਰੀਲ ਚਲਾ ਕੇ ਉਪਰੇਟਰ ਕਮਰੇ ਤੋਂ ਬਾਹਰ ਬੀੜੀ ਪੀਣ ਚਲਾ ਗਿਆ.....ਉਹ  ਕਿਹੜਾ ਸਾਨੂੰ ਚੰਗੀ ਤਰ੍ਹਾਂ ਜਾਣਦਾ ਸੀ.....
ਅਸੀ ਫਿਲਮ ਦੀਆਂ ਰੀਲਾਂ ਉਲਟ ਪੁਲਟ ਕਰ ਦਿੱਤੀਆ ।
ਦੂਜੀ ਰੀਲ ਲੱਗਣ ਦੀ ਦੇਰ ਸੀ.....ਹਾਲ ਸੀਟੀਆਂ ਅਤੇ ਗਾਹਲਾਂ ਨਾਲ ਭਰ ਗਿਆ ।....ਕਦੇ ਹੀਰੋ ਮਰ ਜਾਵੇ...ਕਦੇ ਹੀਰੋਇਨ....ਕੁਝ ਚਿਰ ਬਾਦ ਉਹ ਗਾਣਾ ਗਾਉਣ ਲੱਗ ਜਾਣ.....
ਕਿਸੇ ਦਰਸ਼ਕ ਨੂੰ ਸਮਝ ਨਾ ਆਈ
"ਬਈ,ਆਹ ਕਿਹੜੀ ਫ਼ਿਲਮ ਹੋਈ......."
ਦੂਜੇ ਦਿਨ ਹੀ ਫ਼ਿਲਮ ਦੇ ਪੋਸਟਰ ਉਤਰ ਗਏ.......
ਜਦ ਮਾਮਾ ਜੀ ਨੂੰ ਪਤਾ ਲੱਗਿਆ....ਤਾਂ ਬਹੁਤ ਗੁੱਸੇ ਹੋਏ......।
ਸਾਨੂੰ ਤਾਂ ਪਰਚੀ ਦੀ ਆਦਤ ਸੀ......।
' ਕੱਚੇ ਧਾਗੇ  " ਫ਼ਿਲਮ.......। ਅਸੀ ਪਹਿਣ ਪੁਚਰ ਕੇ ਮਨੇਜਰ ਦੇ ਕਮਰੇ ਵਿੱਚ । ..ਫਿਰ ?
ਮਾਮਾ ਜੀ ਨੇ ਪਰਚੀ ਉੱਤੇ ਪ੍ਰਸ਼ਾਦ ਦੇਣ ਦੀ ਬੇਨਤੀ ਕੀਤੀ ਹੋਈ ਸੀ........
ਮਨੇਜਰ ਦਾ ਹੱਥ ਬਹੁਤ ਭਾਰਾ ਸੀ....
ਠਾਅ । ਠਾਅ । ਠਾਅ .......
ਬਹੁਤ ਮਿਊਜੀਕਲ ਅਵਾਜ਼ ਸੀ.....। ....
--------------------------------------------------------------------
ਰਾਤ ਨੂੰ ਮਾਮਾ ਜੀ ਨੇ ਪੁੱਛਿਆ-" ਕਿਹੋ ਜਿਹੀ ਲੱਗੀ  ਫ਼ਿਲਮ...???.....
ਇਕ ਜਣਾ ਬੋਲਿਆ-" ਬਹੁਤ ਡਰਾਉਣੀ .......

-----------------------04122011--------------------------------------------
ਕਿਸੇ ਨੇ ਮਿਕਸਿੰਗ ਤਾਂ ਨਹੀਂ ਕਰਵਾਉਣੀ ???.....


ਫੇਬੁ


ਮੈਂ ਕੁਝ ਦੋਸਤਾਂ ਤੋਂ  ਦੁਖੀ ਹਾਂ....
ਰਾਤ ਡੇਢ ਵਜੇ ਕਾਲ ਕਰ ਦੇਣਗੇ.....।

" ਯਾਰ ਉੱਠ । ਫਲਾਣੇ ਬੰਦੇ ਨੇ ਆਹ ਗੱਲ ਕਹਿ ਤੀ......."
" ਫਿਰ...."
"ਬਸ ਬੱਕਰੇ ਬੁਲਾ ਦੇ...."
" ਮੈਂ ਕਿਹੜਾ ਬਦਮਾਸ਼ ਹਾਂ.....
"ਵਕੀਲ ਤਾਂ ਏ...."
......
ਕੁਝ ਚਿਰ ਬਾਦ ਪਤਾ ਲੱਗਦਾ...
ਬਸ ਆਪਣੇ ਆਪ ਨੂੰ ਸਿਆਣਾ ਸ਼ੋਅ ਕਰਨ  ਦੀ ਜਿੱਦ ਹੈ ।........

"ਕੋਈ ਨਾ । ਸਵੇਰੇ ਦੇਖ ਲਵਾਂਗੇ । "
"ਨਾ ਤੇਰੇ ਕੋਈ ਡਾਂਗ ਮਾਰ ਦਊ ?"

------------------------------------------------------
ਸੇਲ :ਸੈਕਂਡ ਹੈਂਡ ਕੰਮਪਿਊਟਰ :  ਤੰਦਰੁਸਤ ਹਾਲਤ : ਵਾਜਿਬ ਕੀਮਤ ....
ਮੁਬਾਇਲ ਮੁਫ਼ਤ .....
--------------------30112011-----------------------

ਪਿਆਸ
........


ਮਿੱਥ :
ਇਕ ਵਾਰ ਇਕ ਕਾਂ ਸੀ । ਉਸਨੂੰ ਬਹੁਤ ਪਿਆਸ ਲੱਗੀ ਸੀ  । ਅਚਾਨਕ ਉਸਨੇ ਇਕ ਘੜਾ ਦੇਖਿਆ । ਘੜੇ ਵਿੱਚ ਪਾਣੀ ਸੀ...........

ਸੱਚ :
ਇਕ ਵਾਰ ਇਕ ਕਾਂ ਸੀ । ਉਸਨੂੰ ਬਹੁਤ ਪਿਆਸ ਲੱਗੀ ਸੀ । ਅਚਾਨਕ ਉਸਨੇ ਇਕ ਘੜਾ ਦੇਖਿਆ । ਘੜਾ ਖਾਲੀ ਸੀ । ...........

*
ਪਤਾ ਨਹੀਂ ਕਦੋਂ ਮੀਂਹ ਪਵੇਗਾ ? .........
------------29112011-----------------


ਨਵਾਂ ਸਾਇਲ....


ਸਾਡੇ ਸ਼ਹਿਰ ਇਕ ਦੰਦਾਂ ਦਾ ਡਾਕਟਰ ਹੈ । ਖੱਬੀ ਦਾੜ੍ਹ ਦੀ ਜਗ੍ਹਾਂ ਸੱਜੀ ਪੁੱਟ ਕੇ ਹੱਥ ਫੜਾ ਦੇਂਦਾ । ਉਸ ਕੋਲ ਅਕਸਰ ਪਿੰਡਾਂ ਦੇ ਲੋਕ ਹੀ ਜਾਂਦੇ ਹਨ ।ਡਾਕਟਰ ਦਾ ਪਿੰਡਾਂ ਵਿੱਚ ਨਾਮ ...ਸ਼ਹਿਰ ਵਾਲਿਆ ਨੂੰ ਤਾਂ ਪਤਾ ਹੀ ਹੈ.....। ਕਿਸੇ ਕੋਲ ਸਾਇਨ ਬੋਰਡ ਉੱਤੇ ਲਿਖੀ ਡਿਗਰੀ ਹੀ ਨਹੀਂ ਪੜ੍ਹੀ ਜਾਂਦੀ ।ਕਾਰਣ -ਸਾਇਨ ਬੋਰਡ ਬਹੁਤ ਉੱਚਾ ਟੰਗਿਆ...ਡਿਗਰੀ ਬਹੁਤ ਹੀ ਨਿੱਕੇ ਸ਼ਬਦਾਂ ਵਿੱਚ ਲਿਖੀ ਹੋਈ.........ਕੁਝ ਦਿਨ ਪਹਿਲਾਂ ਸੁਣਿਆ.....ਉਸਦਾ ਮੁੰਡਾ ਵੀ  ਦੰਦਾਂ ਦਾ ਡਾਕਟਰ ਬਣ ਗਿਆ.....। ਕਹਿੰਦੇ-ਉਹ ਬੀ .ਡੀ .ਐਸ ਹੈ.....।ਕੱਲ੍ਹ  ਮੇਰੇ ਕੋਲ ਇਕ ਸਾਇਲ ਆ ਗਿਆ....ਮੂੰਹ ਤੇ ਰੂਮਾਲ ਰੱਖਿਆ....ਰੂਮਾਲ  ਦਾ ਕਿਨਾਰਾ ਲਹੂ ਨਾਲ ਭਿੱਜਿਆ....." ਵਕੀਲ ਸਾਹਿਬ । ਭੱਲੇ ਨੇ ਗਲਤ ਦਾੜ੍ਹ ਕੱਢ ਤੀ.....ਕੇਸ ਕਰਨਾ...."
ਮੈਂ ਕਾਗਜ਼ ਅਤੇ ਪੈੱਨ ਪਕੜ ਲਿਆ-" ਨਾਮ ? ਪਿਤਾ ਦਾ ਨਾਮ ? ਦਾਦੇ ਦਾ ਨਾਮ ? ਉਮਰ  ? ਪਿੰਡ ?.......।"
ਉਹ ਪਿੰਡ ਦਾ ਨਾਮ ਸੁਣਕੇ ਖਿੱਝ ਗਿਆ । " ਨਾ ਮੈਂ ਤੁਹਾਨੂੰ ਪੇਂਡੂ ਦਿਖਦਾ ਹਾਂ ।"
ਕੀ ਕਹਿੰਦਾ..." ਨਹੀਂ । ਮੇਰਾ ਮਤਲਬ ...ਪਤਾ ? ......"
ਉਹ ਸ਼ਾਂਤ ਹੋ ਕੇ ਬੋਲਿਆ-" ਲਿਖੋ । ਮਾਡਲ ਟਾਊਨ ।......."
ਮੈਂ ਥੋੜ੍ਹਾ ਜਿਹਾ ਪ੍ਰੋਫੈਸ਼ਨਲ ਹੋ ਕੇ ਹਮਦਰਦੀ ਜਤਾਈ -"  ਡਾਕਟਰ ਦਾ ਮੁੰਡਾ ਬਹੁਤ ਸਿਆਣਾ...ਜੇ ਦਾੜ੍ਹ ਕਢਵਾਉਣੀ ਸੀ ਤਾਂ ਉਸ ਕੋਲ ਚਲੇ ਜਾਣਾ ਸੀ । "
ਉਹ ਆਪਣੇ ਰੂਮਾਲ ਦੀ ਤਹਿ ਬਦਲ ਕੇ ਬੋਲਿਆ-"ਆਹ ਡਾਕਟਰ ਦੇ ਮੁੰਡੇ ਦਾ ਹੀ ਕੰਮ......
-----------------------------------------------------
ਕਿਸੇ ਦੀ ਦਾੜ੍ਹ ਤਾਂ ਨਹੀਂ ਦੁੱਖ ਰਹੀ....???
---------------20112011--------------------------


ਵਗਦੇ ਪਾਣੀ


ਕੁਝ ਦੋਸਤ । ਕਾਲੱਜ ਦੇ ਦਿਨ ।ਰੀਟਰੀਟ ਪਰੇਡ। ਸ਼ਹਿਰ ਤੋਂ ਪੈਦਲ ਯਾਤਰਾ । ਅਲੀਕੇ ਤੋਂ ਕੱਚਾ ਬੰਨ । ਪੱਕੇ ਬੰਨ ਤਕ ਪੁੱਜਦੇ ਥੱਕ ਗਏ ।ਸਤਲੁਜ ਦਰਿਆ ।ਕੁਝ ਪਿੰਡ ਦੇ ਮੁੰਡੇ ਪਾਣੀ ਵਿੱਚ ਕੁੰਢੀਆਂ ਸੁੱਟ ਕੇ ਬੈਠੇ ਸਨ ।ਅਸੀ ਵੀ ਸਾਹ ਲੈਣ ਲਈ ਉਹਨਾਂ ਕੋਲ ਪੱਥਰਾਂ ਤੇ ਬੈਠ ਗਏ । ਕੁਝ ਚਿਰ ਬਾਦ ਸਭ ਦੇ ਸਭ ਹੈਰਾਨ ਰਹਿ ਗਏ ।ਪਾਣੀ ਅੰਦਰ ਪੰਜ ਸੱਤ ਲਾਸ਼ਾ ....ਕੋਈ ਅਕਾਸ਼ ਵੱਲ ਮੂੰਹ ਕਰ ਕੇ ਸੋਚ ਰਹੀ....ਕੋਈ ਉਲਟੀ ਲੇਟ ਕੇ ਕਵਿਤਾ ਲਿਖ ਰਹੀ.....ਕੋਈ ਨਾਚ ਮੁਦਰਾ ਵਿੱਚ.....। ਸਭ ਦੇ ਸਾਹ ਉੱਤੇ ਦੇ ਉੱਤੇ । ਕਮਲ ਉੱਠ ਕੇ ਦੂਰ ਚਲਾ ਗਿਆ ।ਉਸਦੇ ਪਿੱਛੇ ਸੁਰਿੰਦਰ....ਉਸਦੇ ਪਿੱਛੇ ਮਾਹੀਪਾਲ....
 ਜਿਗਰਾ ਕੀਤਾ
" ਤੁਹਾਨੂੰ ਲਾਸ਼ਾਂ ਕੋਲੋ ਡਰ ਨਹੀਂ ਲੱਗਦਾ....."
 ਇਕ ਜਣੇ ਨੇ ਬਹੁਤ ਸ਼ਾਂਤ ਸੁਭਾਅ ਨਾਲ ਜਵਾਬ ਦਿੱਤਾ
-" ਨਹੀਂ । ਮੱਛੀਆਂ ਲਾਸ਼ਾਂ ਨੂੰ ਖਾਣ ਆਉਂਦੀਆ ...ਅਸੀ ਮੱਛੀਆਂ ਨੂੰ ਪਕੜ ਕੇ ਖਾਂਦੇ ਹਾਂ....ਹਿਸਾਬ ਬਰਾਬਰ.....।....
ਹੋਰ ਹਿੰਮਤ ਜਿਹੀ ਨਾਲ ਪੁੱਛਿਆ --
"ਪਰ  ਇਹ ਲਾਸ਼ਾ ?"
ਉਹ ਹੋਰ ਵੀ ਸਹਿਜ ਹੋ ਕੇ ਦੱਸਣ ਲੱਗਿਆ-
" ਲਾਗਲੇ ਪਿੰਡਾਂ ਵਿੱਚ ਜਲ ਸਮਾਧੀ ਦਿੱਤੀ ਜਾਂਦੀ । "
"-ਪਰ ਕਿਨਾਰੇ ਤੇ ਲਾਸ਼ਾਂ?"
-ਸਭ ਨੂੰ ਪੱਥਰ ਬੰਨ ਕੇ ਦਰਿਆ ਵਿੱਚ ਪ੍ਰਵਾਹ ਕੀਤਾ ਜਾਂਦਾ....ਪਰ ਬਹੁਤ ਸਾਰੀਆ ਲਾਸ਼ਾਂ ਦੇ ਪੱਥਰ ਖੁੱਲ ਜਾਂਦੇ....ਤੇ ਲਾਸ਼ਾਂ ਕਿਨਾਰੇ ਤੇ ਲੱਗ ਜਾਂਦੀਆ ।"
...ਬੰਨ ਵੱਲ ਤੁਰੇ ਜਾਂਦੇ ਸਭ ਦੋਸਤ  ....ਮੈਨੂੰ ਹਾਕਾ ਮਾਰ ਰਹੇ ਸਨ...
" ਆ ਜਾ ਹੁਣ....ਝੰਡਾ ਉਤਰਨ ਦਾ ਟਾਇਮ ਹੋ ਗਿਆ....।"
ਉਹਨਾਂ ਦਾ ਇਸ਼ਾਰਾ ਬਾਰਡਰ ਤੇ ਹੋਣ ਵਾਲੀ ਰੀਟਰੀਟ ਪਰੇਡ ਵੱਲ ਸੀ ।.......
ਸਾਲਾਂ ਦੇ ਸਾਲ ਗੁਜ਼ਰ ਗਏ....।ਪਰ ....
---------------------------------------------------------------------------
ਮਾਸਾ ਹਾਰੀਆ ਤੋਂ ਖ਼ਿਮਾ ਸਹਿਤ ।........
----------------------17112011-----------------------------------------



ਸ਼ਾਕਸ਼ਾਤ ਦਰਸ਼ਨ


ਮੰਦਰ ਦੇ ਪੰਡਿਤ ਜੀ ਉਲਾਂਭਾ ਲੈ ਕੇ ਆਏ ਸਨ ।....ਪਤਨੀ ਨੂੰ ਚਾਹ ਬਣਾਉਨ ਲਈ ਕਿਹਾ ਤਾਂ ਪੰਡਿਤ ਜੀ ਬੋਲ ਪਏ -" ਹਮ ਚਾਏ ਨਹੀਂ ਪੀਤੇ..." ਪਤਨੀ ਨੂੰ ਦੁਬਾਰਾ ਬੇਨਤੀ ਕੀਤੀ-" ਚਾਹ ਨਹੀਂ...ਦੁੱਧ ਗਰਮ ਕਰ ਦੇਣਾ.....।" ਗੱਲ ਜਿਆਦਾ ਵੱਡੀ ਨਹੀਂ ।ਵੱਡੇ ਭਰਾ ਨੇ ਮੰਦਰ ਦਾ ਸਪੀਕਰ ਭੰਨ ਦਿੱਤਾ ਸੀ । ......ਮੈਂ ਹੱਥ ਜੋੜਾਂ ਪਰ ਪੰਡਿਤ ਜੀ ਸੋਫ਼ੇ ਤੋਂ ਉੱਛਲ ਉੱਛਲ ਜਾਣ-" ਇਤਨਾ ਬੜਾ ਵਕੀਲ ਹੈ...ਉਸੇ ਸ਼ਰਮ ਆਣੀ ਚਾਹੀਏ....ਅਧਰਮੀ....ਸੁਬਹ ਸ਼ੰਕਰ ਕੋ ਜਲ ਦੇਤਾ ਹੈ....ਸ਼ਾਮ ਕੋ......। " ਮੈਂ ਪੰਡਿਤ ਜੀ ਨੂੰ ਸ਼ਾਤ ਕਰਨ ਲਈ ਭਰਾ ਦਾ ਨੰਬਰ ਲਗਾ ਦਿੱਤਾ...ਉਹ ਨਾਲ ਦੀ ਗਲੀ ਵਿੱਚ ਰਹਿੰਦੇ...ਵਕਾਲਤ ਦਾ ਕੰਮ ਹੈ....। ..." ਭਾਅ ਜੀ ਪੰਡਿਤ ਜੀ ਨਾਲ ਕੀਹ ਗੱਲ ਹੋ ਗਈ....?" -" ਕਈ ਦਿਨਾਂ ਤੋਂ ਕਹਿ ਰਿਹਾ ਸੀ...ਪੰਡਿਤ ਜੀ ਸਪੀਕਰ ਦਾ ਮੂੰਹ ਦੂਜੇ ਪਾਸੇ ਕਰ ਲਉ...ਬੱਚੇ ਦੇ ਇਗਜ਼ਾਮ ....ਮੈਂ ਵੀ ਕੇਸ ਤਿਆਰ ਕਰਨੇ ਹੁੰਦੇ.....। " ਮੈਂ ਹੋਰ ਗੱਲ ਸੁਣਨ ਤੋਂ ਪਹਿਲਾ ਆਖ ਦਿੱਤਾ-" ਤੁਸੀ ਇਧਰ ਆ ਜਾਉ । ਪੰਡਿਤ ਜੀ ਬਹੁਤ ਦੁਖੀ ਨੇ......" ਮੈਂ ਆਪਣੇ ਵੱਲੋਂ ਬਹੁਤ ਸਿਆਣਪ ਤੋਂ ਕੰਮ ਲਿਆ । ਸਿਆਣਪ ਕਾਹਦੀ... ....." ਪੰਡਤ ਤੇਰੇ ਕੋਲ ਪਹੁੰਚ ਗਿਆ..... ਜਾਣ ਨਾ ਦੇਈ......ਕਿੱਲਾਂ ਵਾਲਾ ਸਲੀਪਰ ਲੱਭ ਲਵਾਂ......."
ਮੈਂ ਤਾਂ ਮਿਲਖ਼ਾ ਸਿੰਘ ਦੀ ਤਸਵੀਰ ਦੇਖਦਾ ਸੀ....ਸ਼ਾਕਸ਼ਾਤ ਦਰਸ਼ਨ......ਪਤਨੀ ਨੇ ਪਿੱਛੋ ਅਵਾਜ਼ ਦਿੱਤੀ ।." ਪੰਡਿਤ ਜੀ । ਦੁੱਧ ਪੀ ਕੇ ਜਾਣਾ...." ਕਹਿੰਦਾ-" ਜੇਠ ਕੋ ਪਿਲਾ ਦੇਣਾ......
-----------------------------------------------------------------------------------------------
ਤਾਰਿਆਂ ਦਾ ਆਪਣਾ ਸੁਭਾਅ ਹੈ । ਨਹੀਂ......???..............
---------------------------------11112011--------------------------------------------------------------



ਗਰੰਟੀ


ਕੁਝ ਦਿਨਾਂ ਤੋਂ ਕੁੱਤੇ ਦੀ ਪੂਛਲ ਸਿੱਧੀ ਕਰਨ ਦਾ ਯਤਨ ਕਰ ਰਿਹਾ ਸੀ.....ਕਿੰਨਾਂ ਪਿਆਰਾ ਜਾਨਵਰ ਹੈ.....। ਪਤਾ ਨਹੀਂ ਕਿੱਧਰੋ ਖ਼ਿਆਲ ਆ ਗਿਆ ਜੇਕਰ ਕੁੱਤੇ ਦੀ ਪੂਛਲ ਸਿੱਧੀ ਹੋ ਗਈ ਤਾਂ ਪੂਰੀ ਪਰਸਨੈਲਟੀ ਬਣ ਜਾਵੇਗੀ... ! ਦੋਸਤ ਨੂੰ ਨੰਬਰ ਘੁਮਾਇਆ । ਕਹਿੰਦਾ -"ਆ ਗਿਆ ਬਾਈ ।" ਹੱਥ ਵਿਚ ਨਲਕੀ । ਕਹਿੰਦਾ-" ਪਹਿਲਾਂ ਦੱਸ ਦੇਣਾ ਸੀ ।" ....ਪ੍ਰਯੋਗ ਸ਼ੁਰੂ ਹੋ ਗਿਆ । ਸੁਣਿਆ ਸੀ....ਕੁੱਤੇ ਦੀ ਪੂਛਲ ਸਿੱਧੀ ਨਹੀਂ ਹੋ ਸਕਦੀ । ......ਸਹੀ ਸੁਣਿਆ ਸੀ ।ਸਵੇਰ ਤੋਂ ਸਾਮ ਹੋ ਗਈ ।ਆਖ਼ਰ ਦੋਸਤ ਨੇ ਹੱਥ ਵਿੱਚ ਟੇਢੀ ਨਲਕੀ ਫੜਾ ਕੇ ਪੋਲਾ ਜਿਹਾ ਮੂੰਹ ਬਣਾ ਲਿਆ-" ਸੌਰੀ । ......."। ਬੜਾ ਤਾਪ ਚੜ੍ਹਿਆ -" ਸ਼ਿਮਲੇ ਦਾ ਬਾਂਦਰ......"......ਕੁਝ ਦੋਸਤ ਤਾਂ  ਨਿਮਰਤਾ ਦੀ ਪਰਿਭਾਸ਼ਾ ਹੁੰਦੇ । ਕਹਿੰਦਾ-" ਸਰ ਜੀ । ਇਕ ਹੱਲ ਹੈ । ਸੋ ਪ੍ਰਤੀਸ਼ਤ ਗਰੰਟੀ "  ਬੋਲਿਆ- " ਜਲਦੀ ਦੱਸ ....." ਕਹਿੰਦਾ- " ਤੁਹਾਡੇ ਕੋਲ ਕੈਂਚੀ ਹੈ ? ਆਪਾ ਸਾਰਾ ਟੰਟਾ ਹੀ ਖ਼ਤਮ ਕਰ ਦੇਂਦੇ ਹਾਂ......."
-------------------------------------------------------
ਰਾਮ । ਰਾਮ । ਰਾਮ ।........
---------------------31102011----------------------------------



- ਜ਼ੀਰੋ


ਮੇਰਾ ਇਕ ਦੋਸਤ ਸੀ.....ਕੁਆਟਰ ਪੀਣ ਤੋਂ ਬਾਦ ਆਖਦਾ....." ਮੇਰੇ ਲਈ ਪੰਜਾਬ ਦਾ ਮੁੱਖ ਮੰਤਰੀ ਵੀ ਜ਼ੀਰੋ ਏ । " ਮੈਂ ਦੁਖੀ ਹੋ ਕੇ ਉਸ ਵੱਲ ਦੇਖਦਾ ਰਹਿੰਦਾ ।ਕੁਝ ਚਿਰ ਬਾਦ ਆਖਣਾ-" ਹੁਣ ਤਾਂ ਹਾਫ ਹੋ ਗਿਆ .।ਚੱਲ ਚੱਲੀਏ...। " ਤਾਂ ਉਸਦਾ ਸੁਭਾਅ ਤਲਖ਼ ਹੋ ਜਾਂਦਾ-" ਮੇਰੇ ਲਈ ਪੰਜਾਬ ਦਾ ਮੁੱਖ ਮੰਤਰੀ ਵੀ ....." ਮੈਂ ਖਾਲੀ ਸਥਾਨ ਭਰਨ ਲਈ ਤਿਆਰ ਹੁੰਦਾ-" ਜ਼ੀਰੋ ਏ......" ਉਹ ਉਸੇ ਵੇਲੇ ਟੋਕ ਦੇਂਦਾ- "ਜ਼ੀਰੋ ਨਹੀਂ । ਮਾਈਨਸ ਜ਼ੀਰੋ.....।" ਹੁਣ ਹਰੀਸ਼ ਗਰੋਵਰ ਨਹੀਂ ਮਿਲਦਾ....ਸੁਣਿਆ ਉਸ ਨੇ ਪੀਣੀ  ਛੱਡ ਦਿੱਤੀ........

