web widgets

Saturday, 30 April 2011

ਮੱਛਲੀ ਬਜ਼ਾਰ





ਮੈਂ ਅਜੇ ਪੱਥਰ ਦਾ ਅਕਾਰ ਵੇਖਣਾ ਹੈ....ਮੂੰਗੇ ਦਾ ਤਰਜ਼ੁਮਾ ਕਰਨਾ ਹੈ....ਸਿੱਪੀ ਦਾ ਗੀਤ ਗਾਉਣਾ ਏ....‍ ਸਮੁੰਦਰ ਦੇ ਅੰਤ ਨੂੰ ਪਾਣਾ ਏ.....ਤਾਂ ਕਿ ਕੋਈ ਇਹ ਨਾ ਆਖੇ....ਮਰੀ ਮਛਲੀ ਦਾ ਕਾਹਦਾ ਜੀਣਾ.......ਕੀ ਮਰੀ ਮਛਲੀ ਦਾ ਵੀ ਜੀਵਨ ਹੁੰਦਾ.....???....
-----------------------20042011---------------------------------


ਸਾਡੇ ਸ਼ਹਿਰ ਤੋਰੀਆਂ ਵੇਚਣ ਵਾਲੇ ਨੇ ਨਵਾਂ ਕਾਲਜ ਖੋਲ੍ਹਿਆ ਹੈ । ਹਾ ਹਾ ਹਾ ।..........ਕੀ ਕੋਈ ਹੱਸਣ ਵਾਲੀ ਗੱਲ ਹੈ ?...ਜੇਕਰ ਕੋਈ ਲੱਡੂਆਂ ਵੱਟਣ ਵਾਲਾ.... ....ਯੂਨੀਵਰਸਿਟੀ ਖੋਲ੍ਹ ਸਕਦਾ ਤਾਂ ਕੀ ਤੋਰੀਆਂ ਵੇਚਣ ਵਾਲਾ ਕਾਲਜ ਨਹੀਂ ਖੋਲ੍ਹ ਸਕਦਾ.......ਇਕ ਤਾਂ ਤੁਸੀ ਗੱਲ ਭੁਲਾ ਦੇਂਦੇ ਹੋ...ਹਾਂ ਤਾਂ ਮੈਂ ਕੀ ਕਹਿ ਰਿਹਾ ਸੀ.............ਅੱਜ ਉਸਦੇ ਪ੍ਰਿੰਸੀਪਲ ਨੂੰ ਮਿਲਣ ਚਲਾ ਗਿਆ.....ਸਭ ਤੋਂ ਪਹਿਲਾ ਤਾਂ ਮੁਬਾਰਕ ਦਿੱਤੀ......। ...ਫਿਰ ਬੇਨਤੀ ਕੀਤੀ....... . " ਸਰ । ਮੇਰੇ ਇਕ ਅਜ਼ੀਜ ਨੂੰ ਦਾਖਲਾ ਚਾਹੀਦਾ ਹੈ...ਕੀ ਤੁਸੀ.... ? " ਨਾਲ ਦੀ ਨਾਲ ਹੀ ਬੋਲਿਆ -" ਕੋਈ ਗੱਲ ਨਹੀਂ । ਢਾਈ ਕਿੱਲੋ ਗੁੱਟੀਆ ਲੱਗਣਗੀਆ.....।"
ਬਾਕੀ ਗੱਲ ਫਿਰ ਕਰਾਂਗਾ....ਕੋਈ ਮਿਲਣ ਆਇਆ ਹੈ.......
-------------------------20042011------------------------------------




ਮੁੰਡੂ ਚਾਹ ਲੈ ਕੇ ਆਇਆ । ਮੁੰਡੂ ਚੈਂਬਰ ਦੇ ਸਾਹਵੇਂ ਖੜ੍ਹ ਕੇ ਬੋਲਿਆ-"ਬਾਊ । ਬੂਟ ਪਾਲਸ਼ ਕਰਾਣੇ ? ਮੁੰਡੂ ਦੀ ਹੀ ਜ਼ਮਾਨਤ । ਮੁੰਡੂ ਹੀ ਪਾਣੀ ਪਿਆ ਰਿਹਾ । ਮੁੰਡੂ ਨੇ ਹੀ ਟਿਊਬ ਦਾ ਪੰਚਰ ਲਾਇਆ । ਮੁੰਡੂ ਹੀ.........।

ਚਾਇਲਡ ਲੇਬਰ !
ਕਨੂੰਨ ਤਾਂ ਬਣਿਆ ਹੈ । ਲਾਗੂ