-------------------------------------------------------------
ਅੱਜ ਮੈਨੂੰ ਭਾਰਤ ਦਾ ਪ੍ਰਧਾਨ ਮੰਤਰੀ ਜ਼ੀਰੋ ਲੱਗ ਰਿਹਾ ? ਜ਼ੀਰੋ ਨਹੀਂ...ਮਾਈਨਸ ਜ਼ੀਰੋ.....।ਮੈਂ ਸ਼ਰਾਬ ਵੀ ਨਹੀਂ ਪੀਂਦਾ...ਕੋਈ ਦੱਸ ਸਕਦਾ...ਕਿਉਂ.....???........
------------------22102011-------------------------------



ਕਠਿਨ ਰਸਤਾ


ਜਵਾਨੀ ਚੜ੍ਹੀ .... ..। ਮੰਦਰ  ਗਿਆ....ਮੂਰਤ ਦੇ ਸਾਹਮਣੇ ਹੱਥ ਜੌੜ ਕੇ  ਖੜ੍ਹ ਗਿਆ । ਅਰਜ਼ ਕੀਤੀ ....." ਹੇ ਈਸ਼ਵਰ । ਮੈ ਇਸ ਜਨਮ ਮੁਹੱਬਤ ਕਰਨਾ ਚਾਹੁੰਦਾ ਹਾਂ....ਜੇ ਤੁਸੀ ਆਗਿਆ ਦੇਵੋ ਤਾਂ ਆਪ ਜੀ ਨੂੰ ਅਗਲੇ ਜਨਮ ਧਿਆ ਲਵਾਂਗਾ......."
ਮੂਰਤ ਮੁਸਕਰਾ ਪਈ..........ਕੋਈ ਨਾ, ਤਥਾ ਅਸਤੂ.......। ....."
ਹੁਣ ਦਿਲ ਕਰਦਾ.....ਦੁਬਾਰਾ ਮੰਦਰ ਜਾਵਾਂ...." ਹੇ ਪ੍ਰਮਾਤਮਾ । ਮੁਹੱਬਤ ਦਾ ਰਸਤਾ  ਬਹੁਤ ਕਠਿਨ ਹੈ । ਤੁਸੀ ਇਜ਼ਾਜ਼ਤ ਦਿਉ ਤਾਂ ਆਪਜੀ ਦੀ ਧੂਪ ਬੱਤੀ ਕਰ ਦਿਆ ਕਰਾਂ ?.....।

ਪਰ ਮੈਨੂੰ ਪਤਾ...ਕੀ ਹੋਵੇਗਾ......?
ਕੋਈ ਤੀਸਰਾ ਨੇਤਰ ਖੋਲ੍ਹ ਕੇ ਬੋਲੇਗਾ-" ਦੁਸ਼ਟ ਆਤਮਾ.....

-------------------------04092011---------------------------------------------------


ਅਯੁਰਵੈਦਿਕ ਕੋਫ਼ੀ


ਕਿਸੇ ਨੇ ਕੋਫ਼ੀ ਰੱਖੀ । ਕਹਿੰਦਾ-" ਅਯੁਰਵੈਦਿਕ  ਹੈ।.....ਕੋੜੀ...???  " .......ਕੱਪ ਚੁੱਕਿਆ......ਘੁੱਟ ਭਰਿਆ......ਕਹਿੰਦਾ-" ਬੁਰਾ ਤਾਂ ਨਹੀਂ ਲੱਗ ਰਿਹਾ ? .....ਮੈਂ  ਆਮ ਆਦਮੀ ਤੋਂ ਵੱਖਰਾ ਤਾਂ ਨਹੀਂ......" ਹਾਂ । " .....ਕਹਿੰਦਾ-" ਕਿਉਂ ?" ....ਮਨ ਦੀ ਗੱਲ ਹੋਠਾਂ ਤੇ ਆ ਗਈ...." ......ਮੈਨੂੰ ਕੋੜੀਆ ਚੀਜ਼ਾ ਪਸੰਦ ਨੇ....ਪਰ  ਮੇਰੀ  ਇਕ  ਸ਼ਰਤ  ਹੁੰਦੀ.......ਉਹ ਮੁਹੱਬਤ ਤੋਂ ਵੀ ਜਿਆਦਾ ਕੋੜੀਆ ਹੋਣ......ਥੁੱਕਣ ਲੱਗਿਆ ਵੀ ਹਜ਼ਾਰ ਵਾਰ ਸੋਚਾਂ......."..........ਦੋਸਤ ਨੇ ਹੱਥ ਵਿੱਚੋਂ ਕੱਪ ਫੜ ਲਿਆ ......

------------------------------------------------
ONCE IN A BLUE MOON : ਕਦੇ ਕਦੇ ।
----------01092011------------------------



ਕੈਫ਼ੀ ਵੀ ਕਵਿਤਾ ਲਿਖਣ ਲੱਗਿਆ.......


ਮੈਂ ਬਹੁਤ ਖੁਸ਼ ਹਾਂ....ਕੈਫ਼ੀ ਵੀ ਕਵਿਤਾ ਲਿਖਣ ਲੱਗਿਆ.......। ਗਲੀ ਦਾ ਕੁੱਤਾ । ਪਾਣੀ ਦਾ ਫੋਬੀਆ ।...ਜਦ ਵੀ ਪਾਣੀ ਦੀ ਬੁੱਕ ਭਰਨੀ......ਇੰਦਗੋ ਤੋਂ ਵੀ ਜਿਆਦਾ ਸਪੀਡ ਚੁੱਕਦਾ......ਕੁਝ ਦਿਨ ਪਹਿਲਾ ਸਾਡੇ ਕਾਬੂ ਆ ਗਿਆ.....ਮੁੰਡੇ ਨੇ ਡੀਟੋਲ ਚੁੱਕਿਆ....ਤੇ ਮੁੰਡੇ ਦੇ ਬਾਪੂ ਨੇ ਪਾਣੀ ਦੀ ਪਾਇਪ.....ਡੇਢ ਘੰਟਾ ਲੱਗ ਗਿਆ.......। .....ਹੁਣ ਰੋਜ਼ ਬੂਹੇ ਕੋਲ ਖੜ੍ਹ ਜਾਂਦਾ......" ਕੈਫ਼ੀ । ਕਾਲੂ ਆਇਆ ?".. ਬੇਟਾ ਕਹਿੰਦਾ-" ਪਾਪਾ ।  ਪਾਇਪ ਚੁੱਕੋ......"
-------------------------------------------------
ਕਾਸ਼ ਫੇਸਬੁਕ ਤੇ ਕੋਈ ਜਾਨਵਰਾ ਦਾ ਡਾਕਟਰ ਹੁੰਦਾ
------------------------29082011-------------



ਤੀਰ


....ਕੁਝ ਦਿਨ ਰਾਮ ਲੀਲ੍ਹਾ ਚੱਲਦੀ....ਉਸਤੋਂ ਬਾਦ ਦੁਸ਼ਹਿਰੇ ਦਾ ਅਯੋਜਨ ਹੁੰਦਾ....। ਦੂਰ ਤਕ ਭੀੜ ਹੀ ਭੀੜ  । ਝਾਂਕੀਆ ਕੱਢੀਆ ਜਾਂਦੀਆ....ਰਾਵਣ ,ਕੁੰਭਕਰਨ,ਮੇਘਨਾਥ ਦੇ ਪੁਤਲੇ ਅੱਗ ਲਗਾਉਣ ਲਈ ਗਰਾਉਂਡ ਵਿੱਚ ਗੱਡ ਦਿੱਤੇ ਜਾਂਦੇ ।ਲਲਾਰੀ ਦੀ ਪੌਂ ਬਾਰਾ ਹੋ ਜਾਂਦੀ । ਕੁਝ ਬੱਚੇ ਪੀਲੇ ਰੰਗ ਦੇ ਵਸਤਰ ਪਾਕੇ....ਰਾਮ,ਲਕਸ਼ਮਣ ਅਤੇ ਸੀਤਾ ਪਿੱਛੇ ਤੁਰਦੇ । ਰਾਮ ਦੀ ਸੈਨਾ ਵਿੱਚ ਦੋ ਢਾਈ ਸੋ ਮੁੰਡੇ ਹੁੰਦੇ । ਰਾਵਣ ਦੀ ਸੈਨਾ ਵਿੱਚ ਅਸੀ ਤਾਏ ਚਾਚਿਆ ਦੇ ਸੱਤ ਅੱਠ ਜਣੇ......ਅਸੀ ਸਾਰੇ ਬੱਚੇ ਕਾਲੇ ਰੰਗ ਦੇ ਕਪੜੇ ਪਾਕੇ....ਰਾਵਣ,ਕੁੰਭਕਰਨ,ਮੇਘਰਾਜ  ਦੇ ਪਿੱਛੇ ਭੱਜਦੇ । ਪੁਤਲਿਆ ਦੇ ਆਲੇ ਦੁਆਲੇ ਚੱਕਰ ਲਗਾਉਂਦੇ ਤੀਰ ਛੱਡੇ ਜਾਂਦੇ । ।ਕੋਈ ਨਾ ਕੋਈ ਭੀੜ ਵਿੱਚੋ ਆਖ ਦੇਂਦਾ....." ਰੇਜ੍ਹਿਆ ਦੇ ਮੁੰਡੇ ਤਾਂ ਤੀਰਾਂ ਤੇ ਮੇਖਾ ਜੜੀ ਫਿਰਦੇ......। ਰਾਮ ਦੀ ਸੈਨਾ ਸਾਡੇ ਨਜ਼ਦੀਕ ਨਾ ਆਉਂਦੀ..... ਸਾਡੀ ਸਭ ਤੋਂ ਵੱਡੀ ਖਾਸਿਅਤ ਸੀ......ਰਾਵਣ ,ਕੁੰਭਕਰਨ,ਮੇਘਰਾਜ ਵੀ ਮਰ ਜਾਂਦੇ...........ਪਰ ਮਜ਼ਾਲ ਕੀ ਕੋਈ ਸਾਨੂੰ ਮਾਰ ਸਕਦਾ......। ....ਕੁਝ ਕੁ ਸਾਲਾ ਬਾਦ ਸਾਡੇ ਤੇ ਬੈਨ ਲਗ ਗਿਆ । ਰਾਮ ਲੀਲ੍ਹਾ ਕਲੱਬ  ਦਾ ਪ੍ਰਧਾਨ ਕਹਿੰਦਾ -" ...ਜੇ ਕਾਲੇ ਰੰਗ ਦੇ ਕਪੜੇ ਪਾਉਣੇ ਤਾਂ ਤੁਹਾਨੂੰ ਮਰਨ ਦੀ ਐਕਟਿੰਗ ਕਰਨੀ ਪਵੇਗੀ......।  ਸਾਡੀ ਜਿੱਦ ਸੀ....." ....ਅਸੀ ਕਪੜੇ ਵੀ ਕਾਲੇ ਪਾਉਣੇ ਪਰ  ਅਸੀ ਮਰਨ ਦਾ ਢੌਂਗ ਵੀ ਨਹੀਂ ਕਰਨਾ...."...ਫਿਰ....????  ਸਵਾਹ ਤੇ ਮਿੱਟੀ.........
--------------------------------------------------------------------------------------------------
 ਇਕ ਦਿਨ ਮੇਰਾ ਬੇਟਾ ਕਹਿੰਦਾ-" ਪਾਪਾ । ਮੈਂ ਦੁਸ਼ਹਿਰੇ ਵਾਲੇ ਦਿਨ ਰਾਮ ਦੀ ਸੈਨਾ ਵਿੱਚ ਸ਼ਾਮਿਲ ਹੋ ਜਾਵਾਂ ?.........
----------------------------------20082011----------------------------------------------------



Sunday, 25 December 2011

ਸਮਾਂ /समय/ Time/وقت

 

ਮੈਂ
ਅਜੇ ਜੀਣਾ
ਸਿੱਖਿਆ ਹਾਂ
ਮਰਨ ਵਿੱਚ
ਕੁਝ ਸਮਾਂ
ਤਾਂ ਲੱਗੇਗਾ 

मैं ने
अभी जीना
सीखा है
मरने में
कुछ समय
तो लगेगा

 I
Just live
Have learned
In death
Some time
So will


میں نے
ابھی جینا
سیکھا ہے
مرنے میں
کچھ وقت 
 
تو لگے گا

Thursday, 1 September 2011

ਆਖ਼ਰੀ ਸੱਚ





ਮੈਨੂੰ 

ਮੁਹੱਬਤ ਨਾ ਕਰੀ....



ਮੈਂ
ਬਹੁਤ ' ਮੂਡੀ ' ਹਾਂ..........

Sunday, 17 July 2011

ਤਰਲ - ਤੱਤ




ਮੈਂ ਅਕਸਰ ਆਖ ਦੇਂਦਾ ਹਾਂ...".ਆਈ ਕੈਨ ਡੂ ਇਟ.....।" ਜਦ 'ਬਲੈਕ' ਫ਼ਿਲਮ ਦੇਖੀ ਤਾਂ ਦੰਗ ਰਹਿ ਗਿਆ । ਕੀ ਡੰਬ,ਡੀਫ ਅਤੇ ਬਲਾਇਂਡ ਬਾਰੇ ਵੀ ਪਟ-ਕਥਾ ਲਿਖੀ ਜਾ ਸਕਦੀ ਹੈ । ਹੱਥ ਖੜ੍ਹੇ ਕਰਕੇ ਬੋਲਿਆ-" ਸੱਤ ਜਨਮ ਵੀ ਨਹੀਂ.....।" ਉਦੋ ਮੈਂ ਫੇਸਬੁਕ ਤੇ ਆਪਣੀ ਪ੍ਰੋਫਾਇਲ ਨਹੀਂ ਬਣਾਈ ਸੀ । ਸਮਾਂ ਕਿੰਝ ਕਰਵਟ ਬਦਲਦਾ....।....ਹੁਣ ਫਿਰ ਉਹੀ ਕਾਨਫ਼ੀਡੈਂਸ ਆ ਗਿਆ-" ਕੋਈ ਬੁੱਕ ਤਾਂ ਕਰੇ "ਬਲੈਕ" ਦੇ ਤਾਂ ਹਜ਼ਾਰ ਸੀਕੁਅਲ ਲਿਖ ਦਿਆਂ.....। " .....
---------------------------------------------------------
ਕੀ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ???...........
-------------------15062011---------------------------

ਮਨੁੱਖ ਜਨਮਿਆ। ਢੋਲ ਵੱਜਿਆ । ਕਿੱਨਰ ਵੀ ਆ ਗਏ । ਨਿੱਕੇ ਜਿਹੇ ਬੱਚੇ ਦੀ ਤੋਤੋ ਨੂੰ ਹੱਥ ਲਾ ਕੇ ਆਖ ਤਾਂ -" ਦੋ ਗੋਲੀਆ ਵਾਲਾ ਪਿਸਤੌਲ ਲਿਆਇਆ........ਸਵਾ ਲੱਖ ਲਵਾਂਗੇ.....।" ਹਾਸੜ ਮੱਚ ਗਈ.... ਪਰ ਗੱਲ ਤਾਂ ਇਥੇ ਖਤਮ ਨਹੀਂ ਹੁੰਦੀ....ਬੋਧ ਤੋਂ ਆਤਮ ਵਿਸ਼ਲੇਸ਼ਣ ਦੀ ਲੀਲਾ ਤਾਂ ਅਜੇ ਬਾਕੀ ਹੈ......। ਤਰੰਗ ਤੋਂ ਤਰੰਗ ਤਕ ਦਾ ਸਫ਼ਰ । ਸਮਝ ਨਹੀਂ ਆਈ ਨਾ ? ਤੰਤੂ ਟੁੱਟ ਰਹੇ ਨੇ । ....ਸਭ ਕੁਝ ਟੁੱਟਣ ਤੋਂ ਬਾਦ ਨਵਾਂ ਹੋ ਰਿਹਾ ।....ਹਰ ਚੀਜ਼ ਨਜ਼ਰ ਦਾ ਭਰਮ ਹੈ ।...ਜਨਮ ਦਿਨ ਕਿਸਨੂੰ ਕਹਾਂ....ਬੰਦਾਂ ਤਾਂ ਨਿਰਮਾਣ ਤੋਂ ਬਾਦ ਅੰਤਿਮ ਮਿਆਦ ਵੱਲ ਵਧ ਰਿਹਾ.....??? ਅਕਸਰ ਲਿਖ ਦੇਂਦਾ ਹਾਂ....... HB2U ... । ਸਾਰਾ ਬ੍ਰਹਿਮੰਡ ਵੇਵਸ ਦੀ ਕਹਾਣੀ ਹੈ..ਤਰੰਗਾਂ ਦੀ.........ਕਿੱਧਰੇ ਕੰਧ ਨੂੰ ਟੱਕਰ ਨਾ ਮਾਰ ਦੇਣਾ...........ਅੰਤਰ ਆਤਮਾ ਤਕ ਜ਼ਰੂਰ ਜਾਣਾ........ਕੁਝ ਵੀ ਸਥੂਲ ਨਹੀਂ....ਸਭ ਤਰਲ ਹੈ......................
---------------07062011--------------------------------------


ਰਾਹੂ ਅਤੇ ਕੇਤੂ । ਦੋ ਅਲਗ ਅਲਗ ਗ੍ਰਹਿ ਹਨ । ਗ੍ਰਹਿ ਨਹੀਂ । ਬਸ ਛਾਇਆ ਗ੍ਰਹਿ ।ਦੋਹਾਂ ਦੀ ਅਲੱਗ ਅਲੱਗ ਤਬੀਅਤ ਹੈ । ਕੇਤੂ ਸਿਰ । ਰਾਹੂ ਪੂਛਲ ।...ਕੇਤੂ ਧਰਮ । ਰਾਹੂ ਧੱਕੇ । ਕੇਤੂ ਧੂੰਆਂ । ਰਾਹੂ ਧੂੜ । ਪੰਡਿਤ ਆਖਦੇ ਹਨ-" ਦੋਵੇਂ ਗ੍ਰਹਿ ਬਹੁਤ ਹੀ ਕਰੂੜ ਹਨ ।" ਬ੍ਰਹਿਮੰਡ ਵਿੱਚ ਬਾਕੀ ਗ੍ਰਹਿ ਸਿੱਧੇ ਚੱਲਦੇ ਹਨ । ਐਂਟੀ ਕਲਾਕ । ਕਦੇ ਕਦੇ ਉਲਟਾ । ਕਲਾਕ ਵਾਇਜ਼ । ਪਰ ਰਾਹੂ ਕੇਤੂ ਸਦਾ ਹੀ ਪੁੱਠਾ ਚੱਲਦੇ ਹਨ । ਵੱਕਰੀ । ਮਤਲਬ ਪੁੱਠੇ ।......ਰਾਹੂ ਅਤੇ ਕੇਤੂ ਕਿੰਨਾਂ ਕੁਝ ਦੱਸਦੇ ਹਨ । ...
------------------------------------------------
ਨਾਸਤਿਕ ਦੋਸਤ ਰਾਹੂ ਕੇਤੂ ਨੂੰ ਚਿੰਨ ਵਜੋਂ ਲੈ ਸਕਦੇ ਹਨ.......
---------------02062011---------------------
ਗਣੇਸ਼ ਜੀ ਨੂੰ ਆਪਣੇ ਵਿਆਹ ਦੀ ਚਿੰਤਾਂ ਹੋਈ ਤਾਂ ਉਹਨਾਂ ਨੂੰ ਲੱਗਿਆ ਪਿਤਾ ਤੋਂ ਵੱਡਾ ਕਿਹੜਾ ਪਰਮੇਸ਼ਵਰ ਹੋ ਸਕਦਾ।ਕਹਿੰਦੇ " ਪਿਤਾ ਜੀ । ਮੇਰੀ ਸ਼ਾਦੀ ਕਦੋ ਹੋਵੇਗੀ ? ਸ਼ੰਕਰ ਜੀ ਨੇ ਜਵਾਬ ਦਿੱਤਾ-'ਕੱਲ੍ਹ '....। ਗਣੇਸ਼ ਜੀ ਅਗਲੇ ਦਿਨ ਦੁਬਾਰਾ ਗਏ .." ਪਾਪਾ । ਮੇਰੀ ਸ਼ਾਦੀ ਕਬ ਹੋਗੀ ? " ਸ਼ੰਕਰ ਜੀ ਨੇ ਕਿਹਾ-" ਬੇਟਾ ਬੋਲਾ ਤੋ ਥਾ-ਕੱਲ੍ਹ । " ਗਣੇਸ਼ ਜੀ ਹਰ ਰੋਜ਼ ਸ਼ੰਕਰ ਜੀ ਕੋਲ ਜਾਣ ਲੱਗੇ । ਸ਼ੰਕਰ ਜੀ ਦਾ ਹਰ ਰੋਜ਼ ਇਹੀ ਜਵਾਬ ਹੁੰਦਾ-"ਕੱਲ੍ਹ । " ਗਣੇਸ਼ ਜੀ ਸਾਰੀ ਉਮਰ ਕੁਆਰੇ ਰਹੇ । .....
-----------------------------------------------------------------
ਬੇਸ਼ਕ ਮੰਦਰ ਮਸਜ਼ਿਦ ਢਾਹ ਦੇ.........
------------------01062011-----------------------------------
ਕਿਸੇ ਦੋਸਤ ਨੇ ਗੱਲ ਕੀਤੀ " ਆਦਮੀ ਬਹੁਤ ਸ਼ਾਤਿਰ ਹੈ...ਹਰ ਔਰਤ ਵਿੱਚ ਸੰਭਾਵਨਾ ਤਲਾਸ਼ ਕਰਦਾ ਹੈ । ...." ? ਮੈਂ ਉਸ ਨਾਲ ਕਿਸੇ ਹੱਦ ਤਕ ਸਹਿਮਤ ਸੀ ਪਰ....।ਮੌੜਵਾਂ ਸਵਾਲ ਕੀਤਾ -" ਤੇ ਔਰਤ...? "
ਉਸਕੋਲ ਕੋਈ ਜਵਾਬ ਨਹੀਂ ਸੀ ।
ਮੇਰੇ ਕੋਲ ਵੀ ਨਹੀਂ ਹੈ ।
--------------------------------------------------------------
ਕੀ ਤੁਹਾਡੇ ਕੋਲ ਹੈ ???.....
------------------30052011--------------------------------

ਨਾਇਕ ਨੂੰ ਬਹੁਤ ਹੀ ਤਕਲੀਫ਼ਾ ਵਿੱਚੋਂ ਲੰਘਣਾ ਪਵੇਗਾ । ਖਲਨਾਇਕ ਉਸਨੂੰ ਤਬਾਹੀ ਦੀ ਸ਼ਿਖਰ ਤਕ ਲਿਜਾਵੇਗਾ। ਕਦੇ ਝੂਠਾ ਕਲੰਕ ਲਗਾ ਕੇ,ਕਦੇ ਭੈਣ ਨੂੰ ਬੇਇੱਜਤ ਕਰਕੇ,ਕਦੇ ਘਰ ਨੂੰ ਅੱਗ ਲਗਾ ਕੇ,ਕਦੇ ਪਤਨੀ ਦਾ ਕਤਲ ਕਰ ਕੇ,ਕਦੇ ਕੰਮ ਖੋਹ ਕੇ ,ਕਦੇ ਫਾਹੇ ਟੰਗ ਕੇ.....ਦੋਵਾਂ ਦਾ ਟਕਰਾਉ ਹੀ ਅਸਲੀ ਸੰਘਰਸ਼ ਹੈ । ਆਮ ਆਦਮੀ ਤੇ ਜਾਨਵਰ ਵਿੱਚ ਕੋਈ ਜਿਆਦਾ ਫ਼ਰਕ ਨਹੀਂ ਹੁੰਦਾ ।.....ਦੋਵਾਂ ਨੂੰ ਹੀ ਮੰਦ ਬੁੱਧੀ ਦਾ ਸਵਾਮੀ ਆਖਿਆ ਜਾ ਸਕਦਾ ਹੈ ।
ਕਰਮ ਭੂਮੀ ਤਾਂ ਚੁਣਨੀ ਹੀ ਪਵੇਗੀ । .....
------------------------------------------------------------------
ਸੂਰਾ ਸੋ ਪਹਿਚਾਣਬੋ ਜੋ ਲਰੈ ਦੀਨ ਕੇ ਹੇਤੁ ।
-----------------------30052011-------------------------------


ਮਹੀਨੇ ਕੁ ਬਾਦ ਪਿਤਾ ਜੀ ਬੰਸੀ ਨਾਈ ਦੇ ਲੈ ਜਾਂਦੇ । ਨਿੱਕਾ ਸੀ ।ਦੁਕਾਨ ਤਸਵੀਰਾ ਨਾਲ ਭਰੀ ਹੁੰਦੀ ।ਕ੍ਰਿਸ਼ਣ,ਨਾਨਕ,ਰਾਮ,ਹਨੂਮਾਨ,ਅਰਜੁਨ.... ਬੰਸੀ ਕੁਰਸੀ ਦੀਆ ਬਾਹਾਂ ਤੇ ਲੱਕੜ ਦੀ ਫੱਟੀ ਰੱਖਦਾ । ਪਿਤਾ ਜੀ ਚੁੱਕ ਕੇ ਕੁਰਸੀ ਤੇ ਬਿਠਾ ਦੇਂਦੇ । ਬੰਸੀ ਮੈਲਾ ਜਿਹਾ ਕਪੜਾ ਗਲੇ ਤਕ ਵਲ ਦੇਂਦਾ । ਫਿਰ । ਬੰਸੀ ਪਾਣੀ ਨਾਲ ਵਾਲਾਂ ਦੀ ਧੁਨਾਈ ਕਰਦਾ । ਜੇਕਰ ਚਿਹਰਾ ਚੁੱਕ ਕੇ ਸ਼ੀਸ਼ੇ ਵੱਲ ਦੇਖਦਾ ਤਾਂ ਝੱਟ ਠੋਲਾ ਮਾਰਦਾ । ਸਭ ਤੋਂ ਮੁਸ਼ਕਲ ਕੰਮ ਸੀ, ਗਰਦਨ ਦੇ ਪਿੱਛੇ ਉਸਤਰੇ ਦਾ ਚੱਲਣਾ । ਹੱਸ ਹੱਸ ਕੇ ਕੁਰਸੀ ਤੋਂ ਡਿੱਗਣ ਲੱਗਦਾ । ਬੰਸੀ ਆਖਦਾ -" ਨਾ ਛੋਰੇ । ਉਸਤਰਾ ਬਜ ਜਾਏਗਾ....। "
ਬੈਂਚ ਤੇ ਅਖ਼ਬਾਰ ਪੜ੍ਹਦੇ ਪਿਤਾ ਜੀ ਵੀ ਬੰਸੀ ਦੀ ਮਦਦ ਲਈ ਪਹੁੰਚ ਜਾਂਦੇ ।......
ਦੀਵਾਰ ਦੀ ਇਕ ਨੁੱਕਰ ਵਿੱਚ ਰੇਡੀਉ ਵੱਜ ਰਿਹਾ ਹੁੰਦਾ-" ਲਾਗੀ ਟੂਟੇ ਨਾ ਅਬ ਤੋਂ ਸਨਮ..........."
-------------------------------------------------
ਬੰਸੀ ਨਾਈ : ਬੰਸੀ ਅੰਕਲ
----------------------------------------------------


ਮੈਂ ਸ਼ਾਮ ਤੋਂ ਕੀ ਕਰ ਰਿਹਾ ਸੀ ? ਬਹੁਤ ਥੱਕ ਗਿਆ ਹਾਂ । ਕੀ ਦੱਸਾਂ ? ਫੇਸਬੁਕ ਲਈ ਜਾਲੀ ਖਾਤਾ ਬਣਾ ਰਿਹਾ ਸੀ । ਸੋਚਿਆ...ਪਾਠਕਾ ਤੇ ਰੁਹਬ ਮਾਰਨ ਲਈ ਖਾਤਾ ਵੀ ਹੋਣਾ ਚਾਹੀਦਾ । ਸਭ ਤੋਂ ਪਹਿਲਾ ਇਕ ਕੁੜੀ ਦਾ ਖਾਤਾ ਬਣਾਇਆ । ਜਦ ਫੋਟੂ ਦੀ ਵਾਰੀ ਆਈ ਤਾਂ ਰੋਜ਼ੀ ਮਾਨ ਦੀ ਪਿਕਚਰ ਲੋਡ ਕਰਕੇ ਜੜ ਤੀ । ਸੋਚਿਆ ਅਜੇ ਗੱਲ ਨਹੀਂ ਬਣੀ । ਕਈ ਵਾਰ ਬੜਕ ਵੀ ਮਾਰਨੀ ਪੈਂਦੀ ਹੈ । ਇਕ ਹੋਰ ਖਾਤਾ ਬਣਾਇਆ । ਸੋਚਿਆ ਹੁਣ ਤਾਂ ਜੱਜ ਦੀ ਫਾਇਲ ਤੇ ਜਾਣਾ ਪਵੇਗਾ ।...ਕੁੰਡਲ ਮੁੱਛਾ ਵਾਲੀ ਪਿਕਚਰ ਚੱਕ ਲੀ.....। ਸੋਚਿਆ,ਕਈ ਵਾਰ ਗੱਲ ਦੇਣੀ ਵੀ ਆ ਜਾਂਦੀ । ਫਿਰ ਕੀ ਸੀ,ਮੈਨੂੰ ਗਗਨ ਯਾਦ ਆ ਗਿਆ । ਬੱਚਾ ਬਣ ਕੇ ਵੇਲਾ ਟਾਲਿਆ ਜਾ ਸਕਦਾ । ਖਾਤਾ ਤਾਂ ਲੋਕਰਾਜ ਦਾ ਵੀ ਬਣਨ ਲੱਗਿਆ ਸੀ । ਡਰ ਗਿਆ-ਜੇ ਕਿਸੇ ਨੇ ਢਿੱਡ ਪੀੜ ਦੀ ਦਵਾਈ ਪੁੱਛ ਲਈ । ....
------------------------------------------------------------------
ਕੁਮੈਂਟ ਕਰਨਾ ਨਾ ਭੁੱਲਣਾ । ਮੈਨੂੰ ਜੁਲਾਈ ਤੋਂ ਛੁੱਟੀਆ ਹੋ ਰਹੀਆ ਹਨ ।.....
-------------------------27052011------------------------------


ਕਿਸੇ ਨੇ ਤੂੰਬੀ ਚੁੱਕੀ....ਕਿਸੇ ਨੇ ਛੈਣਾ......ਕਿਸੇ ਨੇ ਬੈਂਜੋ....ਕਿਸੇ ਨੇ ਬੰਸਰੀ......ਕਿਸੇ ਨੇ ਢੋਲਕ .....ਕਿਸੇ ਨੇ ਪਿਆਨੋ......ਪਰ ਕੋਈ ਰਾਗ ਦੀ ਗੱਲ ਤਾਂ ਕਰੇ......???......ਦੋ ਹੀ ਗੱਲਾ ਹੁੰਦੀਆ......ਸਿਰਜਣਾ....ਜਾਂ ਵਿਨਾਸ਼........ । ....ਪਰ ਉਸ ਲਈ ਵੀ ਇਮਾਨਦਾਰੀ ਜ਼ਰੂਰੀ ਹੈ.........
------------------------------------------------------------
ਨਹੀਂ ???????????????????????????????
----------------26052011--------------------------------



ਆਪਣੇ ਦੋਸਤ ਨੂੰ ਕਿਹਾ-" ਤੂੰ ਫੇਸਬੁੱਕ 'ਤੇ ਆਪਣਾ ਅਕਾਊਂਟ ਬਣਾ ਰੱਖਿਆ... ਆਪਣਾ ਮੈਟਰ ਵੀ ਸ਼ਿਅਰ ਕਰਿਆ ਕਰ..... "
ਗੱਲ ਤਾਂ ਹੱਸਣ ਵਾਲੀ ਵੀ ਹੈ...ਰੋਣ ਵਾਲੀ ਵੀ....
ਕਹਿੰਦਾ-" ਅੱਜ ਤਕ ਕਿਸੇ ਉੱਲੂ ਦੇ ਪੱਠੇ ਨੇ ' ਗੁੱਡ' ਤਕ ਨਹੀਂ ਲਿਖਿਆ । ਕਿਸੇ ਹਰਾਮਜਾਦੀ ਨੇ ਲਾਇਕ ਤੇ ਕਲਿਕ ਨਹੀਂ ਕੀਤਾ "......... ਕੀ ਕਹਿੰਦਾ-" ਤੂੰ ਆਪਣੀਆਂ ਚੰਗੀਆ ਰਚਨਾਵਾਂ ਸਾਂਝੀਆ ਕਰਨੀਆ ਸਨ ।" ... ਕਹਿੰਦਾ-" ਵੱਡੇ ਲੇਖਕਾ ਨੂੰ ਪੇਸ਼ ਕੀਤਾ ਸੀ ।..." ਮੈਂ ਸੋਚਾ ਵਿੱਚ ਪੈ ਗਿਆ .." ਬਹੁਤ ਦੁੱਖ ਵਾਲੀ ਗੱਲ ਹੈ । "...... ਉਹਨੇ ਸਾਹ ਲੈਣ ਤੋਂ ਪਹਿਲਾ ਜਵਾਬ ਕੀਤਾ- " ਤੇਰੀ ਆੜ੍ਹਤ ਦਾ ਕੀ ਹਾਲ ਹੈ ? ਕੁਮੈਂਟ ਆਣ ਲੱਗੇ ਜਾਂ ਅਜੇ ਤਕ ਲਾਇਕਾ ਤੇ ਹੀ ਅੜਿਆ ਏ........।
-----------------------------------------------------------------
......ਡੁੱਬਣ ਲਈ ਪਾਣੀ ਨਹੀਂ............ ਘਰ ਹੁੰਦਾ ਹੈ...........
------------------22052011-----------------------------------

Saturday, 25 June 2011

ਸ਼ਾਰਪ ਸ਼ੂਟਰ




..ਕਿਸੇ ਕੋਲ ਡਾਚੀ ਹੈ..ਕਿਸੇ ਕੋਲ ਘੌੜਾ ...ਕਿਸੇ ਕੋਲ ਹਾਥੀ....। ਸਮਰ ਜ਼ਾਰੀ ਹੈ । ਲੜੇ ਬਿਨਾਂ ਤਾਂ ਕਰਾਂਤੀ ਆ ਹੀ ਨਹੀਂ ਸਕਦੀ ।.....ਤੁਸੀ ਹਥਿਆਰ ਖਰੀਦਣਾ ਨਾ ਛੱਡ ਦੇਣਾ ....ਭਾਵੇਂ ਹਥਿਆਰਾ ਦੇ ਬਦਲੇ ਦਿਮਾਗ ਵੀ ਵੇਚਣਾ ਪਵੇ........ਵੇਚ ਦੇਣਾ.....।
----------------------------------------------
ਕਿਤੇ ਸੱਚੀ ਨਾ ਵੇਚ ਦੇਣਾ.....
----------------------------------------------
ਸਮਰ :ਜੰਗ
-----------22052011-----------------------


ਡਾਨ ਵੀ ਹੈ....ਡਾਨ ਦੇ ਗੁਰਗੇ ਵੀ....ਸ਼ਾਰਪ ਸ਼ੂਟਰ ਵੀ......
ਪਰ ਸੱਚ ਦੇ ਸਾਹਮਣੇ
ਕਾਹਦਾ ਡਾਨ ?
ਕਾਹਦੇ ਗੁਰਗੇ ??
ਕਾਹਦੇ ਸ਼ਾਰਪ ਸ਼ੂਟਰ ???
---------------------------------------------------------
ਪੂਰਨ ਅਜ਼ਾਦੀ.....
---------------18052011------------------------------


ਪ੍ਰਸਿੱਧੀ ਦੇ ਸ਼ਾਰਟ ਕੱਟ ਨੇ : ਰਾਜਨੀਤੀ ।ਅਦਾਕਾਰੀ  । ਮਾਡਲਿੰਗ ।  ......ਕਈ ਹੋਰ ਵੀ ਖਿੱਤੇ ਹਨ ।.....ਪਰ ਸਾਹਿੱਤ ਨਹੀਂ ਹੈ । ਸਾਹਿੱਤ ਤਾਂ ਬਹੁਤ ਹੀ ਸਬਰ ਵਾਲਾ ਕੰਮ ਹੈ । ਉਡੀਕ । ਮਿਹਨਤ । ਸਮਝ । ਤਜ਼ੁਰਬਾ । ਆਮਦ........।......ਸਾਲਾਂ ਦੇ ਸਾਲ ਲੰਘ ਜਾਂਦੇ ਨੇ....ਫਿਰ ਵੀ ਕੋਈ ਗਰੰਟੀ ਨਹੀਂ ਹੁੰਦੀ....
ਪ੍ਰਸਿੱਧੀ ਤੋਂ ਬਾਦ ਮਹਾਨਤਾ ......
ਕਈ ਵਾਰ ਪ੍ਰਸਿੱਧ ਲੇਖਕ ਵੀ ਮਹਾਨ ਲੇਖਕਾ ਦੀ ਸੂਚੀ ਤੋਂ ਬਾਹਰ ਰਹਿ ਜਾਂਦੇ ਹਨ....
-----------------------------------------------------------------
ਮੇਰੀ ਗੱਲ ਸ਼ੁੱਧ ਲੇਖਕ ਨੂੰ ਹੀ ਸਮਝ ਆ ਸਕਦੀ । ਅਸ਼ੁੱਧ ਲਿਖਾਰੀ ਤਾਂ ਆਖ ਸਕਦਾ-" ਵੱਡਾ ਸ਼ੋਲੋਖੋਵ ।.......
-----------------17052011------------------------------------


ਜਦ ਬੱਚਾ ਸੀ ਤਾਂ ਪੀਲੇ ਰੰਗ ਵਿੱਚ ਗਲਤੀ ਨਾਲ ਨੀਲਾ ਰੰਗ ਪਾ ਬੈਠਾ ਸੀ....ਹਰਾ ਰੰਗ.....ਭੱਜ ਕੇ ਪਿਤਾ ਜੀ ਨੂੰ ਦੱਸਿਆ ।ਉਹ ਉਹਨਾਂ ਦਿਨਾਂ ਵਿੱਚ ਸਰਕਾਰੀ ਅਧਿਆਪਕ ਸਨ । ਉਹਨਾਂ ਨੇ ਪ੍ਰਾਇਮਰੀ ਅਤੇ ਸਕੈਂਡਰੀ ਰੰਗਾਂ ਬਾਰੇ ਦੱਸਿਆ ।.....ਵੱਡਾ ਹੋ ਕੇ ਹੋਰ ਪੜ੍ਹਿਆ ਤਾਂ ਪਤਾ ਲੱਗਿਆ....ਨੀਲਾ ਰੰਗ, ਰਾਹੂ ਦਾ ਪ੍ਰਤੀਕ ਹੈ । ਪੀਲਾ ਰੰਗ, ਬ੍ਰਹਿਸਪਤੀ ਦਾ । ਹਰਾ ਰੰਗ,ਬੁੱਧ ਦਾ....। ਹੋਰ ਬੜਾ ਕੁਝ...ਕਈ ਵਾਰ ਦਿਲ ਕਰਦਾ ਆਪਣੇ ਪਿਤਾ ਜੀ ਨੂੰ ਜਾਕੇ ਦੱਸਾਂ । ...ਪਰ ਮੈਨੂੰ ਪਤਾ ਹੈ...
ਉਹ ਕੀ ਕਹਿਣਗੇ....." ਤੈਨੂੰ ਪਤਾ ਨਹੀਂ ਕਦੋ ਅਕਲ ਆਵੇਗੀ....। "......
----------------------------------------------------------------
ਜਿਸ ਦੇ ਸਿਰ ਤੇ ਪਹਾੜ ਵਰਗਾ ਸਾਇਆ ਹੋਵੇ ਉਹਨੇ ਅਕਲ ਦਾ ਕਰਨਾ ਵੀ ਕੀ ਹੁੰਦਾ ਹੈ । ਨਹੀਂ ?
---------------------15052011-------------------------------


ਮੇਰਾ ਇਕ ਰਿਸ਼ਤੇਦਾਰ ਹੈ....ਜਦ ਵੀ ਕੋਈ ਉਸਤੋਂ ਸਲਾਹ ਲਵੇ ਤਾਂ ਮਜ਼ਾਲ ਕੀ ਬੰਦਾ ਰਾਤ ਨੂੰ ਸੌਂ ਜਾਵੇ । ਕਿਸੇ ਨੇ ਮਕਾਨ ਬਣਾਇਆ । ਕਹਿੰਦਾ - "ਦੀਵਾਰ ਟੇਢੀ ਬਣੀ ਹੈ ।" ਕਿਸੇ ਨੇ ਕਾਰ ਖਰੀਦੀ ਤਾਂ ਕਹਿੰਦਾ- "ਦਿੱਲੀ ਵਿੱਚ ਤਾਂ ਤਿੰਨ 'ਵੇਰਨਾ ' ਸੜ ਗਈਆ ।" ਕਿਸੇ ਨੇ ਕੁੜੀ ਦੀ ਮੰਗਣੀ ਕੀਤੀ ਕਹਿੰਦਾ -" ਵਰਤਣ ਤੋਂ ਬਾਦ ਹੀ ਪਤਾ ਲੱਗਦਾ ।" ਕਿਸੇ ਨੇ ਨਵੀਂ ਦੁਕਾਨ ਦਾ ਮਹੂਰਤ ਰੱਖਿਆ -" ਕਿਸੇ ਤੋਂ ਸ਼ੁਭ ਦਿਨ ਤਾਂ ਪੁੱਛ ਲੈਣਾ ਸੀ.....।"
-------------------------------------------------------------------
ਸਵੇਰ ਦਾ ਮੈਨੂੰ ਉਸੇ ਰਿਸ਼ਤੇਦਾਰ ਦਾ ਫ਼ੋਨ ਆ ਰਿਹਾ....ਦੱਸੋ ਕੀ ਕਰਾਂ ?.....ਮੈਂ ਰਾਤ ਨੂੰ ਅਰਾਮ ਨਾਲ ਸੋਣਾ ਚਾਹੁੰਦਾ ਹਾਂ ।
------------------------------------------------------------------
ਜੇਕਰ ਤੁਸੀ ਉਸ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਆਪਣਾ ਸੈੱਲ ਨੰਬਰ ਦੇ ਦਿਓ । ਮੈਨੂੰ ਕਾਲ ਡਿਵਰਟ ਕਰਨੀ ਆਉਂਦੀ ਹੈ । ਕੀ ਖ਼ਿਆਲ ਹੈ ?.....
-------------------------14052011-----------------------------



ਕੁਝ ਦਿਨ ਪਹਿਲਾਂ ਦਿੱਲੀ ਪ੍ਰਸ਼ਾਸ਼ਨ ਨੇ ਲਗੂੰਰ ਖਰੀਦੇ ਹਨ । ਲਗੂੰਰ ਬਹੁਤ ਹੀ ਸ਼ਾਂਤ ਸੁਭਾਅ ਦਾ ਜਾਨਵਰ ਹੈ । ਮਨੁੱਖ ਤੇ ਹਮਲਾ ਨਹੀਂ ਕਰਦਾ । ਅਸਲ ਵਿੱਚ ਬਾਂਦਰਾਂ ਨੇ ਦਿੱਲੀ ਦੇ ਕੁਝ ਇਲਾਕਿਆ ਵਿੱਚ ਗਦਰ ਮਚਾ ਰੱਖਿਆ । ....ਕਿਸੇ ਦੀ ਚੀਜ਼ ਖੋਹ ਲੈਂਦੇ ਹਨ....ਕਿਸੇ ਨੂੰ ਨਹੁੰ ਮਾਰਦੇ ਹਨ....ਕਿਸੇ ਨੂੰ ਦੰਦੀਆਂ.....। ...ਤੇ ਬਾਂਦਰ,ਲਗੂੰਰ ਤੋਂ ਬਹੁਤ ਡਰਦੇ ਹਨ ।.......ਦੂਰੋ ਦੇਖਦੇ ਹੀ ਛੂਟ ਲਾਉਂਦੇ ਹਨ ।......
------------------------------------------------------------------
ਸੁਣਿਆ ਹੁਣ ਪਾਰਲੀਮੈਂਟ ,ਰਾਸ਼ਟਰਪਤੀ ਭਵਨ, ਜਨਪਥ ਆਦਿ ਦੇ ਬਾਂਦਰ ਯਮੁਨਾ ਕਿਨਾਰੇ ਵੱਸੀਆ ਬਸਤੀਆ ਵਿੱਚ ਉਛਲ ਕੂਦ ਕਰ ਰਹੇ ਹਨ....।.......
--------------13052011---------------------------------------

.....ਇਕ ਵਾਰ ਦੋ ਕੀੜੀਆਂ ਦਰੱਖ਼ਤ ਦੀ ਟਹਿਣੀ ਤੇ ਜਾ ਰਹੀਆ ਸਨ । ਕੁਝ ਚਿਰ ਬਾਦ ਦਰੱਖਤ ਹੇਠੋਂ ਇਕ ਹਾਥੀ ਲੰਘਿਆਂ ।ਅਚਾਨਕ ਘਬਰਾ ਕੇ ਇਕ ਕੀੜੀ ਹਾਥੀ ਤੇ ਡਿੱਗ ਪਈ । ਦੂਸਰੀ ਕਹਿੰਦੀ -"ਭੈਣ । ਭੈਣ ਮਿੱਧ ਦੇ । ਜਾਣ ਨਾ ਦੇਈ । ਇਕ ਵਾਰ ਮੈਨੂੰ ਵੀ ਅੱਖ ਮਾਰ ਕੇ ਲੰਘਿਆ ਸੀ ।......
---------------------------------------------------------------
ਪ੍ਰਕਿਰਤੀ ਦਾ ਆਪਣਾ ਸੰਵਿਧਾਨ ਹੈ । ਮਨੁੱਖ ਦੇ ਆਪਣੇ ਭਰਮ ।
--------------------12052011-------------------------------


ਕਿਸੇ ਨੂੰ ਮੇਰੀ ਸਮਝ ਨਹੀਂ ਆ ਰਹੀ...ਮੈਨੂੰ ਕਿਸੇ ਦੀ.....ਪਰ ਇਸਦਾ ਇਹ ਮਤਲਬ ਨਹੀਂ.....ਕੀ ਕਿਸੇ ਵਸਤੂ/ਸਥਾਨ ਦੀ ਹੋਂਦ/ਗਤੀ ਬਦਲ ਗਈ । ਮਨੁੱਖ ਦੇ ਮੱਥੇ 'ਚ ਵੀ ਤਾਂ ਚਿਪ ਲੱਗੀ ਹੈ...ਕਿ ਉਸਦਾ ਸਰਕਟ ਸ਼ਾਟ ਨਹੀਂ ਹੋ ਸਕਦਾ ?.....ਮਹਾਂ ਸ਼ਕਤੀ ਬਹੁਤ ਬਦਮਾਸ਼ /ਤਮਾਸ਼ਬੀਨ ਹੈ । .......
----------------------------------------------------------------
ਮੈਂ ਕੋਈ ਚੁਟਕਲਾ ਨਹੀਂ ਸੁਣਾ ਰਿਹਾ ....
---------------11052011--------------------------------------


ਕਈ ਵਾਰ ਮੈਨੂੰ ਵੀ ਸੱਪ ਸੁੰਘ ਜਾਂਦਾ ਹੈ....ਪਰ ਮੈਨੂੰ ਮੇਰੇ ਈਸ਼ਟ ਦਾ ਵਰਦਾਨ ਹੈ.....ਜਦ ਵੀ ਤੈਨੂੰ ਸੱਪ ਸੁੰਘ ਜਾਵੇ.....ਮੇਰਾ ਨਾਮ ਲਵੀ....।ਸੱਪ ਸੁੰਘਣ ਦਾ ਅਸਰ ਨਹੀਂ ਹੋਵੇਗਾ ।.....
ਜੈ ਸ਼ਿਵ ਸ਼ੰਕਰ......
-----------------------------------------------------------------
ਕਾਮਰੇਡਾ ਤੋਂ ਮੁਆਫ਼ੀ ਸਹਿਤ ।
------------------09052011-----------------------------------



....ਟੈਡੀਬਿਅਰ ਬਹੁਤ ਸਿਆਣਾ ਹੈ । ਕੁਝ ਵੀ ਨਹੀਂ ਆਖਦਾ । ਕਦੇ ਕੁਝ ਵੀ ਨਹੀਂ ਮੰਗਦਾ । ਚਾਹ । ਡਰਿੰਕ । ਵਿਸਕੀ । ਖਾਣਾ ...। ਤੁਸੀ ਪਿਆਰ ਨਾਲ ਚੁੰਮ ਲਵੋ ਤਾਂ ਵੀ ਖੁਸ਼ । ਤੁਸੀ ਖਿੱਝ ਕੇ ਕੰਨ ਪੁੱਟ ਦਿਉ ਤਾਂ ਵੀ ਖੁਸ਼ ।..... ਮਨੁੱਖ ਕਿਹੋ ਜਿਹਾ ਹੈ...ਕਿੰਨਾਂ ਬੋਲਦਾ ਹੈ...ਕਿੰਨਾਂ ਕੁਝ ਮੰਗਦਾ ਹੈ.....ਐਕਸ਼ਨ ਦਾ ਉਸੇ ਵੇਲੇ ਰੀਐਕਸ਼ਨ.......।

----------------------------------------------------------------
ਕਦਮ ਕਦਮ ਤੇ ਪ੍ਰਤੀਕ ਹਨ ....ਇਸ਼ਾਰੇ ਹਨ...ਰਸਤੇ ਹਨ......
-----------------08052011------------------------------------

Thursday, 19 May 2011

ਅੱਜਨੀ ਚੱਕਰ





ਜਿਸ ਤਰ੍ਹਾਂ
ਮਛਲੀ ਪਾਣੀ ਵਿੱਚ,
ਘੌੜਾ ਜੰਗ ਵਿੱਚ,
ਤਾਰਾ ਅਕਾਸ਼ ਵਿੱਚ ਚੰਗਾਂ ਲੱਗਦਾ

------------------------------------------------------------
ਉਸ ਤਰ੍ਹਾਂ ਲੇਖਕ ਖ਼ਿਆਲ ਵਿੱਚ ।..ਤੁਸੀ ਲੇਖਕ ਤਾਂ ਨਹੀਂ ਹੋ ਨਾ ?...
--------------------05052011----------------------------

ਮੈਨੂੰ ਆਪਣਾ ਚਿਹਰਾ ਪਸੰਦ ਨਹੀਂ ਸੀ । ਸਰਜ਼ਨ ਹੀ ਮਦਦ ਕਰ ਸਕਦਾ ਸੀ ।ਦੀਵਾਰ ਤੇ ਅਣਗਿਣਤ ਚਿਹਰੇ । ਸਰਜ਼ਨ ਨੇ ਕਈ ਚਿਹਰੇ ਉਤਾਰ ਕੇ ਵਿਖਾਏ । ਹਿਟਲਰ ,ਨਪੋਲੀਅਨ, ਬੁਸ਼ ,ਉਸਾਮਾ ਨਹਿਰੂ ਅਮਿਤਾਭ ,ਧੋਨੀ......।.. ਆਖ਼ਰ ਬੁੱਧ ਵਾਲੇ ਮਾਸਕ ਤੇ ਉਂਗਲ ਰੱਖ ਦਿੱਤੀ । ...ਕੁਝ ਹੀ ਚਿਰ ਬਾਦ ਉਪਰੇਸ਼ਨ ਥੀਏਟਰ ਦੀਆਂ ਬੱਤੀਆਂ ਜਗ ਪਈਆਂ।ਸਰਜ਼ਨ ਆਪਣੇ ਹੱਥਾਂ ਤੇ ਪਲਾਸਟਿਕ ਦੇ ਦਸਤਾਨੇ ਚੜ੍ਹਾ ਕੇ ਮੁਸਕਰਾ ਰਿਹਾ ਸੀ ।ਅਨਥੀਸੀਏ ਨੇ ਪਲਕਾਂ ਭਾਰੀ ਕਰ ਦਿੱਤੀਆ ਸਨ । ਮੈਂ ਜਾਣਦਾ ਸੀ ਜਦ ਵੀ ਦੁਬਾਰਾ ਅੱਖਾਂ ਖੋਲ੍ਹਾਂਗਾ....ਬੁੱਧ ਵਾਂਗ ਨਜ਼ਰ ਆਵਾਂਗਾ......

ਮੈਂ ਹੋਸ਼ ਵਿੱਚ ਆ ਰਿਹਾ ਹਾਂ....ਮੈਂ ਬਹੁਤ ਖੁਸ਼ ਹਾਂ..........ਗਲੀ ਵਿੱਚ ਕੁੱਤੇ ਭੌਂਕ ਰਹੇ ਹਨ.......
---------------------------------------------------------------------
ਕੁਝ ਸੁਪਨੇ ਕਿੰਨੇ ਖ਼ਤਰਨਾਕ ਹੁੰਦੇ ਨੇ । ਨਹੀਂ..???....

--------------------04052011----------------------------------


ਮੈਂ   ਸਿਵਲ ਇੰਜਨੀਅਰ ਬਣਨਾ ਚਾਹੁੰਦਾ ਸੀ...ਫਿਰ ਸੈੱਟ ਡਿਜ਼ਾਇਨਰ....ਫਿਰ ਜੱਜ.......।......... ਹੋਇਆ ਕੀ ? ਬਸ ਵਕੀਲ ਬਣ ਕੇ ਘਰ ਚਲਾਉਣ ਲੱਗਿਆ ।......ਮੇਰੀ ਚੋਆਇਸ ਸਮੇਂ ਦੇ ਨਾਲ ਬਦਲਦੀ ਰਹੀ.....। ਜੇਕਰ ਕੋਈ ਹੁਣ ਪੁੱਛੇ....."ਵਤਸ । ਮੰਗ ਜੋ ਮੰਗਣਾ ਹੈ.....। ...."ਨਿਮਰਤਾ ਸਹਿਤ ਕਹਾਂਗਾ.....ਮੈਨੂੰ ਜਾਨਵਰਾਂ ਦਾ ਡਾਕਟਰ ਬਣਾ ਦਿਉ । ਉਹ ਬਹੁਤ ਤਕਲੀਫ਼ ਵਿੱਚ ਹਨ ।" ਪੁੱਠਾ ਆਦਮੀ ਪੁੱਠੀ ਗੱਲ ਵੀ ਕਰ ਸਕਦਾ-" ਤੇਰੀ ਕਵਿਤਾ ਦਾ ਕੀ ਬਣੇਗਾ.....?" ਮੈਂ ਕਹਾਂਗਾ-" ਮੈਂ ਤਿਆਗ ਕਰਨ ਲਈ ਤਿਆਰ ਹਾਂ ".....ਮੈਨੂੰ ਪਤਾ ਅਜਿਹਾ ਕੁਝ ਨਹੀਂ ਹੋਣਾ.....ਕਾਹਤੋ ਸਭ ਕੁਝ ਸੋਚ ਰਿਹਾ ਹਾਂ । ਦਫ਼ਾ ਕਰੋ ।........ਤੁਸੀ ਕਿਉਂ ਸੋਚਣ ਲੱਗ ਪਏ.....? ਇਹਦਾ ਮਤਲਬ ਤਾਂ ਇਹ ਹੋਇਆ....ਕੋਈ ਆਪਣੇ ਮਨ ਦੀ ਗੱਲ ਵੀ ਨਾ ਕਰੇ.......
----------------03052011---------------------------------------

ਮੈਂ ਪਹਿਲੀ ਸਤਰ ਲਈ ਤਰਸਦਾ ਰਹਿੰਦਾ ਹਾਂ । ਕਈ ਵਾਰ ਵੱਡੇ ਤੋਂ ਵੱਡਾ ਖ਼ਿਆਲ ਵੀ ਅਣਲਿਖਿਆ ਪਿਆ ਰਹਿੰਦਾ ।ਆਖ਼ਰੀ ਸਤਰ ਤਾਂ ਅਲੌਕਿਕ ਸ਼ਕਤੀ ਵਾਸਤੇ ਹੈ.....!!!....
ਕਾਸ਼ । ਪਹਿਲੀ ਸਤਰ ਸਹੀ ਲਿਖ ਹੋ ਜਾਂਦੀ ਤਾਂ ਅਨੁਭਵ ਨੇ ਰਚਨਾ ਬਣ ਜਾਣਾ ਸੀ....
ਮਾਫ਼ ਕਰਨਾ.....
ਅਜੇ ਅਲੌਕਿਕ ਸ਼ਕਤੀ ਨੇ ਬਹੁਤ ਲੇਖਕਾਂ ਕੋਲ ਜਾਣਾ ......। ਮੈਂ ਪਹਿਲੀ ਸਤਰ ਦੀ ਉਡੀਕ ਕਰਦਾ ਹਾਂ........

---------------01052011-----------------------------------------

ਮੇਰਾ ਇਕ ਦੋਸਤ ਸੀ ...ਰਾਜੂ । ਮੌਤ ਦੇ ਖੂਹ ਵਿੱਚ ਮੋਟਰ ਸਾਈਕਲ ਚਲਾਉਂਦਾ ਸੀ । ਅੱਧੀ ਬੋਤਲ ਪੀਣ ਤੋਂ ਬਾਦ ਉਸਦੀ ਅੱਖ ਖੁੱਲਦੀ ਸੀ । ਕਈ ਵਾਰ ਉਸਦਾ ਸ਼ੋਅ ਵੇਖਿਆ । ਲੋਕ ਉਸਨੂੰ ਨੋਟ ਫੜਾਉਂਦੇ । ਉਹ ਹੱਥ ਨਾਲ ਫੜ੍ਹ ਕੇ ਮੂੰਹ ਵਿੱਚ ਘੁੱਟ ਲੈਂਦਾ । ਦਾਦ ਦੀ ਸ਼ਿਖਰ ਹੁੰਦੀ ਸੀ ।ਇਕ ਦਿਨ ਉਹ ਸ਼ੋਅ ਖ਼ਤਮ ਹੋਣ ਤੋਂ ਬਾਦ ਮੌਤ ਦੇ ਖੂਹ ਵਿੱਚ ਲੈ ਗਿਆ । ਮੈਂ ਕਿਹਾ..." ..ਮੈਂ ਵੀ ਲਾਅ ਆਫ ਗਰੈਵਟੀ ਜਾਣਦਾ ਹਾਂ.....। ਉਹ ਮੁਸਕਰਾ ਪਿਆ "...ਤੋ ਮੇਰਾ ਸਾਥ ਦੀਜੀਏ ।" ਰਾਜੂ ਨੇ ਮੂਲ ਤਕਨੀਕ ਦੱਸ ਦਿੱਤੀ ਸੀ । ਫਿਰ ਕੀ ਸੀ....ਅਸੀ ਦੋਵੇਂ ਮੌਤ ਦੇ ਖੂਹ ਵਿੱਚ ਮੋਟਰ ਸਾਈਕਲਾ ਭਜਾ ਰਹੇ ਸੀ । ਮੈਂ ਕੁਝ ਪਲਾਂ ਬਾਦ ਜ਼ਮੀਨ ਤੇ ਡਿੱਗ ਪਿਆ । ਸ਼ੁਕਰ ਹੈ,ਕੁਝ ਮਮੂਲੀ ਖਰੋਂਚਾ ਹੀ ਆਈਆ ਸਨ । ਕਹਿੰਦਾਂ.." ਆਪ ਨੇ ਲਾਅ ਆਫ ਗਰੈਵਟੀ ਸੀਖਾ ਹੈ....ਟਾਇਮਿੰਗ ਨਹੀਂ......।"

ਸਟੰਟ ਵੀ ਕੋਈ ਕੋਈ ਕਰ ਸਕਦਾ....!!!

------------------29042011------------------------------


ਮੈਂ ਅਕਸਰ ਭੂਤਾਂ ਨੂੰ ਮਿਲਦਾ ਰਹਿੰਦਾਂ ਹਾਂ ।ਕਾਲੂ, ਛਿੰਦਾ ਵੀਰੂ....... ਆਪਣੇ ਵਰਗੇ ਹੀ ਹੁੰਦੇ ਹਨ.......। ਕੱਲ ਛੱਤ ਤੇ ਘੁੰਮ ਰਿਹਾ ਸੀ ਤਾਂ ਕਾਲੂ ਨੇ ਮੋਢੇ ਤੇ ਹੱਥ ਰੱਖ ਲਿਆ...... ਸਾਹਿਬ । ਇਕ ਗੱਲ ਪੁੱਛਣੀ ਸੀ । ਕੀ ਕਹਿੰਦਾ " ਹਾਂ ਜੀ.... ....." ਬੋਲਿਆ-" ਕੀ ਅਸੀ ਵੀ ਕਵਿਤਾ ਲਿਖ ਸਕਦੇ ਹਾਂ ?" ਮੈਂ ਕਿਹਾ-"ਕਿਉਂ ਨਹੀਂ ?......ਕਹਿੰਦਾ -" ਅਸੀ ਫਿਰ ਡਰਾਇਆ ਕਿਸਨੂੰ ਕਰਾਂਗੇ ? " ਮੈਂ ਕੀ ਆਖਦਾ-" ਨਾ ਤੁਸੀ ਡਰਾਉਣ ਦਾ ਠੇਕਾ ਲਿਆ ? ਅਸੀ ਕਿਸ ਵਾਸਤੇ ਹਾਂ.....'.....ਫਿਰ ਕੀ ਸੀ......"ਹਾ ਹਾ ਹੂ ਹੂ ਹਾ ਅ ਹਾ ਅ ..........
---------------------26042011----------------------------------


ਲੇਖਕ ਬਣਨਾ ਬਹੁਤ ਮੁਸ਼ਕਲ ਹੈ । ਵਰ੍ਹਿਆਂ ਦੇ ਵਰ੍ਹੇ ਲੱਗ ਜਾਂਦੇ ਹਨ । ਮਾਨਤਾ ? ਉਸ ਦੀ ਵੀ ਕੋਈ ਗਰੰਟੀ ਨਹੀਂ ਹੁੰਦੀ । ਕੁਝ ਦਿਨਾਂ ਤੋਂ ਸੋਚ ਰਿਹਾ ਹਾਂ ਕਿ ਕੁਝ ਅੰਗ਼ਰੇਜ਼ੀ ਦੀਆਂ ਰਚਨਾਵਾਂ ਆਪਣੇ ਨਾਮ ਤੇ ਛਪਵਾ ਲਵਾਂ....ਮੋਇਆ ਨੂੰ ਪਤਾ ਲੱਗਣੈ ?..ਪਰ ਮੈਨੂੰ ਤਾਂ ਅੰਗਰੇਜ਼ੀ ਵੀ ਨਹੀਂ ਆਉਂਦੀ....।
ਤੁਹਾਡੀ ਮਦਦ ਚਾਹੁੰਦਾ ਹਾਂ....
ਜੇ ਪੰਜਾਬੀ ਸਾਹਿੱਤ ਦੀਆਂ ਰਚਨਾਵਾਂ ਚੁੱਕ ਲਵਾਂ....ਕਿਹੜਾ ਕਿਸੇ ਨੇ ਪੁੱਛਣਾ.....?? ਕੁਝ ਚਿਰ ਵਿੱਚ ਹੀ ਪੰਜਾਬੀ ਸਾਹਿੱਤ ਦਾ ਸਰਤਾਜ਼ ਬਣ ਸਕਦਾ ਹਾਂ । ਪੰਜਾਬੀ ਦੇ ਭੇਡੂ ਜਿਹੇ ਲੇਖਕ ਕੀ ਕਰ ਲੈਣਗੇ....???
ਤੁਹਾਡਾ ਕੀ ਖ਼ਿਆਲ ਹੈ ????.....
-------------------22042011--------------------------------------



ਟਰ ਟਰ ਟਰ .....
ਮੈਨੂੰ ਡੱਡੂਆਂ ਦਾ ਸੰਗੀਤ ਬਹੁਤ ਪਿਆਰਾ ਲੱਗਦਾ ਹੈ । ਬਸ ਇੱਕ ਹੀ ਸ਼ਰਤ ਹੁੰਦੀ ਹੈ ਕਿ ਉਹ ਰਿਦਮ ਵਿੱਚ ਹੋਣ । ਰਾਗ ਕਿਸੇ ਅਕਾਸ਼ ਤੋਂ ਉਤਰੇ ਨੇ । ......ਕਿਸਾਨ ਅਜੇ ਤਕ ਫ਼ਸਲ ਸਾਂਭ ਰਿਹਾ....। ਬਰਸਾਤ ? ਕੋਈ ਦੁਸ਼ਮਣ ਹੀ ਮੰਗ ਸਕਦਾ ਹੈ ।ਛੱਪੜ ਕਾਹਦੇ ਲਈ ਹੈ ???.....
ਟਰ ਟਰ ਟਰ.......
---------------22042011-----------------------------------------


ਮੈਂ ਰਾਤ ਨੂੰ ਉੱਠ ਕੇ ਦਰਵਾਜ਼ੇ ਦੇਖਦਾ ਹਾਂ..........ਮੇਰੇ ਘਰ ਕਿਹੜਾ ਕਿਸੇ ਰਾਜੇ ਦਾ ਖ਼ਜ਼ਾਨਾ ਨੱਪਿਆ ਹੈ.... ਮੇਰਾ ਬੇਟਾ ਭੂਤਾਂ ਦੀਆਂ ਅਵਾਜ਼ਾ ਸੁਣਦਾ ਹੈ.....। ਹਰ ਵੇਲੇ ਹਨੂਮਾਨ ਚਲੀਸਾ ਪੜ੍ਹਦਾ ....

ਕੁਝ ਡਰ ਹੁੰਦੇ ਹਨ.........। ਕੋਈ ਕੁਝ ਵੀ ਨਹੀਂ ਕਰ ਸਕਦਾ...। ਕਿਹੜੇ ਪੁਰਖੇ ਦਾ ਜੀਨਸ ਕਿੱਥੋ ਤਕ ਜਾਵੇਗਾ ?....ਕੀ ਤੁਸੀ ਜਾਣਦੇ ਹੋ ??

ਫੇਸਬੁਕ ਦੇ ਦੋਸਤਾਂ ਬਾਰੇ ਗੱਲ ਕਰਨੀ ਸੀ। ਕੀ ਗੱਲ ਕਰਨੀ ਸੀ...???...ਭੁਲਾ ਤਾ ਨਾ....
---------------21042011--------------------------------------





Saturday, 30 April 2011

ਮੱਛਲੀ ਬਜ਼ਾਰ





ਮੈਂ ਅਜੇ ਪੱਥਰ ਦਾ ਅਕਾਰ ਵੇਖਣਾ ਹੈ....ਮੂੰਗੇ ਦਾ ਤਰਜ਼ੁਮਾ ਕਰਨਾ ਹੈ....ਸਿੱਪੀ ਦਾ ਗੀਤ ਗਾਉਣਾ ਏ....‍ ਸਮੁੰਦਰ ਦੇ ਅੰਤ ਨੂੰ ਪਾਣਾ ਏ.....ਤਾਂ ਕਿ ਕੋਈ ਇਹ ਨਾ ਆਖੇ....ਮਰੀ ਮਛਲੀ ਦਾ ਕਾਹਦਾ ਜੀਣਾ.......ਕੀ ਮਰੀ ਮਛਲੀ ਦਾ ਵੀ ਜੀਵਨ ਹੁੰਦਾ.....???....
-----------------------20042011---------------------------------


ਸਾਡੇ ਸ਼ਹਿਰ ਤੋਰੀਆਂ ਵੇਚਣ ਵਾਲੇ ਨੇ ਨਵਾਂ ਕਾਲਜ ਖੋਲ੍ਹਿਆ ਹੈ । ਹਾ ਹਾ ਹਾ ।..........ਕੀ ਕੋਈ ਹੱਸਣ ਵਾਲੀ ਗੱਲ ਹੈ ?...ਜੇਕਰ ਕੋਈ ਲੱਡੂਆਂ ਵੱਟਣ ਵਾਲਾ.... ....ਯੂਨੀਵਰਸਿਟੀ ਖੋਲ੍ਹ ਸਕਦਾ ਤਾਂ ਕੀ ਤੋਰੀਆਂ ਵੇਚਣ ਵਾਲਾ ਕਾਲਜ ਨਹੀਂ ਖੋਲ੍ਹ ਸਕਦਾ.......ਇਕ ਤਾਂ ਤੁਸੀ ਗੱਲ ਭੁਲਾ ਦੇਂਦੇ ਹੋ...ਹਾਂ ਤਾਂ ਮੈਂ ਕੀ ਕਹਿ ਰਿਹਾ ਸੀ.............ਅੱਜ ਉਸਦੇ ਪ੍ਰਿੰਸੀਪਲ ਨੂੰ ਮਿਲਣ ਚਲਾ ਗਿਆ.....ਸਭ ਤੋਂ ਪਹਿਲਾ ਤਾਂ ਮੁਬਾਰਕ ਦਿੱਤੀ......। ...ਫਿਰ ਬੇਨਤੀ ਕੀਤੀ....... . " ਸਰ । ਮੇਰੇ ਇਕ ਅਜ਼ੀਜ ਨੂੰ ਦਾਖਲਾ ਚਾਹੀਦਾ ਹੈ...ਕੀ ਤੁਸੀ.... ? " ਨਾਲ ਦੀ ਨਾਲ ਹੀ ਬੋਲਿਆ -" ਕੋਈ ਗੱਲ ਨਹੀਂ । ਢਾਈ ਕਿੱਲੋ ਗੁੱਟੀਆ ਲੱਗਣਗੀਆ.....।"
ਬਾਕੀ ਗੱਲ ਫਿਰ ਕਰਾਂਗਾ....ਕੋਈ ਮਿਲਣ ਆਇਆ ਹੈ.......
-------------------------20042011------------------------------------




ਮੁੰਡੂ ਚਾਹ ਲੈ ਕੇ ਆਇਆ । ਮੁੰਡੂ ਚੈਂਬਰ ਦੇ ਸਾਹਵੇਂ ਖੜ੍ਹ ਕੇ ਬੋਲਿਆ-"ਬਾਊ । ਬੂਟ ਪਾਲਸ਼ ਕਰਾਣੇ ? ਮੁੰਡੂ ਦੀ ਹੀ ਜ਼ਮਾਨਤ । ਮੁੰਡੂ ਹੀ ਪਾਣੀ ਪਿਆ ਰਿਹਾ । ਮੁੰਡੂ ਨੇ ਹੀ ਟਿਊਬ ਦਾ ਪੰਚਰ ਲਾਇਆ । ਮੁੰਡੂ ਹੀ.........।

ਚਾਇਲਡ ਲੇਬਰ !
ਕਨੂੰਨ ਤਾਂ ਬਣਿਆ ਹੈ । ਲਾਗੂ ਕੌਣ ਕਰੇ ?...... ।...ਹੁਣ ਮਸਲਾ ਕਨੂੰਨ ਬਣਾਉਨ ਜਾਂ ਲਾਗੂ ਕਰਨ ਦਾ ਨਹੀਂ ਹੈ ..ਸੁੱਤੀਆ ਰੂਹਾਂ  ਨੂੰ ਜਗਾਣ ਦਾ ਹੈ ।

ਕਈ ਮੁਲਕਾ ਕੋਲ ਤਾਂ ਆਪਣਾ ਸੰਵਿਧਾਨ ਵੀ ਨਹੀਂ ਹੈ ।ਕਈ ਦੇਸ਼ਾ ਕੋਲ ਤਾਂ ਆਪਣੀ ਫੌਜ ਵੀ ਨਹੀਂ ਹੈ ।....

ਕੀ ਕਿਸੇ ਕੋਲ ਜਨਾਬ ਸ਼ਿਵ ਕੁਮਾਰ ਸ਼ਰਮਾ ਦੀ ਨਜ਼ਮ-"ਮੁੰਡੂ ਠੇਕੇਦਾਰਾ ਦਾ ...ਸਾਵਾ ਬਿਰਖ਼ ਪਹਾੜਾ ਦਾ....." ਹੈ ?

ਜੱਜ ਸਾਹਿਬ ਕਿੱਥੇ ਹੋ...??
ਜੱਜ ਸਾਹਿਬ ???..............
--------------------19042011-------------------------------------



ਮੈਨੂੰ ਚਵਿੰਗਮ ਤੋਂ ਬਹੁਤ ਨਫ਼ਰਤ ਹੈ....ਜਬਾੜੇ ਦੁਖਣ ਲੱਗਦੇ.....।...ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈਂਦਾ.....। ਤੁਸੀ ਕਹੋਗੇ ....ਆਹ ਕੀ ਗੱਲ ਹੋਈ ???......ਕੁਝ ਗੱਲਾਂ ਬਸ ਇਂਜ ਹੀ ਹੁੰਦੀਆ ਨੇ.........
-------------------------18042011------------------------------



ਜਦ ਡੋਲੀ ਤੁਰਦੀ ਤਾਂ ਭੱਜ ਕੇ ਛੱਤ ਤੇ ਚਲੇ ਜਾਣਾ ।ਲਾੜੇ ਦਾ ਬਾਪੂ ਆਪਣੀ ਲਾਲ ਥੈਲੀ ਨਾਲ ਕਾਰ ਦੇ ਮੂਹਰੇ ਭੱਜਣਾ ਸ਼ੁਰੂ ਕਰਦਾ..ਜਾਪਦਾ ਕਿਸੇ ਵੱਡੀ ਰਿਆਸਤ ਦਾ ਨਵਾਬ ਹੋਵੇ... .ਖੜਾਕ ਖੜਾਕ ਦੀ ਅਵਾਜ਼ ....ਕਿਧਰੇ ਚਵਾਨੀ...ਕਿਧਰੇ ਧੇਲੀ....ਕਿਧਰੇ ਰੁਪਈਆ ਡਿੱਗਦਾ.....। ਬੱਚੇ ਕਦੇ ਜ਼ਮੀਨ ਤੇ ਹੱਥ ਮਾਰਦੇ...ਕਦੇ ਨਾਲੀ ਵਿੱਚ.....।ਮੈਨੂੰ ਪੱਲੀ  ਵਾਲਿਆ ਉੱਤੇ ਬਹੁਤ ਗੁੱਸਾ ਆਉਂਦਾ ...। ਕੋਈ ਮਾੜਚੂ ਪੈਰਾਂ ਵਿੱਚ ਵੀ ਮਧੋਲਿਆ ਜਾਂਦਾ..."ਮਰ ਗਿਆ......।" ...ਵਾਜਿਆਂ ਦੀ ਅਵਾਜ਼ ....ਕਿਸ ਦਾ ਦਰਦ ਸੁਣਨ ਦੇਂਦੀ ਹੈ......। ਨਹੀਂ ???......
-----------------------------------------------------------------------
ਪੱਲੀ : ਚੁੰਨੀ ਨੂੰ ਦੋ ਢਾਂਗਿਆ ਨਾਲ ਬੰਨਣਾ ---------------------------17042011---------------------------------


ਮੈਨੂੰ ਭੂਤ ਬਹੁਤ ਚੰਗੇ ਲੱਗਦੇ ਹਨ...ਕੱਲ ਪਤਨੀ ਨੇ ਖਾਣਾ ਰੱਖਿਆ ਤਾਂ ਸਾਹਮਣੇ ਬਹਿ ਗਿਆ ..." ਮੇਰੀ ਥਾਲੀ ਕਿੱਥੇ ਹੈ ? " ਸਮਝਾਇਆ..." ਮੇਰੇ ਨਾਲ ਹੀ ਖਾ ਲੈ.. ਆਪਣੀ ਭਾਬੀ ਦੀ ਜਾਨ ਕੱਢ ਕੇ ਕੀ ਮਿਲੇਗਾ ??" ਜਲਦੀ ਹੀ ਮੰਨ ਗਿਆ । ਪ੍ਰਸ਼ਨ ਕੀਤਾ " ਕੀ ਆਤਮਾ ਨੂੰ ਭੁੱਖ ਲੱਗਦੀ ? ਮੁਸਕਰਾ ਕੇ ਬੋਲਿਆ - " ਕੀ ਸਰੀਰ ਨੂੰ ਰੋਟੀ ਦੀ ਜ਼ਰੂਰਤ ਹੁੰਦੀ ਹੈ ? "....ਸ਼ਾਇਦ ਉਹ ਨੋਇਡਾ ਤੋਂ ਹੋ ਕੇ ਆਇਆ ਸੀ.....ਮੈਂ ਕੀ ਆਖਦਾ...
ਪਰ ਉਹ ਖਾਣਾ ਖਾਂਦੇ ਬੋਲਿਆ....ਇਕ ਦੋ ਪੈੱਗ ਮਿਲ ਸਕਦੇ ਨੇ ...???......


 ------------------------------------------------------------
ਹਵਾਲਾ : ਨੋਇਡਾ ਪੁਲੀਸ ਨੇ ਦੋ ਭੈਣਾਂ ਨੂੰ ਸੱਤ ਮਹੀਨੇ  ਬਾਦ ਬੰਦ ਮਕਾਨ ਤੋਂ ਬਾਹਰ ਕੱਢਿਆ । ਉਹ ਪਾਣੀ ਅਤੇ ਖਾਣੇ ਤੋਂ ਬਿਨਾਂ ਜੀਅ ਰਹੀਆ ਸਨ । ਇਕ ਭੈਣ ਦੀ ਹਸਪਤਾਲ ਵਿੱਚ ਮੌਤ ।
------------------14042011-------------------------------




ਮੈ ਆਪਣੇ ਦੋਸਤ ਨੂੰ ਆਖ ਦਿੱਤਾ - " ਮੈਂ ਬਹੁਤ ਚਿਰ ਤੋਂ ਘੜ੍ਹੀ ਬੰਨਣੀ ਛੱਡ ਦਿੱਤੀ । " ਕਹਿੰਦਾ - " ਹੁਣ ਤਾਂ ਮੁਬਾਇਲ ਤੋਂ ਵੀ ਵਕਤ ਦਾ ਪਤਾ ਲੱਗ ਜਾਂਦਾ । " ਮੈਂ ਕੀ ਕਿਹਾ ਫਿਰ ? ਕਿਹਾ - " ਮੈਂ ਮੁਬਾਇਲ ਵੀ ਸਤਲੁਜ ਵਿੱਚ ਸੁੱਟ ਆਇਆ । " ਦੋਸਤ ਆਪਣਾ ਮੁਬਾਇਲ ਕੱਢ ਕੇ ਮੇਰਾ ਨੰਬਰ ਲਾਉਣ ਲੱਗਿਆ । ਫਿਰ ਕੀ ਹੋਇਆ ?? ਬੈੱਲ ਤਾਂ ਵੱਜਣੀ ਸੀ ....

ਜੀਵਿਕਾ ਕਿੱਥੇ ਜੀਣ ਦੇਂਦੀ ਹੈ ......
-------------------14042011-----------------------------



ਕੋਈ ਵੀ ਨਵੀਂ ਚੀਜ਼ ਖਰੀਦ ਕੇ ਲਿਆਵਾਂ । ਬੀਵੀ ਦਾ ਪਹਿਲਾ ਸਵਾਲ ਹੁੰਦਾ - "ਕਿੰਨੇ ਦੀ ? " ਮੈਂ ਅੱਧੀ ਕੀਮਤ ਦੱਸ ਦੇਂਦਾ ਹਾਂ । ਜਵਾਬ ਹੁੰਦਾ -"ਮੈਂ ਖਰੀਦ ਕੇ ਲਿਆਦੀਂ ਤਾਂ ਹੋਰ ਵੀ ਸਸਤੀ ਆਉਣੀ ਸੀ । " ਮੈਂ ਮੁਸਕਰਾ ਕੇ ਆਖਦਾ ਹਾਂ-" ਅਗਲੀ ਵਾਰ ਤੈਨੂੰ ਭੇਜਾਗਾ । " ਅੱਜ ਨਵਾਂ 'ਉਵਨ' ਲਿਆਂਦਾ ਤਾਂ ਗੁਆਂਢਣ ਨਾਲ ਗੱਲਾਂ ਕਰਦੀ ਬੀਵੀ ਨੇ ਉਹੀ ਸਵਾਲ ਕੀਤਾ । ਕਿੰਨੇ ਦਾ ਏ ?"ਕਿਹਾ-" ਆਹ ਤਾਂ ਕੰਪਨੀ ਵਾਲੇ ਦਿੱਲੀ ਚੌਂਕ ਵਿੱਚ ਮੁਫ਼ਤ ਵੰਡ ਰਹੇ । ਮੇਰੀ ਗੱਲ ਸੁਣ ਕੇ ਗੁਆਂਢਣ ਨੇ ਬਾਂਹ ਫੜ੍ਹ ਲਈ -" ਚੱਲ ਪੁੱਤਰ ਸਕੂਟਰ ਨੂੰ ਕਿਕ ਮਾਰ,ਅਸੀ ਤਾਂ ਰਾਣੀ ਦਾ ਵਿਆਹ ਰੱਖਿਆ ।ਮੈਂ ਸੋਚਣ ਤੋਂ ਇਲਾਵਾ ਕੀਹ ਕਰ ਸਕਦਾ ਸੀ । " ਬੀਵੀ ਕਹਿੰਦੀ-" ਭੱਜ ਕੇ ਜਾਉ ਜੀ । ਭਲੇ ਵਾਲਾ ਕੰਮ ਏ....
ਫਿਰ ?
ਸੱਤਾਂ ਚੁੱਲਿਆਂ ਦੀ ਸਵਾਹ ...........
-------------------------------------------------------------------
ਸਿੱਟਾ : ਝੂਠ ਬੋਲਣਾ ਪਾਪ ਹੈ । ਅਭਿਸ਼ਾਪ ਹੈ ।
--------------12042011------------------------------------------



ਕਦੇ ਚੰਡੀਗੜ੍ਹ ਜਾਉ...ਤਾਂ ਛੱਤਬੀੜ ਨਾ ਜਾਣਾ....ਨਹੀਂ ਤਾਂ ਮੇਰੇ ਵਾਂਗ...ਤੁਹਾਨੂੰ ਵੀ ਸ਼ਰਮਿੰਦਾ ਹੋਣਾ ਪਵੇਗਾ......ਤੁਹਾਡੇ ਵੱਲ ਤਰਸ ਭਰੀਆ ਨਜ਼ਰਾਂ ਦੇਖਣਗੀਆਂ....

ਕੁਝ ਦਿਨ ਪਹਿਲਾ ਛੱਤਬੀੜ ਗਿਆ । ਚਿੜੀਆ ਘਰ ਪਿੰਜਰਿਆ ਨਾਲ ਭਰਿਆ ਹੈ । ਨੀਲ ਗਾਂ,ਭਾਲੂ,ਮਗਰਮੱਛ ਚੀਤਾ,ਬੱਬਰ ਸ਼ੇਰ....।

ਮਨੁੱਖ ਤੋਂ ਵੱਡਾ ਅਪਰਾਧੀ ਕਿਹੜਾ ਹੋ ਸਕਦਾ । ਜੇ ਕਰ ਮਨੁੱਖ ਨੂੰ ਉਸਦੀ ਮਰਜ਼ੀ ਦੇ ਵਿਰੁੱਧ ਰੋਕਿਆ ਜਾਵੇ ਤਾਂ ਭਾਰਤੀ ਕਨੂੰਨ ਅਨੁਸਾਰ ਅਪਰਾਧ ਮੰਨਿਆ ਜਾਂਦਾ ਹੈ । ਪਰ ਮਨੁੱਖ ਦੀ ਤਾਂ ਆਪਣੀ ਹਕੂਮਤ ਹੁੰਦੀ ਹੈ...ਆਪਣਾ ਇਲਾਕਾ....ਆਪਣਾ ਕਨੂੰਨ...ਆਪਣਾ ਦੰਭ....ਆਪਣਾ ਲੋਜਿਕ....

ਕਈ ਵਾਰ ਕਿਸੇ ਨਾਲ ਅੱਖ ਮਿਲਾਉਣੀ ਕਿੰਨੀ ਮੁਸ਼ਕਲ ਹੁੰਦੀ.....?.....

-------------------11042011-------------------------------


ਮੈਨੂੰ ਮੁਰਦੇ ਚੰਗੇ ਲੱਗਦੇ ਹਨ....ਪਰ ਮੇਰੀ ਇਕ ਸ਼ਰਤ ਹੈ....ਉਹ ਸਾਹ ਲੈਂਦੇ ਹੋਣ......।।।.....ਮੇਰੇ ਲਈ ਫੇਸਬੁਕ ਮੰਦਰ ਵਾਂਗ ਹੈ......।।।।.....ਮੁਰਦਿਆ ਨੂੰ ਮੰਦਰ ਵਿਚ ਰੱਖਣਾ ਪਾਪ ਹੁੰਦਾ.....ਕਲ੍ਹ ਨਵਾਂ ਮਹੀਨਾ ਚੜ੍ਹਣਾ.......ਧੂਪ ਬੱਤੀ ਕਰਨ ਤੋਂ ਪਹਿਲਾਂ.....ਆਪਣੀ ਪ੍ਰੋਫਾਇਲ ਦੇ ਮੁਰਦਿਆ ਨੂੰ ਬਾਹਰ ਸੁੱਟਾਗਾਂ......। ਮੈਂ ਕਿੰਨਾਂ ਆਸਤਕ ਹਾਂ......ਨਹੀਂ....???.........
-------------------------31032011----------------------------------



Wednesday, 6 April 2011

ਹਰੇ ਸੂਰਜ ਦੀ ਤ੍ਰਿਸ਼ਣਾ

 

 

29 March


ਮੇਰੇ ਕੋਲ ..ਕਾਗ਼ਜ਼ ਹੈ..ਕਲਮ ਹੈ..ਦਵਾਤ ਹੈ...ਖ਼ਿਆਲ ਹੈ....ਪਰ ਜੁਗਤ ਨਹੀਂ ਹੈ....ਲਿਖਣਾ ਕੋਈ ਜ਼ਰੂਰੀ ਤਾਂ ਨਹੀਂ ......। ਮੇਰੇ ਕੋਲ ...ਕਿਤਾਬ ਹੈ...ਨਜ਼ਰ ਹੈ.......ਸਮਝ ਹੈ.....ਪਰ ਬਿਰਤੀ ਨਹੀਂ....ਪੜ੍ਹਣਾ ਕੋਈ ਜ਼ਰੂਰੀ ਤਾਂ ਨਹੀਂ ..।.....

21 March


ਅੱਜ ਸਾਰਾ ਦਿਨ ਆਪਣੇ ਪੁਰਖ਼ੇ ਯਾਦ ਆਉਂਦੇ ਰਹੇ । ਦਾਦਾ ਜੀ ਦਾ ਨਾਮ ਸਭ ਨੂੰ ਪਤਾ ਹੁੰਦਾ ।... ਪਰ ਮੈਨੂੰ ਆਪਣੇ ਪਰਦਾਦਾ ਜੀ ਦਾ ਨਾਮ ਵੀ ਪਤਾ ਹੈ ।... ਨਾਗਰ ਮੱਲ .....ਉਹਨਾਂ ਦੇ ਪਿਤਾ ਜੀ ਬਲਾਕੀ ਮੱਲ । ਉਸਤੋਂ ਅੱਗੇ ਸੁੰਨ ਪੱਸਰੀ ਹੈ......... ।........ਸ਼ਾਇਦ ਇਹ ਵੀ ਪਤਾ ਨਾ ਹੁੰਦਾ....ਜੇਕਰ ਮੇਰਾ ਵੱਡਾ ਭਰਾ.... ਮਾਂ ਦੇ ਫੁੱਲ ਤਾਰਨ ਹਰਿਦੁਆਰ ਨਾ ਗਿਆ ਹੁੰਦਾ.....। ਮੈਂ ਆਪਨੇ ਹੋਣ ਵਾਲੇ ਪੋਤੇ ਦੇ ਪੋਤੇ ਬਾਰੇ ਸੋਚ ਰਿਹਾ ਹਾਂ......। ਮੈਨੂੰ ਲੱਗਦੈ....ਹਰਿਦੁਆਰ ਦੇ ਪਾਂਡਿਆ ਕੋਲੋ ਹੁਣ ਪੁਰਾਂਤਨ ਵਹੀਆ ਦੀ ਏਨੀ ਰਾਖੀ ਨਹੀਂ ਹੋ ਸਕਣੀ.....ਉਹਨਾਂ ਦੇ ਬੱਚੇ ਜੱਦੀ ਕੰਮ ਨੂੰ ਪਸੰਦ ਨਹੀਂ ਕਰਦੇ.....।.....

19 March

ਸ਼ੁੱਕਰ ਨੂੰ ਅਨੰਦਤ ਜੀਵਨ ਨਾਲ ਜੋੜਿਆ ਜਾਂਦਾ ਹੈ..ਜਦ ਉਹ ਆਪਣੀ ਨੀਚ ਰਾਸ਼ੀ ਕੰਨਿਆਂ ਵਿਚ ਚਲਾ ਜਾਂਦਾ....ਤਾਂ ਆਖਿਆ ਜਾਂਦਾ....ਤਾਰਾ ਡੁੱਬ ਗਿਆ। ਅਜਿਹੀ ਸਥਿਤੀ 'ਚ ਹਿੰਦੂ ਧਰਮ ਵਿਵਾਹ ਸਮਾਗਮਾਂ ਤੇ ਰੋਕ ਲਗਾ ਦੇਂਦਾ ਹੈ । ਬੜੇ ਚਿਰ ਤੋਂ ਕੋਈ ਸ਼ਾਦੀ ਦਾ ਨਿਉਤਾ ਨਹੀਂ ਆ ਰਿਹਾ.....।
ਸਮਾਗਮ ਅਟੈਂਡ ਕਰਦਾ ਬਹੁਤ ਥੱਕ ਗਿਆ ਹਾਂ ......
ਸ਼ੁਕਰ ਹੈ ।.......
----------------------------------------------------------------
ਛੜਿਆਂ ਤੋਂ ਮੁਆਫ਼ੀ ਸਹਿਤ ...ਛੜੀਆਂ ਤਾਂ ਸਿਆਣੀਆਂ ਹੁੰਦੀਆਂ....

 

19 March


ਘਰ ਵਿਚ ਸ਼ੀਸ਼ਾ ਲੱਗਿਆ ਹੈ .....ਤੁਰਦੇ ਫਿਰਦੇ ਨਜ਼ਰ ਪੈ ਜਾਂਦੀ ਹੈ । ਜਦ ਗੁੱਸਾ ਆਉਂਦਾ ਤਾਂ ਸਪੈਸ਼ਲ ਸ਼ੀਸ਼ੇ ਕੋਲ ਜਾਂਦਾ ਹਾਂ । ਭੱਦਾ ਚਿਹਰਾ ਦੇਖਣਾ ਕਿਸਨੂੰ ਪਸੰਦ ਹੋਵੇਗਾ । ਜਲਦੀ ਹੀ ਸਥਿਰ ਹੋ ਜਾਂਦਾ ਹਾਂ । ਜਦ ਕੋਈ ਘਰ ਵਿਚ ਨਹੀਂ ਹੁੰਦਾ...ਤਾਂ ਮੇਰੇ ਨਾਲ ਮੇਰੇ ਵਰਗਾ ਕੋਈ ਹੋਰ ਮਨੁੱਖ ਹੁੰਦਾ । ...ਅੱਜ ਸ਼ੀਸ਼ਾ ਡਿੱਗ ਕੇ ਟੁੱਟ ਗਿਆ ਹੈ ।....ਬਜ਼ਾਰ ਨੂੰ ਜਾਣ ਲੱਗਦਾ ਤਾਂ ਪਤਨੀ ਮਜ਼ਾਕ ਕਰਦੀ ਹੈ-" ਇਸ ਉਮਰ ਵਿਚ ਸ਼ੀਸ਼ੇ ਦਾ ਕੀ ਕਰਨਾ ?...। ਮੈਨੂੰ ਗੁੱਸਾ ਆਉਂਦਾ ਹੈ .........ਫਿਰ ਆਪਣੇ ਆਪ ਨੂੰ ਆਖਦਾ ਹਾਂ...ਪਹਿਲੇ ਸ਼ੀਸ਼ਾ ਤਾਂ ਲੈ ਆ...ਆਪਣੇ ਭੱਦੇ ਚਿਹਰੇ ਨੂੰ ਕਿਵੇਂ ਵੇਖੇਗਾ ?
ਕੀ ਤੁਹਾਡੇ ਘਰ ਵਿਚ ਵੀ ਕੋਈ ਸ਼ੀਸ਼ਾ ਲੱਗਿਆ ਹੈ ?......

 

18 March


ਤੁਸੀ ਕਦੇ ਇਮਲੀ ਦਾ ਦਰੱਖਤ ਵੇਖਿਆ ?...ਕਿਤੇ ਇਹ ਨਾ ਆਖਣਾ....ਅਸੀ ਕੁਝ ਧਾਰਨ ਕੀਤਾ ?....ਮੇਰਾ ਮਤਲਬ ਇਹ ਨਹੀਂ ਸੀ । ...ਦਰਅਸਲ ...ਬਚਪਨ ਦੇ ਦਿਨਾਂ ਵਿਚ ਅਸੀ ਦੁਪਹਿਰ ਵੇਲੇ ਇਮਲੀ ਦੇ ਬੂਟੇ ਦੁਆਲੇ ਹੋ ਜਾਂਦੇ ।. ਘਰ ਦੇ ਲਾਗੇ ਸੀ........ਪੱਥਰਾਂ ਦੀ ਬਰਸਾਤ ਕਰਨੀ....। ਇਮਲੀ ਦੇ ਪੱਤਿਆਂ ਨਾਲ ਜੇਬਾਂ ਭਰ ਜਾਣੀਆਂ । ਫਿਰ ਕੀ ਸੀ....। ਗਲੀਆਂ ਦੀਆਂ ਜਨਾਨੀਆਂ ਮਿੰਨਤਾਂ ਕਰਦੀਆਂ ।.....ਵੇ ਸਰੋਜ ਦੇ ਮੁੰਡਿਆਂ.......।.....ਵੇ ....
......ਸਾਲਾਂ ਦੇ ਸਾਲ ਗੁਜ਼ਰ ਗਏ.....ਅੱਜ....ਮੇਰਾ ਬੇਟਾ ਇਮਲੀ ਤੋੜਣ ਗਿਆ.....ਕਹਿੰਦਾਂ......" ਪਾਪਾ ਕਿਸੇ ਨੇ ਇਮਲੀ ਦਾ ਦਰੱਖਤ ਵੱਢ ਤਾ....।" ਚਾਹ ਦਾ ਕਪ ਹੱਥਾਂ ਵਿਚ ਕੰਬਣ ਲੱਗਿਆ। ਮੂੰਹੋ ਨਿਕਲਿਆ-"ਭੂਚਾਲ ਤਾਂ ਜਪਾਨ ਵਿਚ ਆਉਂਦੇ ਨੇ.......

16 March

ਕੁਝ ਲੋਕ ਗਿਆਨੀ ਹਨ....ਪਰ ਇਮਾਨਦਾਰ ਨਹੀਂ.....। ਕੁਝ ਲੋਕ ਇਮਾਨਦਾਰ ਤਾਂ ਹਨ ਪਰ ਗਿਆਨੀ ਨਹੀਂ......। ਦੋਵਾਂ ਸ਼ਕਤੀਆਂ ਦਾ ਮਿਲਣਾ ਜ਼ਰੂਰੀ ਨਹੀਂ ।ਮੇਰੀ ਨਜ਼ਰ ਵਿਚ: ਸਭ ਤੋਂ ਵੱਡਾ ਹੈ ....ਇਮਾਨ.......ਗਿਆਨ ਦਾ ਕੀਹ ਹੈ....? ਜਿੱਥੇ ਇਮਾਨ ਹੋਵੇਗਾ.....ਉਸ ਜਗ੍ਹਾ਼ ਘੁੰਗਰੂ ਪਾ ਕੇ ਨੱਚੇਗਾ.....ਇਹ ਮੇਰਾ ਯਕੀਨ ਹੈ...ਦਾਵੇ ਤਾਂ ਝੂਠੇ ਹੁੰਦੇ......

16 March


ਜੇ
ਮਰਨਾ
ਤਾਂ ਚੱਜ ਨਾਲ ਮਰ
ਸਰਕਾਰ ਨੂੰ ਪਤਾ ਤਾਂ ਲੱਗੇ ....

20 February


ਆਪਣੇ ਦੋਨਾਂ ਦੇ ਜੀਣ ਵਿਚ ਫ਼ਰਕ ਹੈ .....
ਏਸ ਲਈ ਆਪਾ ਨੂੰ ਇੱਕ ਦੂਜੇ ਦੀ ਗੱਲ ਮੁਸ਼ਕਲ ਨਾਲ ਸਮਝ ਆਵੇਗੀ ...ਚਲ ਆਪਣਾ ਆਪਣਾ ਰਸਤਾ ਫੜੀਏ....
----------------------------------------------------
ਕੀ ਕੋਈ ਭਾਸ਼ਾ ਸਿਖਣ ਨਾਲ ਵੀ ਅਮੀਰ ਹੁੰਦਾ ???....

16 February


ਧਰਤੀ ਸੂਰਜ ਦੁਆਲੇ ਚੱਕਰ ਲਾ ਰਹੀ....ਚੰਦਰਮਾਂ ਧਰਤੀ ਦੁਆਲੇ..... । ਜੇਕਰ ਤੱਤ ਨੂੰ ਤੱਤ ਮਿਲ ਜਾਣ ਤਾਂ ਮੁਹੱਬਤ ਨੂੰ ਮੁਹੱਬਤ ਕੌਣ ਕਹੇਗਾ ।

30 January


ਮਿਸ਼ਰ ਦੇ ਲੋਕ ਸੜਕਾਂ ਤੇ ਆ ਗਏ ਹਨ.....ਕੀ ਭਾਰਤ ਵਿੱਚ ਵੀ ਅਜਿਹਾ ਵਾਪਰ ਸਕਦਾ ਹੈ ? ..ਲੋਕ ਤਾਂ ਇੱਥੇ ਵੀ ਭੁੱਖੇ ਮਰ ਰਹੇ ਹਨ । ......

 

Monday, 4 April 2011

ਵੀਨਸ


 

14 March


ਜਾਨਵਰ ਕਿਹੜਾ ਦੱਸ ਸਕਦਾ- " ..ਜਬਾੜਾ ਦੁਖ ਰਿਹਾ....ਕੰਨ ਵਿਚ ਦਰਦ ਹੈ.?....ਸਿਰ ਚਕਰਾ ਰਿਹਾ...??..ਢਿੱਡ ਵਿੱਚ ਪੀੜ ਹੈ...???.।
ਮਨੁੱਖ ਕੋਲ ਜਿੱਭ ਹੈ.....ਪਰ ਉਹ ਜਦ ਵੀ ਬੋਲਦਾ " ਭੁੱਖ ਲੱਗੀ ਹੈ......।
ਕੋਈ ਕੀ ਕਰੇ....ਨਫ਼ਰਤ ਦੇ ਸਿਵਾ......

 

04 March


.....ਮੇਰੀ ਆਦਤ ਹੈ ...ਅਕਸਰ ਭੁੱਲ ਜਾਂਦਾ ਹਾਂ .............ਕਿਸੇ ਨੇ ਸਲਾਹ ਦਿੱਤੀ ...ਡਾਇਰੀ ਰਖਿਆ ਕਰ ....ਕੀ ਕਰਾਂ ???......ਅੱਜ ਡਾਇਰੀ ਵੀ ਨਹੀ ਮਿਲ ਰਹੀ .....

01 March



"ਮੇਰੇ ਕੋਲ ਖਾਬ ਸਨ ....ਇੱਕ ਖਾਬ ਦਾ ਮੁੱਲ ਚੁਆਨੀ ਕੁ ਜਿੰਨਾ ਹੁੰਦਾ ਹੈ ...ਤੇ ਹੁਣ ਉਸਨੂੰ ਵੀ ਸਰਕਾਰ ਨੇ ਬੰਦ ਕਰ ਦਿੱਤਾ .....ਕੀ ਕਰ ਸਕਦਾ ਹਾਂ ???......."
ਦੋਸਤ ਦੀ ਗੱਲ ਸੁਣ ਕੇ ਕੀ ਆਖਦਾ ....ਹੱਸ ਪਿਆ ...." ਕੋਈ ਨਾ ....ਆਪਾ ਉਚ ਅਦਾਲਤ ਨੂੰ ਅਪ੍ਰੋਚ ਕਰਾਂਗੇ .....
ਬੋਲਿਆ ....ਫੀਸ ਕਿੰਨੀ ਲਵੋਗੇ .....?

 

23 February


ਅਕਾਸ਼ ਵਿਚ ਇਕ ਤਾਰਾ ਹੈ.....ਸ਼ੁਕੱਰ ...ਸਭ ਤੋਂ ਚਮਕੀਲਾ ਤਾਰਾ.....। ਸ਼ਾਮ ਢਲਣ ਤੋਂ ਬਾਦ ਹੀ ਦੱਖਣ ਵੱਲ ਨਜ਼ਰ ਆਉਣ ਲੱਗਦਾ । ਦੋਸਤ ਨੇ ਫ਼ੋਨ ਕਰਨਾ-" ਸ਼ੈਲੀ ਵੀਨਸ ਦੇਖ....। " ਭੱਜ ਕੇ ਛੱਤ ਤੇ ਜਾਣਾ ........
ਅੱਜ 'ਵੀਨਸ' ਦੇਖਣ ਨੂੰ ਬਹੁਤ ਮਨ ਕੀਤਾ । ਸੋਚਿਆ ਕਿਹੜਾ ਕੋਈ ਵੱਖਰਾ ਹੋਵੇਗਾ...?.......

16 February


ਬੱਚੇ " ਰੋਡੀਜ਼ " ਦੇਖ ਰਹੇ ਸਨ । ਕਿਸੇ ਕੁਨਟੈਸਟੈਂਟ ਨੇ ਕਿਹਾ ...ਕੀ ਕਿਹਾ.....ਕੀ ਦੱਸਾਂ.....???...ਬੇਟੀ ਨੇ ਚੈਨਲ ਬਦਲਣ ਲਈ ਰਿਮੋਟ ਚੁੱਕਿਆ । ਮੈਂ ਰੋਕ ਦਿੱਤਾ- " ਮੈਰੂ , ਹੁਣ ਚੈਨਲ ਬਦਲਣ ਦੀ ਲੋੜ ਨਹੀਂ....ਦੁਨੀਆਂ ਨੂੰ ਸਮਝਣ ਦੀ ਜ਼ਰੂਰਤ ਹੈ......

14 February

.
ਕਵਿਤਾ ਕੌਣ ਪੜ੍ਹਦਾ ਹੈ ? ਕਵਿਤਾ ਸਾਰੇ ਹੀ ਪੜ੍ਹਦੇ ਹਨ । ਕਵਿਤਾ ਕੌਣ ਸਮਝਦਾ ਹੈ ? ਸਭ ਨੂੰ ਹੀ ਸਮਝ ਆਉਂਦੀ ਹੈ । ਕਵਿਤਾ ਕੌਣ ਜੀਂਦਾ ਹੈ । ਸਭ...। ਨਹੀਂ । ਜਿਹਨੂੰ ਜੀਣ ਦਾ ਚੱਜ ਹੋਵੇ.....

 

13 February


ਮੇਰਾ ਇਕ ਦੋਸਤ ਆਪਣੀ ਗੱਲਬਾਤ ਸ਼ਰਿੰਕ ਇੰਗਲਸ਼ ਵਿਚ ਕਰਦਾ ....ਜਦ ਉਹਨੇ ਪਹਿਲੀ ਵਾਰ "ਟੀਸੀ" ਲਿਖਿਆ...ਤਾਂ ਆਪਣੇ ਭਤੀਜੇ ਤੋਂ ਪੁੱਛਿਆ...ਤਾਂ ਉਹ ਹੱਸ ਪਿਆ....ਕਹਿੰਦਾ-"ਚਾਚਾ ਜੀ । ਵੈਰੀ ਕਾਮਨ ।ਟੇਕ ਕੇਅਰ...।" ਮੈਂ ਜਦ ਵੀ ਕਿਸੇ ਮੁਸੀਬਤ ਵਿਚ ਹੁੰਦਾ ਹਾਂ ਤਾਂ ਆਪਣੀ ਹੀ ਸਰਿੰਕ ਭਾਸ਼ਾ ਦਾ ਪ੍ਰਯੋਗ ਕਰਦਾ ...। ਆਪਣੇ ਦੋਸਤ ਨੂੰ ਲਿਖ ਭੇਜਿਆ....ਮੂ । ਆਖਰ ਉਹਨੂੰ ਪੱਛਣਾ ਪਿਆ " ਮੂ " ? ਮੈਂ ਜਵਾਬ ਦਿੱਤਾ -" ਮਿਸ ਯੂ " । ...ਕਈ ਦਿਨਾਂ ਤੋਂ ਉਸ ਵੱਲੋਂ ਚੁੱਪ ਹੈ । ਸ਼ਾਇਦ ਉਹ ਮੇਰੇ ਤੋਂ ਡਰਨ ਲੱਗਿਆ ...ਮੈਨੂੰ ਕਾਹਦਾ ਡਰ....ਮੇਰਾ ਭਤੀਜਾ ਹੈ ਨਾ......

 

13 February


ਕਈ ਵਾਰ ਸਿਰਫ "A" ਵਾਸਤੇ ਲਿਖਿਆ ਜਾਂਦਾ ਹੈ...."B" ਨੂੰ ਸਮਝ ਨਹੀਂ ਆਉਂਦਾ...." C " ਆਲੋਚਨਾ ਲਈ ਪੈੱਨ ਚੁੱਕ ਲੈਂਦਾ.....ਅਹਿਸਾਸ ਦਾ ਸੰਚਾਰ ਕਾਗ਼ਜ਼ਾਂ ਵਿਚ ਦਮ ਤੋੜ ਦੇਂਦਾ .....

 

12 February


ਅੱਜ ਗੱਲ ਵਿੱਚੋਂ ਗੱਲ ਤੁਰੀ....ਪਾਗਲਾਂ ਬਾਰੇ....।ਦੋਸਤ ਦੱਸਣ ਲੱਗਿਆ " ਚਾਚੇ ਦਾ ਮੁੰਡਾ ਪਾਗਲ ਸੀ....ਅਸੀ ਸਾਰੇ ਰਿਸ਼ਤੇਦਾਰ ਮਿਲ ਕੇ ਉਹਨੂੰ ਅੰਮ੍ਰਿਤਸਰ ਲੈ ਗਏ । ਉਹ ਵਾਪਸ ਮੁੜਣ ਦੀ ਜਿੱਦ ਕਰੇ ...ਸੁਣਦਾ ਕੌਣ ...। ਥੱਕਹਾਰ ਕੇ ਕਹਿੰਦਾ ਮੈਨੂੰ ਤੁਸੀ ਪਾਗਲ ਖਾਨੇ ਦਾਖ਼ਲ ਕਰਾਉਣ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾ ਦਿਉ ...। ਸਭ ਨੂੰ ਉਹਦੀ ਗੱਲ ਚੰਗੀ ਲੱਗੀ.....। ਜਦ ਅਸੀ ਗੁਰਦੁਆਰੇ ਪਹੁੰਚੇ ਤਾਂ ਚਾਚੇ ਦਾ ਮੁੰਡਾ ਭੱਜ ਕੇ ਸੇਵਕਾ ਕੋਲ ਪਹੁੰਚ ਗਿਆ....ਕਹਿੰਦਾ....ਆਹ ਸਾਰੇ ਪੁਲੀਸ ਦੇ ਟਾਊਟ ਨੇ...। ...ਪੰਜਾਬ ਦੇ ਮਾੜੇ ਦਿਨ ਚਲ ਰਹੇ ਸਨ... ਫਿਰ ਕੀ ਸੀ...ਉਹਨਾਂ ਨੇ ਕੁੱਟ ਕੁੱਟ ਕੇ ਸਾਡਾ ਬੁਰਾ ਹਾਲ ਕਰ ਤਾ.....। ਜਦ ਤਕ ਅਸਲ ਕਹਾਣੀ ਦਾ ਪਤਾ ਚਲਦਾ....ਚਾਚੇ ਦਾ ਮੁੰਡਾ ਪਿੰਡ ਪਹੁੰਚ ਗਿਆ.......। ....

11 February


ਹਵਾ ਨੂੰ ਰੁਮਕਣਾ ਆਉਂਦਾ ਹੈ
ਗੁਲਾਬ ਨੂੰ ਮਹਿਕਣਾ....ਪੱਤਿਆ ਨੂੰ ਖੜਕਣਾ...ਤਾਰੇ ਨੂੰ ਚਮਕਣਾ...ਬਿਜਲੀ ਨੂੰ ਕੜਕਣਾ...
ਮਨੁੱਖ ਨੂੰ ਤੜਪਣਾ ........

Sunday, 3 April 2011

ਗੁਲਨਾਰ

 

 

 

10 February


......ਸਮੁੰਦਰ ਦੇ ਪਾਣੀ ਹੇਠ ਰੇਤ ਹੁੰਦੀ ਹੈ ।....ਤੇ ਮਾਰੂਥਲ ਦੀ ਰੇਤ ਹੇਠ ਸਮੁੰਦਰ...। ਪ੍ਰਕਿਰਤੀ ਨੂੰ ਪਤਾ ਹੈ....ਕਿਹੜੀ ਵਸਤੂ ਨੂੰ ਕਿੱਥੇ ਰੱਖਣਾ ਹੈ ....।

 

09 February


ਮਦਾਰੀ ਕੋਲ ਸ਼ਬਦ ਹਨ....ਤਮਾਸ਼ਾ ਤਾਂ ਭਾਲੂ ਨੇ ਕਰਨਾ ਹੁੰਦਾ ਹੈ....। ਭਾਲੂ ਦਾ ਵੀ ਕਾਹਦਾ ਤਮਾਸ਼ਾ ?...ਉਹਦੇ ਗਲ ਵਿਚ ਤਾਂ ਸੰਗਲ ਹੁੰਦਾ।....ਭੀੜ ਦੀ ਆਪਣੀ ਤਬੀਅਤ ਹੈ ।....ਨਿੱਕੀਆ ਨਿੱਕੀਆ ਗੱਲਾਂ ਤੇ ਖੁਸ਼ ਹੋ ਜਾਂਦੀ ਹੈ.......

08 February


ਕੀ ਤੁਸੀ ਪੁਰਾਣੇ ਫੋਟੋਗ੍ਰਫ਼ਰ ਦਾ ਡਾਰਕ ਰੂਮ ਦੇਖਿਆ ਹੈ ? ਇਕ ਟ੍ਰੇ ਵਿਚ ਹਾਈਪੋ । ਦੂਸਰੀ ਵਿਚ ਡਿਵੈਲਪਰ । ਇਕ ਵਿਚ ਪਾਣੀ । ਫ਼ਿਲਮ ਨੂੰ ਡਿਵੈਲਪਰ ਵਿਚ ਧੋਤਾ ਜਾਂਦਾ ਸੀ । ਉਸਤੋਂ ਬਾਦ ਪਾਣੀ ਵਿਚ । ਉਸਤੋਂ ਬਾਦ ਹਾਈਪੋ ਵਿਚ.....ਸਾਰਾ ਕੰਮ ਹਨੇਰੇ ਵਿਚ ਹੁੰਦਾ ਸੀ....। ਜੇਕਰ ਗਲਤੀ ਨਾਲ ਲਾਇਟ ਓਨ ਹੋ ਜਾਂਦੀ ।....ਸਭ ਕੁਝ ਸਾਫ਼.....। ਸਾਰੀ ਮਿਹਨਤ ਬੇਕਾਰ ਜਾਂਦੀ....।......
ਹਨੇਰੇ ਦਾ ਵੀ ਆਪਣਾ ਮਹੱਤਵ ਹੈ ।

08 February


ਕਈ ਵਾਰ ਤੁਹਾਡੇ ਕੋਲ ਚੁਸਤ ਸ਼ਬਦ ਹੁੰਦੇ ਹਨ । ਤੁਸੀ ਕਿਸੇ ਤੋਂ ਜਿੱਤ ਜਾਂਦੇ ਹੋ ..ਪਰ ਸੱਚ ਤੁਹਾਡੀ ਆਤਮਾ ਨੂੰ ਪਤਾ ਹੁੰਦਾ । ਪੂਰਨ ਸੱਚ ਹਾਰਨ ਵਾਲੇ ਨੂੰ । ਸੱਚ ਦੀ ਲੜਾਈ ਹੀ ਅਸਲ ਹੁੰਦੀ ਹੈ ।
...ਤੇ ਅਸਲ ਲੜਾਈ ਬਹੁਤ ਹੀ ਘੱਟ ਲੜੀ ਜਾਂਦੀ ਹੈ ।.....

 

06 February



ਜਦ ਦਾਦਾ ਜੀ ਨੂੰ ਗੁੱਸਾ ਆਉਂਦਾ ਤਾਂ ਦਾਦੀ ਜੀ ਆਟੇ ਦਾ ਕੌਲ ਭਰ ਕੇ ਗੁਰਦੁਆਰੇ ਚਲੇ ਜਾਂਦੇ ....ਜਦ ਤਕ ਦਾਦੀ ਜੀ ਨੇ ਮੁੜਣਾ ਤਾਂ ਦਾਦਾ ਜੀ ਦੁਕਾਨ ਤੇ ਜਾ ਚੁੱਕੇ ਹੁੰਦੇ ਸਨ । ਗੁੱਸਾ ਪਿਤਾ ਜੀ ਨੂੰ ਵੀ ਆਉਂਦਾ । ਮਾਤਾ ਜੀ ਅੱਖਾਂ ਵਿੱਚ ਹੰਝੂ ਭਰ ਲੈਂਦੇ । ਪਿਤਾ ਜੀ ਨਾਲ ਦੀ ਨਾਲ ਹੀ ਸ਼ਾਂਤ ਹੋ ਜਾਂਦੇ...." ਮੇਰੇ ਕਹਿਣ ਦਾ ਇਹ ਮਤਲਬ ਥੋੜ੍ਹਾ ਸੀ....।".. ਮੈਨੂੰ ਵੀ ਗੁੱਸਾ ਆਉਂਦਾ ਹੈ....ਪਰ ਮੇਰੀ ਬੀਵੀ ਹੱਸਣ ਲੱਗ ਜਾਂਦੀ....। ਮੈਂ ਆਖਦਾ ਹਾਂ.....ਤੂੰ ਪਾਗਲ ਤਾਂ ਨਹੀਂ ? " ...ਤੇ ਉਸਦਾ ਵਾਲਿਅਮ ਹੋਰ ਉੱਚਾ ਹੋ ਜਾਂਦਾ ਹੈ ।....

 

05 February

ਬਿਜਲੀ ਬੋਰਡ ਵਾਲੇ ਖੰਭਾਂ ਲਗਾਉਣ ਆਉਂਦੇ ਤਾਂ ਪਹਿਲਾ ਜ਼ਮੀਨ ਪੁੱਟਦੇ...ਫਿਰ ਉਸਨੂੰ ਰੱਸਿਆ ਨਾਲ ਬੰਨ ਕੇ ਖੜ੍ਹਾ ਕਰਦੇ । ਸੱਤ ਅੱਠ ਜਣੇ ..ਮੁੜਕੋ ਮੁੜਕੀ ਹੋ ਜਾਂਦੇ....। ....ਜੋਰ ਲਗਾ ਕੇ ਹਾਈ ਸ਼ਾਅ....... ।

ਭਾਰਤ ਨੂੰ ਉੱਨਤ ਕਰਨ ਲਈ ....ਪਤਾ ਨਹੀਂ ਕਿਸਦਾ ਕਿਸਦਾ ਪਸੀਨਾ ਡੁੱਲਿਆ ...???......

 

04 February


ਕੋਈ ਸ਼ਾਇਰ ਕਿੰਨਾਂ ਕੁ ਝੂਠ ਬੋਲ ਲਵੇਗਾ....ਸਾਹਿੱਤ ਅਕਾਦਮੀ ਤਕ...ਗਿਆਨਪੀਠ ਤਕ....ਬੁਕਿਸ਼ ਤਕ....ਨੋਬਲ ਤਕ.....। ਕਿਧਰੇ ਨਾ ਕਿਧਰੇ ਤਾਂ ਉਸਨੂੰ ਸੱਚ ਬੋਲਣਾ ਹੀ ਪਵੇਗਾ.....ਤੇ ਸੱਚ ਤੋਂ ਹੀ ਪਹਿਲਾ ਸ਼ਬਦ ਸ਼ੁਰੂ ਹੁੰਦਾ ਹੈ.........

01 February


ਮੈਂ ਜਦ ਪਹਿਲੀ ਵਾਰ ਆਪਣੀ ਕਵਿਤਾ ਕਿਸੇ ਨੂੰ ਦਿਖਾਈ ਤਾਂ ਕਹਿੰਦਾਂ....ਸੁਹੱਪਣ ਕਿੱਥੇ ਹੈ ?ਮੈਂ ਸੁੰਦਰਤਾ ਤਲਾਸ਼ਣ ਲੱਗਿਆ.... । ਦੂਸ਼ਰੀ ਵਾਰ ਆਪਣੀ ਕਵਿਤਾ ਕਿਸੇ ਨੂੰ ਪੜ੍ਹਾਈ ਤਾਂ ਕਹਿੰਦਾਂ....ਸੱਚ ਕਿੱਥੇ ਹੈ । ਮੈਂ ਸੱਚ ਨੂੰ ਆਪਣਾ ਈਸ਼ਟ ਬਣਾ ਲਿਆ । ਤੀਸਰੀ ਵਾਰ ਆਪਣੀ ਕਵਿਤਾ ਕਿਸੇ ਨੂੰ ਸੁਣਾਈ ਤਾਂ ਕਹਿੰਦਾਂ .....ਦੁਨੀਆਂ ਕਿੱਥੇ ਹੈ । ਮੈਂ ਆਪਣੇ ਬਾਰੇ ਸੋਚਣਾ ਛੱਡ ਦਿੱਤਾ । ਚੌਥੀ ਵਾਰ...ਆਪਣੇ ਆਪ ਤੋਂ ਪੁੱਛਿਆ ਤਾਂ ਅੰਤਰ ਆਤਮਾ ਨੇ ਕਿਹਾ....ਬਸ ਬਹੁਤ ਹੋ ਗਿਆ ।........

 

29 January

ਮੈਂ ਪੱਚੀ ਸਾਲ ਦੀ ਉਮਰ ਵਿਚ ਸਮਝ ਗਿਆ ਸੀ....ਲੇਖਕ ਲਈ ਤਿੰਨ ਗੱਲਾਂ ਬਹੁਤ ਹੀ ਘਾਤਕ ਹਨ....

1- ਝੂਠ
2-ਬਿੰਬ
3-ਤਗ਼ਮਾ

ਕੀ ਮੈਂ ਠੀਕ ਆਖ ਰਿਹਾ ਹਾਂ ?
ਤਸੀ ਝੂਠ ਨਾ ਬੋਲਣਾ । ਆਪਣੇ ਬਿੰਬ ਨੂੰ ਭੁੱਲ ਜਾਣਾ । ਤਗ਼ਮਾ ਤਾਂ ਆਤਮਾ ਨੇ ਦੇਣਾ ਹੁੰਦਾ......

25 January


ਕਲ੍ਹ ਰਾਸ਼ਟਰਪਤੀ ਨੂੰ ਸੈਂਕੜੇ ਉੱਠ,ਘੌੜੇ ,ਹਾਥੀ...ਸਲਾਮੀ ਦੇਣਗੇ.....ਜਾਨਵਰ ਲਈ ਛੁੱਟੀ ਦਾ ਦਿਨ ਨਹੀਂ ਹੁੰਦਾ ।..... 

Friday, 1 April 2011

ਧੁੱਪ-ਰਸਤਾ-ਛੱਤਰੀ


 

 

26 January

ਸੁਨਾਰ ਨੈਕਲਸ ਬਣਾ ਰਿਹਾ ਹੈ...ਵਪਾਰੀ ਸ਼ਿਅਰ ਖਰੀਦ ਰਿਹਾ ਹੈ......... ਮਨਿਸਟਰ ਰੀਬਨ ਕੱਟ ਰਿਹਾ....ਕਵੀ ਸਟੇਜ ਤੇ ਚੜ੍ਹਿਆ ਹੈ..........ਸਾਰੇ ਹੀ ਬਿਜ਼ੀ ਹਨ.........ਚਿਰਾਗ਼ ਬੁਝ  ਗਿਆ ਤਾਂ ਫਿਰ ਕੀ ਹੈ ?  ...  ਕੋਈ ਕਿਸੇ ਨੂੰ ਕਹਿਣ ਵਾਲਾ ਤਾਂ ਨਹੀਂ  ਹੋਵੇਗਾ......

25 January


ਕਈ ਵਾਰ ਦੁੱਖ ਹੁੰਦਾ...ਸਲੇਬਸ ਵਿੱਚ ਕਿੰਨਾਂ ਕੁਝ ਪੜ੍ਹਿਆ........ਨਾ ਕਦੇ ਥਿਊਰਮ ਕੰਮ ਆਈ.....ਨਾ ਕਦੇ ਅਬਦਾਲੀ....ਨਾ ਕਦੇ ਥਰਸਟੀ ਕਰੋ......ਨਾ ਕਦੇ ਪਾਰਲੀਮੈਂਟ........ਨਾ ਕਦੇ ਤਿਰੰਗਾਂ......ਨਾ ਕਦੇ ਜਨ ਗਨ ਮਨ.............

24 January


ਮੈਂ ਨਵਾਂ ਨਵਾਂ ਵਕੀਲ ਬਣਿਆ ਸੀ....... ਕੋਈ ਕੇਸ ਲਾਅ ਪੁਆਇੰਟ ਤੇ ਫਸ ਗਿਆ..ਆਪਣੇ ਸੀਨੀਅਰ ਵਕੀਲ ਕੋਲ ਗਿਆ...ਪ੍ਰਾਪੋਜੀਸ਼ਨ ਦੱਸਕੇ ਸਾਈਟੇਸ਼ਨਜ਼ ਮੰਗੀਆ.....ਉਹਨਾਂ ਨੇ ਕੁਝ .ਰੂਲਿੰਗਜ਼ ਲਿਖਾ ਦਿੱਤੀਆ...। ਪਰ ਜਾਣ ਲੱਗਿਆ ਰੋਕ ਲਿਆ--" ਤੂੰ ਮੇਰੇ ਕੋਲ ਆਇਆ...ਤਾਂ ਦੋ ਚਾਰ ਰੂਲਿੰਗਜ਼ ਲੈ ਚੱਲਿਆ...ਪਰ ਜੇਕਰ ਲਾਈਬ੍ਰੇਰੀ ਵਿੱਚ ਜਾਂਦਾ.....ਤਾਂ ਤੈਨੂੰ ਹਜ਼ਾਰਾਂ ਮਿਲ ਜਾਣੀਆ ਸਨ।
ਉਹ ਦਿਨ ਆਵੇ ਅੱਜ ਦਾ ਜਾਵੇ ...।
ਮੈਨੂੰ ਲਾਈਬ੍ਰੇਰੀ ਤੋਂ ਵੱਡਾ ਕੋਈ ਗੁਰੂ ਨਹੀਂ ਲੱਗਿਆ ।........

22 January


ਕਈ ਵਾਰ ਕੋਈ ਆਖਦਾ...ਤੁਸੀ ਕਿੰਨੇ ਜੀਅ ਹੋ...ਭਾਵ ਘਰ ਵਿਚ ਕੌਣ ਕੌਨ ਰਹਿੰਦਾ...???
ਸਿਆਣਾ ਆਦਮੀ ਤਾਂ ਆਖੇਗਾ.....ਪਿਤਜੀ,ਮੈਂ,ਪਤਨੀ,ਬੇਟਾ,ਬੇਟੀ...ਬਾਕੀ ਸਾਰੇ ਅੱਡ ਰਹਿੰਦੇ...।
ਪਰ ਜਵਾਬ ਹੁੰਦਾ ਹੈ...ਪੰਜ ਬਿੱਲੀਆਂ...ਦੱਸ ਛਿਪਕਲੀਆਂ....ਵੀਹ ਚੂਹੇ...ਚਾਲੀ ਕਾਕਰੋਚ...ਪੰਜਾਹ ਮਕੜੀਆਂ....। ...ਤੇ ਜੇਕਰ ਘਰ ਨੂੰ ਤੋੜਿਆ ਜਾਵੇ...ਤਾਂ ਅਣਗਿਣਤ ਕੀੜੀਆਂ....ਹੋਰ ਕਈ ਕੁਝ....।
ਘਰ ਦਾ ਨਾਮ ਕਿੰਨਾਂ ਵੱਡਾ ਹੈ... ਜੇਕਰ ਘਰ ਹੋਵੇ ਤਾਂ......

21 January


ਮੈਨੂੰ ਪਤਾ ਹੈ...ਬਜ਼ਾਰ ਆ ਗਿਆ ਹੈ....।
ਤੱਲਾ ਲਗਵਾਉਣਾ ਹੈ । ਘੜ੍ਹੀ ਦਾ ਸੈੱਲ ਪਵਾਉਣਾ ਹੈ । ਚੋਲਾ ਰੰਗਾਉਣਾ ਹੈ
ਮੈਨੂੰ ਪਤਾ ਹੈ...ਬਜ਼ਾਰ ਆ ਗਿਆ ਹੈ....।

18 January


ਕਿਸੇ ਨੇ ਪੁੱਛਿਆ -" ਤੁਸੀ ਆਸਤਕ ਹੋ ਜਾਂ ਨਾਸਤਕ ? ਜਵਾਬ ਸੀ -" ਮੇਰੇ ਮੂਡ ਉੱਤੇ ਨਿਰਭਰ ਕਰਦਾ ਹੈ । " ਉਹਨੇ ਸੋਚਿਆ ਕੋਈ ਸ਼ਰਾਬੀ ਹੈ । ਗੱਲ ਖ਼ਤਮ । ....

 

17 January


ਪੰਛੀ ਕਦੇ ਵੀ ਪੰਡ ਬੰਨ ਕੇ ਨਹੀਂ ਉੱਡਦਾ...ਮਨੁੱਖ ਨੂੰ ਕੀ ਹੋ ਗਿਆ.....???

16 January


ਇਕ ਦੋਸਤ ਕੁੜੀ ਨੇ ਦੱਸਿਆ...ਅਜਕਲ ਉਸਦੀਆਂ ਲਿਖਤਾ ਤੇ ਮੁੰਡੇ ਬਹੁਤ ਮਰ ਰਹੇ ਨੇ ....। ਮੈਂ ਮੁਸਕਰਾ ਪਿਆ । ਕਹਿੰਦੀ -"ਕੀ ਤੁਹਾਨੂੰ ਮੇਰੀ ਗੱਲ ਝੂਠ ਲੱਗ ਰਹੀ ਹੈ ? ਮੈਂ ਕਿਹਾ " ਬਿਲਕੁਲ ਨਹੀਂ।...ਮੈਂ ਤੇਰੀ ਰਚਨਾ ਨੂੰ ਵੀ ਜਾਣਦਾ ਹਾਂ..ਤੇ ਮੁੰਡਿਆ ਦੇ ਸੁਭਾਅ ਨੂੰ ਵੀ ।"...."ਤਾਂ ਫਿਰ ?.... " ਕਿਹਾ-" ਜਦ ਵੀ ਤੇਰੀ ਕੋਈ ਤਰੀਫ਼ ਕਰੇ ਤਾਂ ਉਸਨੂੰ ਸੋ ਨਾਲ ਤਕਸੀਮ ਕਰ ਲਿਆ ਕਰ ।" ਹਸੱਣ ਲੱਗ ਪਈ -" ਜੈਲਸੀ...'.....

 

01 January


ਜਾਨਵਰ ਸ਼ਬਦ ਤਕ ਪਹੁੰਚਿਆ...ਫਿਰ ਵਾਕ ਤਕ.....ਭਾਸ਼ਾ ਤਾਂ ਇਕ ਮਾਧਿਅਮ ਹੈ...ਗੱਲ ਸੁਣਨ ਅਤੇ ਕਰਨ ਦਾ...। ਭਾਸਾ ਕੋਈ ਵੀ ਹੋਵੇ... ..ਪਰ ਸਹਿਜ ਹੋਣਾ ਬਹੁਤ ਜ਼ਰੂਰੀ ਹੈ...। ਜੇਕਰ ਘਟੀਆ ਗੱਲ ਪੰਜਾਬੀ ਵਿਚ ਕੀਤੀ ਗਈ ਹੈ....ਉਸਨੂੰ ਕਿਸੇ ਵੀ ਭਾਸ਼ਾ ਵਿਚ ਅਨੁਵਾਦ ਕਰ ਲਵੋ...ਉਹ ਵਧੀਆ ਗੱਲ ਨਹੀਂ ਬਣ ਸਕਦੀ.....। ...ਜੇਕਰ ਵਧੀਆ ਗੱਲ ਪਸਤੋ ਵਿਚ ਕੀਤੀ ਗਈ ਹੈ...ਉਸਦਾ ਕਿਸੇ ਵੀ ਭਾਸ਼ਾ ਵਿਚ ਉੱਲਥਾ ਕਰ ਲਵੋ....ਉਹ ਹਿੱਕ ਚੀਰ ਕੇ ਲੰਘੇਗੀ.....।

30 December 2010


ਭੂਤ ਤ੍ਰਭਕ ਕੇ ਉੱਠ ਪਿਆ । ਨਾਲ ਪਈ ਭੁਤਣੀ ਨੇ ਪੁੱਛਿਆ-" ਕੀ ਹੋਇਆ ? " ਭੂਤ ਬੋਲਿਆ- " ਮੱਮ । ਮੈਂ ਸੁਪਨੇ ਵਿਚ ਆਦਮੀ ਦੇਖਿਆ ।".....

Thursday, 31 March 2011

ਕਿਰਨ-ਪ੍ਰਿਜ਼ਮ-ਹਨੇਰਾ

29 November 2010


ਮੈਂ ਸਾਈਮੰਡ ਮਛਲੀ ਨੂੰ ਬਹੁਤ ਪਿਆਰ ਕਰਦਾ ਹਾਂ ।  ਸਾਈਮੰਡ ਦੀ ਇਕ ਖਾਸੀਅਤ ਹੈ...ਆਪਣੇ ਅੰਤਮ ਸਮੇਂ ਉਹ ਉਲਟ ਤਰਨ ਲੱਗਦੀ ਹੈ....ਆਪਣੇ ਜਨਮ ਸਥਾਨ ਤੇ ਪੁੱਜਣ ਲਈ । ..ਕਈ ਵਾਰ ਬਾਹਰਲੇ ਦੇਸ਼ ਤੋਂ ਵੀ ਫੁੱਲ ਆਉਂਦੇ ਹਨ....ਗੰਗਾ ਲਈ......। ਪਰ ਮੈਂ ਆਪਣੀ ਜਨਮ ਭੂਮੀ ਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ...। ਮੈਂ  ਸਾਈਮੰਡ ਨੂੰ ਸਿਰਫ਼ ਉਸਦੇ ਭੋਲੇਪਨ ਲਈ ਪਿਆਰ ਕਰਦਾ ਹਾਂ ।  

02 December 2010


ਹਰਦਿਆਲ ਕੇਸ਼ੀ ਦੀ ਨਵੀਂ ਕਿਤਾਬ ਆਈ ਸੀ-'ਉਦਰੇਵੇਂ ' । ਪੁੱਛ ਲਿਆ- ਤੁਸੀ 'ਉਦਰੇਵਾਂ ' ਦਾ ਬਹੁ ਵਚਨ ਹੀ ਕਿਉਂ ਚੁਣਿਆ । ਕਹਿੰਦਾ-ਸ਼ੈਲੀ ਕੋਈ ਇਕ ਉਦਰੇਵਾਂ ਹੁੰਦਾਂ ਤਾਂ ਇਕ ਲਿਖ ਦੇਂਦਾ । ਕਈ ਵਾਰ ਤੁਸੀ ਜਿੱਥੇ ਸੋਚ ਰਹੇ ਹੁੰਦੇ ਹੋ...ਸ਼ਾਇਰ ਉਸ ਤੋਂ ਵੀ ਕਈ ਕੋਹ ਅੱਗੇ ਜਾ ਚੁੱਕਿਆ ਹੁੰਦਾ ਹੈ ।।..ਜਿਹੜੀ ਗੱਲ ਉਸ ਵੇਲੇ ਸਮਝ ਨਹੀਂ ਆਈ ਸੀ...ਕਈ ਸਾਲਾਂ ਬਾਦ ਅੱਥਰੂਆ ਵਾਂਗ ਟਪਕ ਰਹੀ ਹੈ......
 

04 December 2010


ਕੁਝ ਦੋਸਤ ਬੈਠੇ ਸਨ...ਕਵਿਤਾ ਪਾਠ । ਸਮਝ ਗਏ ਨਾ । ਫ਼ਕੀਰਾਂ ਦੀ ਬੈਠਕ । ਕਰਮੰਡਲ ,ਪ੍ਰਸ਼ਾਦ,ਭੁਜੀਆ.....ਇਕ ਦੋਸਤ ਨੂੰ ਮੇਰੇ ਤੋਂ ਪਰੇਸ਼ਾਨੀ ਜਹੀ ਹੋਈ । ਕਹਿੰਦਾ-ਤੂੰ ਫੇਸਬੁਕ ਉੱਤੇ ਤਾਂ ਨਹੀਂ ਨਾ, ਤਾੜੀ ਵੀ ਸੋਚ ਕੇ ਮਾਰਦਾ ਹੈ । ਮੈਂ ਕੋਈ ਸਫਾਈ ਦੇਂਦਾ ਉਸ ਤੋਂ ਪਹਿਲਾਂ ਨਵੇਂ ਫ਼ਕੀਰ ਨੇ ਆਪਣੀ ਪਗੜੀ ਵਿੱਚੋ ਕਵਿਤਾ ਕੱਢ ਲਈ । ਮੇਰੇ ਜ਼ਿਹਨ ਵਿਚ......
 

16 December 2010


ਹੁਣੇ ਹੀ ਦੀਪ ਜ਼ੀਰਵੀ ਦਾ ਫ਼ੋਨ ਆਇਆ...ਕੀ ਕਰ ਰਿਹਾ ਏ ? ਕਹਿੰਦਾ-ਟੱਕਰਾ ਮਾਰ ਰਿਹਾ ਹਾਂ...ਕੁਝ ਲੱਭੇਗਾ ਨਹੀਂ ਤਾਂ ਮੱਥਾ ਤਾਂ ਫਟੇਗਾ ਹੀ...। ਕਈ ਵਾਰ ਆਦਮੀ ਸਧਾਰਣ ਜਿਹੇ ਲਫਜ਼ਾਂ ਵਿਚ ਕਿੰਨੀ ਵੱਡੀ ਗੱਲ ਆਖ ਦੇਂਦਾ ਹੈ...ਅਜੇ ਤਕ ਸੋਚ ਰਿਹਾ ਹਾਂ....।....
 

17 December 2010


ਕੁਝ ਗੱਲਾਂ ਸਮਝ ਨਹੀਂ ਆ ਰਹੀਆਂ....ਮੈਂ ਉਹਨਾ ਨੂੰ ਸਮਝਣ ਦੀ ਜਿੱਦ ਕਰ ਰਿਹਾ ਹਾਂ..ਕਿਤਾਬ,ਗੁਰੂ,ਅਭਿਆਸ...ਵਿਅਰਥ ...। ਮੈਂ ਕੁਝ ਚਿਰ ਲਈ ਸਾਰਾ ਕੁਝ ਲਾਭੇਂ ਕਰ ਕੇ ਰੱਖ ਦਿੱਤਾ ਹੈ ...ਮੈਨੂੰ ਪਤਾ ਹੈ..ਕੁਝ ਗੱਲਾਂ ਆਪਣਾ ਸਮਾਂ ਆਉਣ ਉੱਤੇ ਹੀ ਸਮਝ ਆਉਂਦੀਆ ਹਨ....

 

18 December 2010


ਮੈਂ ਸੋਚਦਾ ਹਾਂ...ਜੇਕਰ ਕੋਈ ਲੇਖਕ ਸੱਚ ਨਹੀਂ ਲਿਖਦਾ..ਉਸਦੇ ਹੱਥਾਂ ਨੂੰ ਕੱਟ ਦੇਣਾ ਚਾਹੀਦਾ ਹੈ....ਪਤਾ ਨਹੀਂ ਉਸਦੇ ਹੱਥ ਕਿੰਨਾਂ ਵੱਡਾ ਗੁਨਾਹ ਕਰ ਰਹੇ ਹੁੰਦੇ ਹਨ....

19 December 2010


ਹੁਣੇ ਹੁਣੇ ਇਕ ਪਿਆਰੇ ਸ਼ਾਇਰ ਦਾ ਮੈਸਿਜ਼ ਆਇਆ...ਸਾਂਝਾ ਕਰਨਾ ਚਾਹੁੰਦਾਂ ਹਾਂ.....

-------------------------------------------------------------------------
'ਟਾਈ 'ਚ ਘਿਰਿਆ ਫ਼ਕੀਰ'
-------------------------------------------------------------------------
ਪੈਂਟ
ਕੋਟ
ਤੇ
ਟਾਈ
ਉਸਦੇ ਪੇਸ਼ੇ ਦੀ ਮਜ਼ਬੂਰੀ ਹੈ......
ਤੇ
ਫਕੀਰੀ
ਉਸਦੀ ਫਿਤਰਤ 'ਚ ਸ਼ਾਮਿਲ ਹੈ
ਟਾਈ 'ਚ ਉਸਦਾ ਦਮ ਘੁੱਟਦਾ ਹੈ
ਤੇ
ਉਹ ਕਵਿਤਾ ਦੇ ਗਲ ਲਗ ਜਾਂਦਾ ਹੈ
ਹਾਂ
ਮੈ ਸੁਸ਼ੀਲ ਦੀ ਗੱਲ ਕਰ ਰਿਹਾ ਹਾਂ
ਜੋ
ਕਵਿਤਾ ਲਿਖਦਾ ਹੈ...

------------ਅਨਿਲ ਆਦਮ-----
 
 

20 December 2010


ਮੈਨੂੰ ਕਈ ਵਾਰ ਜਾਪਦਾ ਹੈ...ਮੈਂ ਸੱਭਿਅਕ ਨਹੀਂ ਰਿਹਾ...ਜਾਪਦਾ ਹੀ ਨਹੀਂ....ਜਾਣਨ ਲਗ ਪਿਆ ਹਾਂ.....ਜਾਂ ਤਾਂ ਝੂਠ ਨਾਲ ਝੂਠ ਬਣ ਜਾਵਾਂ....ਜਾਂ ਆਪਣੇ ਆਪ ਨੂੰ ਸੱਭਿਅਕ ਬਣਾਉਣ ਦਾ ਦੰਭ ਰਚਦਾ ਰਹਾਂ....
ਕੀ ਤੁਸੀ ਸੁਣ ਰਹੇ ਹੋ...ਭਾਵ ਪੜ੍ਹ ਰਹੇ ਹੋ.......
ਮੈਂ ਝੂਠ ਬੋਲਣ ਨਾਲੋਂ ਅਸੱਭਿਅਕ ਕਹਾਉਣਾ ਜਿਆਦਾ ਪਸੰਦ ਕਰਦਾ ਹਾਂ.....
ਹਾ ਹਾ ਹਾ
ਕੀ ਤੁਹਾਨੂੰ ਮਜ਼ਾਕ ਲੱਗ ਰਿਹਾ ਹੈ...
ਜੇਕਰ ਹਾਂ....ਤਾਂ ਮਜ਼ਾਕ ਹੀ ਸਮਝ ਲੈਣਾ...................

24 December 2010


ਗਿਲੀ...ਗਿਲੀ....ਗਿਲੀ.......
ਜਾਦੂਗਰ ਬਹੁਤ ਕੁਝ ਵਿਖਾਵੇਗਾ...ਗੁਲਾਬ ਦਾ ਰੰਗ ਬਦਲ ਦਵੇਗਾ .। ਮਫ਼ਲਰ ਵਿੱਚੋਂ ਕਬੂਤਰ ਕੱਢ ਦਵੇਗਾ । ਕੁੜੀ ਨੂੰ ਆਰੇ ਨਾਲ ਕੱਟ ਦਵੇਗਾ । ਤੁਸੀ ਉਸਦੇ ਪ੍ਰਭਾਵ ਵਿਚ ਨਾ ਆਉਣਾ...ਕਿਉਂਕਿ ਉਹ ਸੱਚ ਨਹੀਂ ...ਪਰ ਮੇਰੇ ਨਾਲ ਤਾੜੀ ਜ਼ਰੂਰ ਮਾਰ ਦੇਣਾ.....ਕਿਊਂਕਿ ਏਨਾਂ ਕੁ ਤਾਂ ਉਸਦਾ ਹੱਕ ਬਣਦਾ ਹੈ....
 

29 December 2010


ਕੁਝ ਚਿਰ ਰੁਕੋ...ਸਬਰ ਨਾਲ ਦੇਖੋ...ਸਾਹ ਲਵੋ...ਸਭ ਕੁਝ ਨਿੱਖਰ ਜਾਵੇਗਾ....ਗਾਰ ਕਿੰਨਾਂ ਕੁ ਚਿਰ ਬਦਨਾਮ ਕਰੇਗੀ..? ਆਪਾ ਰਲ ਕੇ ਕਿਨਾਰੇ ਕੋਲ ਜਾਵਾਂਗੇ....ਤੁਸੀ ਵੀ ਬੁੱਕ ਭਰਨਾ...ਮੈਨੂੰ ਵੀ ਬਹੁਤ ਪਿਆਸ ਲੱਗੀ ਹੈ.....



 

Monday, 28 March 2011

ਗ਼ਜ਼ਲ




ਮੈਂ  ਦੱਸਾਂ  ਵੀ  ਤਾਂ  ਕੀ  ਦੱਸਾਂ     ਕਿ    ਕਿਹੜਾ    ਹਾਦਸਾ ਹੋਇਆ ?
ਕਿਸੇ  ਨੇ  ਰਾਖ਼  ਕੀਤਾ   ਏ  ,  ਨਾ  ਅੱਗ   ਦਾ   ਤਰਜ਼ੁਮਾ   ਹੋਇਆ ।


ਤੂੰ     ਸਾਰੇ   ਵਲ    ਨਹੀਂ  ਦੇਖੇ ,  ਤੂੰ    ਪੂਰੇ    ਛਲ   ਨਹੀਂ     ਸਮਝੇ ,
ਨਦੀ     ਨੇ    ਆਪਣੇ   ਅੰਦਰ     ਬੜਾ  ਕੁਝ   ਸਾਂਭਿਆ     ਹੋਇਆ ।


ਮੈਂ      ਜਿਸਨੂੰ  ਖਾ    ਨਹੀਂ ਸਕਦਾ, ਮੈਂ  ਜਿਸਨੂੰ  ਸੁੱਟ   ਨਹੀਂ   ਸਕਦਾ ,
ਸਮੇਂ    ਨੇ  ਕਿਸ   ਤਰ੍ਹਾਂ   ਪ੍ਰਸ਼ਾਦ     ਦਿੱਤਾ    ਬੁਸਕਿਆ     ਹੋਇਆ ।


ਤੂੰ ਕਿਸ ਦੁਨੀਆਂ ਦੀ ਗੱਲ ਕਰਦਾ , ਮੈਂ ਕਿਸ ਦੁਨੀਆਂ ਦੀ ਗੱਲ ਕਰਦਾ,
ਤੂੰ    ਜਿਸ  ਨੂੰ  ਵੇਖਿਆ   ਹੋਇਆ  ।  ਮੈਂ  ਉਸਨੂੰ ਪਰਖ਼ਿਆ   ਹੋਇਆ ।



Friday, 25 March 2011

ਦਰਦ ਲੀਲ੍ਹਾ

 

12 November 2010


ਕਵਿਤਾ ਦਾ ਆਪਣਾ ਇਤਹਾਸ ਹੁੰਦਾ ਹੈ....ਕਿਉਂ ਅਤੇ ਕਿਵੇਂ...ਮਾਂ ਜਵਾਨ ਸੀ..ਮੈਂ ਨਾਬਾਲਿਗ....ਡਾਕਟਰ ਦੀ ਲਾਪਰਵਾਹੀ ਨੇ ਸਾਰੇ ਘਰ ਨੂੰ ਖੰਡਰ ਵਿਚ ਬਦਲ ਦਿੱਤਾ...ਸ਼ਬਦ ਆਸਰਾ ਬਣ ਕੇ ਮਿਲੇ...ਬੜਾ ਚਿਰ ਮੈਨੂੰ ਇਕ ਕਵਿਤਾ ਹੰਢਾਉਂਦੀ ਰਹੀ....ਆਖਰ ਬੋਲੀ..ਮੈਨੂੰ ਲਿਖ....। ਕਾਗਜ਼ ਫੜਿਆ ਲਿਖ ਦਿੱਤੀ.....।ਪੁੱਛਿਆ ਨਾਮ ਕੀ ਰੱਖਾਂ ? ਕਹਿੰਦੀ -ਬੇਵਸੀ । ਵਰ੍ਹਿਆਂ ਦਾ ਸਾਥ ਸੀ.....ਕੁਝ ਦਿਨ ਪਹਿਲਾ ਕਿਸੇ ਨੇ ਉਸੇ ਕਵਿਤਾ ਨੂੰ ਆਪਣੀ ਦੀਵਾਰ ਤੇ ਉਲੀਕ ਦਿੱਤਾ...ਨਾਮ ਦੀ ਤਾਂ ਕੋਈ ਗੱਲ ਨਹੀਂ.....ਜੇਕਰ ਕਵਿਤਾ ਦਾ ਲਿਖਿਆ ਗਿਆ...ਤਾਂ ਸ਼ਾਇਰ ਕਿਹੜਾ ਪਿੱਛੇ ਰਹਿ ਜਾਂਦਾ...।ਦੁੱਖ ਤਾਂ ਇਸ ਗੱਲ ਦਾ ਹੈ.....ਕਿਸੇ ਨੇ ਕਵਿਤਾ ਦਾ ਕਿਉਂ ਅਤੇ ਕਿਵੇਂ ਦਾ ਇਤਹਾਸ ਬਦਲ ਦਿੱਤਾ । ਮਾਂ ਤਾਂ ਮੇਰੀ ਮਰੀ ਸੀ..........
---------------------------------------------
ਬੇਵਸੀ

ਮੈਂ ਚਾਹੁੰਦਾਂ ਹਾਂ
ਕੋਈ ਚੋਟੀ ਦਾ ਵਕੀਲ ਕਰਾਂ

ਪਰ ਰੱਬਾ !!!

ਤੂੰ ਇਹ ਤਾਂ ਦੱਸ
ਤੇਰੇ ਫ਼ੈਸਲੇ ਦੀ ਕਿੱਥੇ ਅਪੀਲ ਕਰਾਂ.....?

15 November 2010


ਆਦਮੀ ਹਨੇਰ ਤੋਂ ਡਰਦਾ ਹੈ...ਬਸ ਇਕ ਬਟਨ ਆੱਨ ਕਰਨ ਦੀ ਜ਼ਰੂਰਤ ਹੈ...ਹਰ ਵਸਤੂ ਸਾਫ਼ ਦਿੱਸਣ ਲੱਗਦੀ ਹੈ....ਪਰ ਹਨੇਰ ਵਿਚ ਉਸ ਬਟਨ ਨੂੰ ਲੱਭਣਾ ਬਹੁਤ ਮੁਸ਼ਕਲ ਹੈ...ਸਬਰ ਨਾਲ ਤੁਰਨਾ ਪੈਂਦਾ ਹੈ...ਪਰ ਜੇਕਰ ਬਟਨ ਆੱਨ ਕਰਨ ਤੇ ਵੀ ਚਾਨਣ ਨਾ ਹੋਵੇ ਤਾਂ ਸਮਝ ਲਵੋ ...ਪਾਵਰ ਕੱਟ ਹੈ....ਪਰ ਨਿਰਾਸ਼ ਨਾ ਹੋਵੇ.....ਚਾਨਣ ਹੋ ਕੇ ਰਹੇਗਾ.....ਸੂਰਜ ਨੂੰ ਲੁੱਕਣ ਦੀ ਆਦਤ ਨਹੀਂ.....
16 November 2010

ਮੈਂ ਅੱਗ ਨਹੀਂ.....ਪਰ ਅੱਗ ਤੋਂ ਜਿਆਦਾ ਮੱਚ ਸਕਦਾ ਹਾਂ । ....

26 November 2010


ਕੁਝ ਦਿਨ ਪਹਿਲਾਂ ਇਕ ਕੀੜੀ ਮਿਲੀ । ਕਹਿੰਦੀ ਦਿੱਲੀ ਜਾ ਰਹੀ ਹਾਂ ।ਕੀੜੀ ਦੀ ਉਮਰ ਲਗਭਗ ਤਿੰਨ ਮਹੀਨੇ ਹੁੰਦੀ ਹੈ । ਪੁੱਛ ਲਿਆ-ਕਾਹਦੇ ਲਈ ?ਕਹਿੰਦੀ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣਾ ਹੈ । ਕੀ ਕਹਿੰਦਾ-ਅੱਜ ਦੇ ਦਿਨ ਹੀ ਅੰਬੇਡਕਰ ਸਾਹਿਬ ਨੇ ਸੰਵਿਧਾਨ ਲਿਖ ਕੇ ਮੁਕੰਮਲ ਕੀਤਾ ਸੀ । ਅਜ਼ਾਦੀ ਤਾਂ ਅਜ਼ਾਦੀ ਹੁੰਦੀ ਹੈ । ਪਤਾ ਨਹੀਂ ਕੀੜੀ ਕਦੋ ਦੀ ਫਿਰੋਜ਼ਪੁਰ ਤੋਂ ਚੱਲੀ ਹੋਵੇਗੀ । ਸੁਣਿਆ...ਅੱਜ ਉਹ... ਮੋਗੇ ਦੀਆਂ ਲਾਇਟਾ ਕੋਲ ਮਰ ਗਈ । ਤਿੰਨ ਮਹੀਨੇ । ਸੱਠ ਕਿਲੋਮੀਟਰ । ਬੰਦੇ ਦੀ ਕਿੰਨੀ ਕੁ ਉਮਰ ਹੁੰਦੀ ਹੈ ? ਪੁਰਾਣੀਆਂ ਕਿਤਾਬਾ ਕੱਢ ਕੇ ਦੇਖ ਰਿਹਾ ਹਾਂ । ਕੀ ਤੁਸੀ ਬੰਦੇ ਦੀ ਉਮਰ ਬਾਰੇ ਦੱਸ ਸਕਦੇ ਹੋ ...?...

10 December 2010


ਪੰਜਾਬ ਮੱਚ ਰਿਹਾ ਸੀ......ਕਿਸੇ ਜ਼ਰੂਰੀ ਕੰਮ ਫ਼ਰੀਦਕੋਟ ਜਾਣਾ ਪੈ ਗਿਆ ।ਆਖ਼ਰੀ ਬੱਸ ਤਿੰਨ ਵਜੇ ਤਕ ਚਲਦੀ ਸੀ । ਕਾਰ ਸੀ ਨਹੀਂ । ਟੈਕਸੀ ਵਾਲਾ ਜਾਣ ਲਈ ਤਿਆਰ ਨਹੀਂ ਸੀ ।ਸਕੂਟਰ ਹੀ ਆਖ਼ਰੀ ਵਾਹਨ ਬਣਿਆ ।ਸ਼ਾਮ ਢਲ ਰਹੀ ਸੀ । ਸਾਰੀ ਸੜਕ ਸੁੰਨਸਾਨ ਪਈ ਸੀ। ਅੱਧਾ ਰਸਤਾ ਹੀ ਬੀਤਿਆ ਹੋਵੇਗਾ.... ਮੇਰੇ ਦੋਸਤ ਨੇ ਸਕੂਟਰ ਨੂੰ ਬ੍ਰੇਕ ਲਗਾਈ.....। ਕੀ ਹੋਇਆ ? ਪੁੱਛ ਲਿਆ । ਕਹਿੰਦਾਂ-ਸਾਹਮਣੇ ਦੇਖ । ਦੂਰ ਇਕ ਕਾਰ ਖੜ੍ਹੀ ਨਜ਼ਰ ਆਈ...ਕਾਰ ਕੋਲ ਦੋ ਤਿੰਨ ਆਦਮੀ....।ਕਹਿੰਦਾਂ ਯਾਰ ਗੱਲ ਖਤਰਨਾਕ ਜਹੀ ਲੱਗਦੀ । ਉਹ ਆਦਮੀ ਸਾਨੂੰ ਦੇਖ ਰਹੇ ਸੀ...ਅਸੀ ਉਹਨਾਂ ਨੂੰ......। ਉਹ ਵੀ ਹੈਰਾਨ..ਅਸੀ ਵੀ ਡੋਰ ਭੋਰੇ.....। ਨਾ ਮੁੜਨ ਜੋਗੇ..ਨਾ ਅੱਗੇ ਵਧਣ ਜੋਗੇ । ਕੰਮ ਮਰਨ ਤੋਂ ਵੀ ਜਿਆਦਾ ਅਹਿਮ ਸੀ ।ਕੁਝ ਚਿਰ ਬਾਦ ਅਸੀ ਨਿਰਣਾ ਲਿਆ...ਜੋ ਹੋਵੇਗਾ...ਦੇਖਿਆ ਜਾਵੇਗਾ....। ਮੇਰੇ ਦੋਸਤ ਨੇ ਜਿਵੇਂ ਹੀ ਸਕੂਟਰ ਗਿਅਰ ਵਿਚ ਪਾਇਆ....ਤਾਂ ਕਾਰ ਕੋਲ ਖੜ੍ਹੇ ਆਦਮੀ ਖੇਤਾਂ ਵੱਲ ਭੱਜ ਪਏ......। ਅਸੀ ਕਾਰ ਕੋਲ ਪਹੁੰਚੇ ਤਾਂ ਸੜਕ ਤੇ ਕਾਰ ਦਾ ਟਾਇਰ ਤੇ ਜੈੱਕ ਪਿਆ ਸੀ....ਅਸੀ ਉਹਨਾਂ ਨੂੰ ਬਹੁਤ ਅਵਾਜਾਂ ਲਗਾਈਆ...ਪਰ ਕਿਸੇ ਨੇ ਸੁਣਨਾ ਤਾਂ ਕੀਹ ਸੀ...ਪਿੱਛੇ ਮੁੜ ਕੇ ਵੀ ਨਾ ਦੇਖਿਆ.....

13 December 2010

ਚਿੜੀ ਨੂੰ ਕੀਹ ਪਤਾ...ਦਾਣਾ ਕਿੱਥੇ ਖਿਲਰਿਆ ਹੈ..ਉਹਨੂੰ ਤਾਂ ਬਸ ਭੁੱਖ ਲੱਗੀ ਹੈ......

15 December 2010


ਮੈਂ ਬਚਪਨ ਵਿਚ ਸੋਚਦਾ ਸੀ...ਮੇਰਾ ਇਕ ਮਹਿਲ ਹੋਵੇ.....ਜਰਾ ਕੁ ਸਮਝ ਆਈ...ਤਾਂ ਸੋਚਣ ਲੱਗਿਆ....ਪੰਜ ਕੁ ਕਿੱਲੇ ਵਿਚ ਕੋਠੀ ...ਜਰਾ ਕੁ ਹੋਰ ਸਮਝ ਆਈ...ਤਾਂ ਸੋਚਣ ਲੱਗਿਆ..........ਇਕ ਕਨਾਲ ਹੀ ਬਹੁਤ ਹੈ...ਹੋਰ ਸਮਝ ਆਈ...ਦਸ ਮਰਲਿਆ ਤੇ ਸੀਮਤ ਹੋ ਗਿਆ....ਹੋਰ ਸਮਝ ਆਈ....ਤਾਂ ਸੋਚਦਾ ਹਾਂ....ਚਾਰ ਮਰਲੇ ਕਿੰਨੇ ਵੱਡੇ ਹੁੰਦੇ ਨੇ....ਸੱਚ ਪੁੱਛੋ....ਤਾਂ ਮੇਰਾ ਰੇਲਵੇ ਦੇ ਪਲੇਟ ਫਾਰਮ ਤੇ ਸੋਣ ਨੂੰ ਦਿਲ ਕਰਦਾ ਹੈ....ਮੈਨੂੰ ਪਾਗਲ ਨਾ ਸਮਝ ਲੈਣਾ.......

15 December 2010


ਮੈਨੂੰ ਅੱਜ ਤਕ ਸਮਝ ਨਹੀਂ ਆ ਸਕੀ....ਸੁਭਾਸ਼ ਡੂਮ ਚੂੰਡੀ ਕਾਹਤੋ ਵੱਢਦਾ ਸੀ ?...ਮੈਂ ਬਹੁਤ ਨਿੱਕਾ ਸੀ...ਸਾਲ ਸਵਾ ਸਾਲ ਦਾ......ਕਦੇ ਕਦੇ ਉਹ ਆਉਂਦਾ.ਮਾਂ ਦੇ ਕੁੱਛੜ ਵਿੱਚੋ ਮੈਨੂੰ ਫੜ ਕੇ ਕਹਿਣਾ...ਮੇਰਾ ਭਤੀਜਾ ਤਾਂ ਅੰਗਰੇਜ਼ ਏ....। ਨਾਲ ਦੀ ਨਾਲ ਹੀ ਉਹਨੇ ਮੇਰੀ ਪਿੱਠ ਤੇ ਬਰੀਕ ਚੂੰਢੀ ਵੱਢ ਦੇਣੀ..ਮੇਰੀ ਜਾਨ ਨਿਕਲਣ ਵਾਲੀ ਹੋ ਜਾਂਦੀ...। ਮੈਂ ਆਪਣਾ ਪੂਰਾ ਜੋਰ ਲਗਾ ਕੇ ਚੀਖਣਾ ਸ਼ੁਰੂ ਕਰ ਦੇਂਦਾ ।..." ਭਰਜਾਈ ਮੇਰੇ ਕੋਲ ਤਾਂ ਆਉਂਦਾ ਨ੍ਹੀ ।...ਮਾਂ ਨੇ ਫੜ ਕੇ ਕਹਿਣਾ....ਮੈਨੂੰ ਮੋਹ ਕਰਦਾ ਹੈ....। ਉਹ ਜਿੱਧਰੋ ਆਉਂਦਾ ਗੁੰਮ ਜਾਂਦਾ । ...ਉਦੋ ਮੇਰੇ ਕੋਲ ਜ਼ੁਬਾਨ ਨਹੀਂ ਹੁੰਦੀ ਸੀ । ਅੱਜ ਜ਼ੁਬਾਨ ਹੈ..ਪਰ ਮਾਂ ਨਹੀਂ....। ਪਰ ਕਈ ਵਰ੍ਹਿਆਂ ਬਾਦ ਵੀ ਮੇਰੇ ਜ਼ਿਹਨ ਵਿਚ ਸੁਭਾਸ਼ ਡੂਮ ਕਾਹਤੋ ਘੁੰਮ ਰਿਹਾ ਹੈ..ਕਿਤੇ ਉਹ ਮਰਨ ਵਾਲਾ ਤਾਂ ਨਹੀਂ....।....
17 December 2010

ਕੁਝ ਗੱਲਾਂ ਸਮਝ ਨਹੀਂ ਆ ਰਹੀਆਂ....ਮੈਂ ਉਹਨਾ ਨੂੰ ਸਮਝਣ ਦੀ ਜਿੱਦ ਕਰ ਰਿਹਾ ਹਾਂ..ਕਿਤਾਬ,ਗੁਰੂ,ਅਭਿਆਸ...ਵਿਅਰਥ ...। ਮੈਂ ਕੁਝ ਚਿਰ ਲਈ ਸਾਰਾ ਕੁਝ ਲਾਭੇਂ ਕਰ ਕੇ ਰੱਖ ਦਿੱਤਾ ਹੈ ...ਮੈਨੂੰ ਪਤਾ ਹੈ..ਕੁਝ ਗੱਲਾਂ ਆਪਣਾ ਸਮਾਂ ਆਉਣ ਉੱਤੇ ਹੀ ਸਮਝ ਆਉਂਦੀਆ ਹਨ....

18 December 2010


ਕੁਝ ਅਜਿਹੇ ਲੋਕ ਵੀ ਦੁਨੀਆਂ ਤੇ ਪਧਾਰੇ ਹਨ...ਜਦ ਉਹ ਕਿਸੇ ਦੀ ਪ੍ਰਸ਼ੰਸ਼ਾ ਕਰਨ ਤਾਂ ਉਹਨਾਂ ਦੀ ਜਿੱਭ ਤੇ ਛਾਲੇ ਪੈ ਜਾਂਦੇ ਹਨ...ਕੀ ਫ਼ਰਕ ਪੈਂਦਾ ਹੈ....ਜੇ ਪੈਂਦਾ ਵੀ ਹੋਵੇ....ਤਾਂ ਕਿਹੜੀ ਆਫ਼ਤ ਆ ਜਾਵੇਗੀ......ਮੈਨੂੰ ਆਪਣੀ ਨਹੀਂ ਉਹਨਾਂ ਦੀ ਚਿੰਤਾਂ ਰਹਿੰਦੀ ਹੈ...ਅਕਸਰ ਹੀ ਵੈਦਾਂ ਕੋਲੋ ਪੁੱਛਦਾ ਰਹਿੰਦਾਂ ਹਾਂ...ਕੀ ਕੋਈ ਅਜਿਹੀ ਮਲਹਮ ਵੀ ਹੁੰਦੀ ਹੈ...ਜੋ ਜ਼ੁਬਾਨ ਦੇ ਛਾਲਿਆ ਨੂੰ ਰਾਹਤ ਦਵੇ....

18 December 2010


ਮੈਨੂੰ ਬਚਪਨ ਤੋਂ ਹੀ ਪਤਾ ਲੱਗ ਗਿਆ ਸੀ ਮੈਂ ਲੇਖਕ ਹਾਂ.......ਬਸ ਲਿਖਣਾ ਹੈ....ਮੈਂ ਬਹੁਤ ਜਲਦੀ ਮਹਿਸੂਸ ਕਰ ਲਿਆ ਸੀ ਲਿਖਣ ਲਈ ਬੜੀ ਸਾਧਨਾ ,ਤਿਆਗ ਅਤੇ ਸਬਰ ਦੀ ਜ਼ਰੂਰਤ ਹੁੰਦੀ ਹੈ । ਮੈਨੂੰ ਕਾਲਜ ਦੇ ਦਿਨਾਂ ਵਿਚ ਗਿਆਨ ਹੋ ਗਿਆ ਸੀ....ਮੇਰੇ ਕੋਲ ਅੰਮ੍ਰਿਤਾ ਵਰਗਾ ਹੁਸਨ ,ਸ਼ਿਵ ਵਰਗਾ ਗਲਾ,ਗਾਰਗੀ ਵਰਗਾ ਝੂਠ ਨਹੀਂ ਹੈ....ਬੜੀ ਮਿਹਨਤ ਕਰਨੀ ਪਵੇਗੀ ।
ਸਾਹਿਤ ਦਾ ਖੇਤਰ ...ਮੁੰਬਈ ਦਾ ਬਾਲੀਵੁੱਡ ਨਹੀਂ ਹੈ ।.....

23 December 2010


´´´´´´´´´´´´´,;****,´´´´
´´´´´´´´´´´´,*¨¨,“¨¨*,´´´
´´´´´´´´´´´,**¨¨¨@“;“;;-…
´´´´´´´´´-,¨**¨¨¨¨“)““-““““
´´´´´´´´//,***¨¨¨¨*
´´´´´´´(,(**/*“¨““¨¨*
´´´´´´((,*/*;);*)¨¨¨¨*
´´´´´((,**)*/**/¨¨¨”¨*
´´´´,(,****.:)*¨¨¨¨¨¨*
´´´((,*****)¨¨¨¨¨¨¨*
´´,(,***/*)¨*¨¨¨¨,¨*
´´,***/*)¨*¨¨,¨*
´)*/*)*)*¨¨*
/**)**¨¨“\\)\\)
*/*¨¨¨¨,...)!))!).....,(
“,¨¨¨¨_)--“--“------/_.
ਸਾਡੇ ਇਕ ਪ੍ਰਾਈਵੇਟ ਹਸਪਤਾਲ ਹੈ....ਉਸ ਵਿਚ ਲੈਪ ਟੋਪ ਵੀ ਮੁਹੱਈਆ ਕਰਾ ਦਿੱਤੇ ਗਏ ਹਨ....ਅੱਜ ਇਕ ਮਰੀਜ਼ ਦਾ ਪਤਾ ਲੈਣ ਗਿਆ...ਤਾਂ ਉਹ ਫੇਸ ਬੁੱਕ ਖੋਹਲ ਕੇ ਬੈਠਾ ਸੀ....

******************************************************

Sunday, 20 March 2011

ਮਹਾਂ ਦੁੱਖ

 

08 November 2010


ਮੈਂ ਕਈ ਵਾਰ ਬਲੱਡ ਪਰੈਸ਼ਰ ਚੈੱਕ ਕਰਵਾ ਲਿਆ...ਰਿਪੋਰਟ ਅਕਸਰ ਨਾਰਮਲ ਆਉਂਦੀ ਹੈ....। ਸੋਚਿਆ ਕੋਈ ਹੋਰ ਪ੍ਰਾਬਲਮ ਨਾ ਹੋਵੇ...ਕਈ ਕੈਪਸੂਲ ਕਈ ਗੋਲੀਆ ਖਾ ਲਈਆ ।..ਪਰ ਘਰ ਵਾਲਿਆ ਦਾ ਅਜੇ ਵੀ ਸ਼ਿਕਵਾ ਹੈ-ਤੁਹਾਨੂੰ ਗੁੱਸਾ ਬਹੁਤ ਆਉਂਦਾ ਹੈ । ਕੀਹ ਕਰਾਂ..? ਅੱਜ ਕਚਿਹਿਰੀ ਜਾਂਦੇ ਹੋਏ....ਇਕ ਤੋਤੇ ਵਾਲੇ ਕੋਲ ਬਹਿ ਗਿਆ....ਮੈਂ ਕਿਹਾ ਪੰਡਤ ਜੀ...ਆਹ ਸੱਮਸਿਆ ਹੈ । ਕਹਿੰਦਾ-ਬਹੁਤ ਮਮੂਲੀ ਗੱਲ ਹੈ।..ਉਹਨੇ ਤੋਤੇ ਨੂੰ ਪਿੰਜਰੇ ਵਿੱਚੋ ਕੱਢਿਆ ....ਮੀਆਂ ਮਿੱਠੂ,ਵਕੀਲ ਸਾਹਿਬ ਕੇ ਦੁਖ ਕਾ ਨਿਵਾਰਣ ਕਰ ਦੋ...। ਤੋਤੇ ਨੇ ਕਾਰਡ ਚੁੱਕ ਕੇ ਮੂਹਰੇ ਰੱਖ ਦਿੱਤਾ....ਕਿਰਪਾ ਆਪ ਕੂਟਨੀਤੀ ਸੀਖਣੇ ਕਾ ਪ੍ਰਯਤਨ ਕਰੇਂ...

02 November 2010


ਮੈਂ ਖਤ ਖੋਲ੍ਹਿਆ ਤਾਂ ਗੀਤ ਲਿਖਿਆ ਸੀ...ਤਾਰਾ ਵੀ ਸ਼ਾਇਰ ਹੈ....। ਖਤ ? ਬਸ ਫਾਰਮਲ ਜਿਹੇ ਆਉਂਦੇ ਹਨ..। ਤਾਰਾ ਵੀ ਗੀਤ ਲਿਖਦਾ ਹੈ । ਉਹਵੀ ਸਿਲਵਰ ਕਲਰ ਵਿਚ । ਸ਼ਿਵ ਯਾਦ ਆ ਗਿਆ-ਯੋਬਣ ਰੁੱਤੇ ਜੋ ਵੀ ਮਰਦਾ,ਫੁੱਲ ਬਣੇ ਜਾਂ ਤਾਰਾ । ਮਾਂ ਨੇ ਪੁੱਤ ਨੂੰ ਕੀ ਲਿਖਿਆ ਹੈ ? ਕਾਸ਼ !ਇਬਾਰਤ ਪੜ੍ਹ ਸਕਦਾ । ਬਿਮਾਰ ਆਦਮੀ ਦੀ ਨੀਂਦ ਬਹੁਤ ਕੱਚੀ ਹੁੰਦੀ ਹੈ । ਨਹੀਂ ?

03 November 2010


ਮੈਨੂੰ ਸਿਰਫ਼ ਪਿਆਰ ਕਰਨਾ ਹੀ ਆਉਂਦਾ ਹੈ...ਆਹ ਨਫ਼ਰਤ ਵਾਲੇ ਲੋਕ ਕਿੱਧਰੋ ਤੁਰੇ ਆਉਂਦੇ ਨੇ ।.....ਕੋਈ ਪਤਲੀ ਗਲੀ ਦਾ ਰਾਹ ਦੱਸੋ...ਤਾਂ ਕਿ ਭੱਜ ਸਕਾਂ......

31 October 2010


ਮੈਂ ਫਾਲਤੂ ਗੱਲਾਂ ਨੂੰ ਆਪਣੇ ਜ਼ਿਹਨ ਵਿਚ ਸਟੋਰ ਨਹੀਂ ਕਰਦਾ । ਜੇਕਰ ਫਾਲਤੂ ਗੱਲਾ ਨੂੰ ਸੰਭਾਲੀ ਜਾਵੋ ਤਾਂ ਚੱਜ ਦੀਆਂ ਗੱਲਾ ਭੁੱਲਣ ਲੱਗਦੀਆ ਹਨ । ਅੱਜ ਇਕ ਦੋਸਤ ਮਿਲਣ ਆਇਆ । ਕਿਸੇ ਮਸਲੇ ਬਾਰੇ ਚਰਚਾ ਹੋ ਰਹੀ ਸੀ ।..ਪਰ ਉਹ ਇਕ ਗੱਲ ਤੇ ਖੜ ਗਿਆ-'ਆਹ ਗੱਲ ਤਾਂ ਤੂੰ ਆਪ ਕਹੀ ਸੀ । ਮੇਰਾ ਜਵਾਬ ਸੀ--'ਮੈਂ ਫਿਰ ਚੱਜ ਦੀ ਗੱਲ ਨਹੀਂ ਕਹੀ ਹੋਵੇਗੀ " ।.. ਤੇ ਉਸਦੀਆ ਵੱਖੀਆ ਦੁਖਣ ਲੱਗੀਆ । ਮੇਰੇ ਜ਼ਿਹਨ ਵਿਚ ਅਜੇ ਤਕ ਉਸਦਾ ਹਾਸਾ ਗੂੰਜ ਰਿਹਾ ਹੈ ।......

29 October 2010


ਮੇਰਾ ਇਕ ਦੋਸਤ ਸੀ-ਆਸੀ । ਉਹ ਪੰਜਾਬੀ ਦਾ ਬਹੁਤ ਵੱਡਾ ਸ਼ਾਇਰ ਸੀ । ਜਿਹਨੇ ਕਦੀ ਲਿਖਿਆ ਸੀ-ਮੈਂ ਕੜਾਹ'ਚ ਘੁਲਿਆ ਤੰਬਾਕੂ ਹਾਂ .....ਉਹਨੂੰ ਜਦ ਗੁੱਸਾ ਆਉਂਦਾ ਤਾਂ ਕਹਿੰਦਾ-" ਸਾਲਾ ਟੁੱਚ ' । ਮੈਨੂੰ ਬਹੁਤ ਗਲਤ ਜਿਹਾ ਲੱਗਦਾ । ਆਹ ਕੀ ਗੱਲ ਹੋਈ ? ਹਰ ਮਨੁੱਖ ਦੀ ਆਪਣੀ ਵਿਚਾਰਧਾਰਾ ਏ । ਮੈਂ ਇਕ ਦਿਨ ਮਜ਼ਾਕ ਨਾਲ ਪੁੱਛਿਆ," ਆਸੀ ਜਦ ਕਿਸੇ ਕੁੜੀ ਤੇ ਗੁੱਸਾ ਆਉਂਦਾ ਤਾਂ ਉਦੋਂ ਕੀ ਕਹਿੰਦਾ ਏ ?" । ਬੋਲਿਆ-ਚਵਲ ਜਹੀ ।ਮੈਨੂੰ ਉਸ ਦੇ ਮਰਨ ਤੋਂ ਬਾਦ ਪਤਾ ਲੱਗਿਆ,ਉਹਨੂੰ ਏਨਾਂ ਗੁੱਸਾ ਕਾਹਤੋਂ ਆਉਂਦਾ ਸੀ ?.....

22 October 2010


ਮੈਂ ਬਹੁਤ ਜਖ਼ਮੀ ਹਾਂ...ਪਰ ਮੇਰੀ ਹਾਰ ਦਾ ਫਤਵਾ ਨਾ ਦੇ ਦੇਣਾ....ਮੈਂ ਆਪਣੇ ਮੁੰਡੇ ਨੂੰ ਘੋੜੇ ਤੇ ਚੜਾਉਣ ਲੱਗਿਆ ਹਾਂ...ਤੇ ਕੁੜੀ ਦੇ ਹੱਥ ਵਿਚ ਤਲਵਾਰ ਫੜਾਉਣ ਲੱਗਿਆ ਹਾਂ..। ਜੰਗ ਆਖ਼ਰੀ ਸਾਹ ਤਕ ਨਹੀਂ ...ਆਖ਼ਰੀ ਨਸਲ ਤਕ ਲੜੀ ਜਾਵੇਗੀ....

19 October 2010


ਤਾਰੇ ਨੇ ਤਾਰੇ ਨੂੰ ਗੀਤ ਲਿਖਣਾ ਹੈ.........

18 October 2010


ਮੈਂ ਡਿਸਕਵਰੀ ਚੈਨਲ ਦੇਖ ਰਿਹਾ ਸੀ...ਸ਼ੇਰ ਅਤੇ ਸ਼ੇਰਨੀ ਬਾਰੇ ਫਿਲਮਾਇਆ ਗਿਆ ਸੀ । ਮੈਨੂੰ ਲੱਗਿਆ,ਜਲਦੀ ਹੀ ਸਮਾਗਮ ਸੀਨ ਵਿਖਾਇਆ ਜਾਵੇਗਾ । । ਮੈਂ ਰਿਮੋਟ ਚੁੱਕ ਕੇ ਚੈਨਲ ਬਦਲ ਦਿੱਤਾ । ਬੇਟਾ ਹੱਸ ਪਿਆ ..। ਕਹਿੰਦਾ-ਪਾਪਾ਼ । ਮੈਨੂੰ ਪਤਾ ਤੁਸੀ ਚੈਨਲ ਕਿਉਂ ਚੇਂਜ ਕੀਤਾ । ...ਮੈਂ ਕੁਝ ਘਬਰਾ ਕੇ ਪੁੱਛਿਆ-' ਤੂੰ ਦੱਸ ' । ਕਹਿੰਦਾ- ਹੁਣ ਗਲਤ ਸੀਨ ਆਉਣਾ ਸੀ । ਮੈਂ ਤਾਂ ਇਹ ਸੀਨ ਕਈ ਵਾਰ ਦੇਖ ਚੁੱਕਿਆ ....। ....

12 September 2010


ਸਾਡੀ ਗਲੀ ਵਿਚ...ਇਕ ਬਾਬਾ ਰਹਿੰਦਾਂ...ਕੋਈ ਕੰਮ ਨਹੀਂ ਕਰਦਾ...ਬਸ ਬਾਰ ਦੇ ਸਾਵੇਂ ਕੁਰਸੀ ਡਾਹ ਕੇ ਬੈਠਾ ਰਹਿੰਦਾਂ‍...ਅੱਖਾਂ ਤੇ ਕਾਲਾ ਚਸ਼ਮਾ..ਹੱਥ ਵਿਚ ਖੂੰਡਾਂ....ਕੋਈ ਰੁਕ ਕੇ ਹਾਲ ਪੁੱਛ ਲਵੇ ਤਾਂ...ਕੀ ਦੱਸਾਂ,ਕਈ ਸਾਲਾਂ ਤੋਂ ਕਾਲਾ ਮੋਤੀਆ ਉਤਰਿਆ...ਮੇਰੇ ਲਈ ਤਾਂ ਦਿਨ ਵੀ ਰਾਤ ਨੇ...।.....ਜੇ ਨੂੰਹ ਖਾਣ ਲਈ ਥਾਲੀ ਫੜਾਵੇ ਤਾਂ ਸੂਹਾ ਹੋ ਜਾਂਦਾ-ਨੀ ਕੁੜੀਏ ...ਅੱਜ ਤੋਂ ਬਾਦ ਨੋਹਾਂ ਤੇ ਪਾਲਸ਼ ਲਾਈ ਤਾਂ ਵੱਢ ਸੁੱਟਾਗਾ.... ਜੇ ਗਲੀ ਵਿਚ ਕੋਈ ਜਵਾਨ ਮੁੰਡਾਂ ਲੰਘ ਜਾਵੇ ਤਾਂ ਨਾਲ ਦੀ ਨਾਲ ਦਾਬਾ ਮਾਰਦਾ-ਕਾਕਾ ਕਿਨੂੰ ਮਿਲਣ ਆਇਐ.? ਇਕ ਦਿਨ ਕੋਈ ਬੱਚਾ ਉਹਦੀਆਂ ਜੁੱਤੀਆ ਚੁਰਾ ਕੇ ਭੱਜਣ ਲੱਗਿਆ....ਤਾਂ ਖੂੰਡਾਂ ਚੁੱਕ ਕੇ ਚੀਖਣ ਲੱਗਿਆ....ਮੈਨੂੰ ਅੰਨ੍ਹਾਂ ਸਮਝ ਰੱਖਿਆ.....। ਮੈਂ ਹਮਦਰਦੀ ਵਜੋਂ ਅੱਗੇ ਵਧਿਆ...ਕੁਰਸੀ ਤੇ ਬਿਠਾ ਕੇ ਪੁੱਛ ਲਿਆ-ਕੀ ਤੁਹਾਨੂੰ ਸੱਚੀ ਨਜ਼ਰ ਨਹੀਂ ਆਉਂਦਾ......ਤਾਂ ਬੋਲਿਆ 'ਮੈਂ ਤਾਂ ਹੇਮਾ ਮਾਲਿਣੀ ਵਾਹ ਕੇ ਰੰਗ ਭਰ ਦਿਆਂ.... ।"

ਹੱਸਦੇ ਹੱਸਦੇ ਅੱਖਾਂ ਵਿਚ ਪਾਣੀ ਭਰ ਗਿਆ......

06 October 2010


ਆਮ ਆਦਮੀ ਦਾ ਆਪਣਾ ਸੰਸਾਰ ਹੁੰਦਾ ਹੈ ...ਜੋ ਮਰਜੀ ਖਾਵੇ..ਪੀਵੇ..ਜੀਵੇ....। ਜੇਕਰ ਦੁਖੀ ਹੋਵੇ ਤਾਂ ਘਟੀਆ ਸ਼ਰਾਬ ਪੀ ਕੇ ਕੰਧਾਂ ਨੂੰ ਗਾਹਲਾ ਕੱਢ ਲਵੇ । ਆਸ ਪਾਸ ਵਾਲੇ ਪੁੱਛਦੇ ਹਨ-ਕੌਣ ਸੀ । ਕਿਸੇ ਕੋਲ ਸਨਾਖ਼ਤ ਹੋਵੇ ਤਾਂ ਦੱਸੇ । ਪਤਾ ਨਹੀਂ । ਆਮ ਆਦਮੀ ਅਜਿਹਾ ਹੀ ਹੁੰਦਾ ਹੈ ।....ਖਾਸ ਆਦਮੀ ??? ਖਾਸ ਆਦਮੀ ਬਾਰੇ ਤਾਂ ਕੋਈ ਖਾਸ ਆਦਮੀ ਹੀ ਦੱਸ ਸਕਦਾ ਹੈ । ਕੀ ਤੁਹਾਡੇ ਵਿਚ ਕੋਈ ਖਾਸ ਆਦਮੀ ਹੈ । ..ਮਾਫ਼ ਕਰਨਾ । ਮੈਂ ਖਾਸ ਆਦਮੀ ਦੀ ਗੱਲ ਕਰ ਰਿਹਾ ਹਾਂ । ਮਹਾਨ ਆਦਮੀਆ ਨੂੰ ਬੋਲਣ ਦਾ ਕੋਈ ਹੱਕ ਨਹੀਂ ।.......

10 September 2010


ਮੈਂ ਆਪਣਾ ਜਨਮ ਦਿਨ ਕਦੇ ਯਾਦ ਨਹੀਂ ਰੱਖਦਾ....। ਪਰ ਕੁਝ ਸਾਲਾਂ ਤੋਂ ਨਾਇਨ ਅਲੈਵਨ ਨਹੀਂ ਭੁੱਲਦਾ........। ......

09 September 2010


ਕਈ ਰਾਤਾਂ ਤੋਂ ਇਕ ਕਵਿਤਾ ਘੁੰਮ ਰਹੀ...ਚੁੰਬਕੀ ਤੂਫਾਨ....ਕਵਿਤਾ ਤਲੀ ਤੇ ਬਹਿ ਕੇ ਉੱਡ ਜਾਂਦੀ....ਜਦ ਅੱਖ ਖੁੱਲ੍ਹਦੀ ਤਾਂ ....। ਸੂਰਜ ਆਪਣੀਆਂ ਲਪਟਾਂ ਵਿਚ ਉਲਝਿਆ...ਹਜ਼ਾਰ ਰੰਗਾਂ ਦੇ ਬੱਦਲ....। ਦੂਰ ਤਕ ਅਨਹਦ ਨਾਦ......ਕੁਝ ਵੀ ਯਾਦ ਨਹੀਂ ਰਹਿੰਦਾਂ ...ਅੱਜ ਆਪਣੇ ਇਕ ਦੋਸਤ ਨੂੰ ਦੱਸਿਆ.......ਮੇਰੇ ਨਾਲ ਤਿੰਨ ਰਾਤਾਂ ਤੋਂ ਇਂਜ ਹੋ ਰਿਹਾ....। ਮੈਨੂੰ ਕਹਿਣ ਲੱਗਿਆ....ਤੂੰ ਸਮੈਕ ਤਾਂ ਨਹੀਂ ਪੀਂਦਾ...? ....!!!

03 September 2010

ਜੇ ਛਾਤੀ ਵਿਚ ਪਹਿਲਾਂ ਹੀ ਅਣਗਿਣਤ ਸੁਰਾਖ਼ ਹੋਣ ਤਾਂ ਨਵਾਂ ਛੇਕ ਵੀ ਪਛਤਾਉਣ ਲੱਗਦਾ....ਮੇਰੀ ਗਿਣਤੀ ਕੌਣ ਕਰੇਗਾ....?..........

02 September 2010


ਜਦ ਤੁਹਾਨੂੰ ਲੱਗੇ,ਮੈ ਝੂਠ ਬੋਲ ਰਿਹਾ ਹਾਂ...ਮੈਨੂੰ ਪੜ੍ਹਣਾ ਛੱਡ ਦੇਣਾ....

23 August 2010


ਕੁਝ ਲੋਕ ਸੋਂ ਗਏ ਨੇ....ਉਹਨਾਂ ਦਾ ਸੋਣਾਂ ਬਹੁਤ ਜ਼ਰੂਰੀ ਹੈ....ਕਿਉਂਕਿ ਉਹ ਥੱਕ ਗਏ ਨੇ.....। ਕੁਝ ਲੋਕ ਮਰ ਗਏ ਨੇ.... ਉਹ ਜੀਣ ਲਈ ਮਰਨ ਦਾ ਨਾਟਕ ਕਰ ਰਹੇ ਨੇ....ਜਾਓ ਉਹਨਾਂ ਨੂੰ ਮਾਰ ਦਿਓ....ਕਿਉਂਕਿ ਥੱਕੇ ਲੋਕਾਂ ਦੇ ਜਿਉਣ ਲਈ ਉਹਨਾਂ ਦਾ ਮਰਨਾ ਜਰੂਰੀ ਹੈ.....

22 August 2010


...ਮੈਂ ਆਪਣੇ ਦੱਸਾਂ ਨਹੁੰਆਂ ਦੀ ਕਮਾ ਕੇ ਖਾਂਦਾ ਹਾਂ.....ਮੇਰੇ ਵਾਂਗ ਹੋਰ ਵੀ ਬਹੁਤ ਲੋਕ ਨੇ....। ਪਰ ਮੇਰਾ ਡਰ ਕਿਤੇ ਉੱਡ ਗਿਆ...ਉਹ ਅਜੇ ਵੀ ਸੋਚ ਰਹੇ ਨੇ....। ਜੇਕਰ ਸੱਚੀ ਗੱਲ ਨਹੀਂ ਕਰ ਸਕਦੇ...ਤਾਂ ਸੱਚੀ ਗੱਲ ਦਾ ਹੁੰਗਾਰਾ ਤਾਂ ਭਰਿਆ ਜਾ ਸਕਦਾ...। ਨਹੀਂ....?.....ਇਕ ਗੱਲ ਕਹਾਂ...ਅਸੀ ਜੋ ਸੋਚਦੇ ਹਾਂ...ਆਮ ਤੌਰ ਤੇ ਉਹ ਹੁੰਦਾਂ ਹੀ ਨਹੀਂ.....ਜੋ ਵਾਪਰਦਾ,ਉਸਦਾ ਪਤਾ ਨਹੀਂ ਲੱਗਦਾ.......।....ਤਾਂ ...ਤੁਸੀ ਕਿਹੜਾ ਰਸਤਾ ਚੁਣਨਾ ਚਾਹੁੰਦੇ ਹੋ....? ਮੈਂ ਕਿਸੇ ਗਲਤ ਰਾਹ ਉੱਤੇ ਤਾਂ ਨਹੀਂ ਚਲ ਰਿਹਾ...? ਪਤਾ ਨਹੀਂ ਕੌਣ ਹੁੰਗਾਰਾ ਭਰੇਗਾ....।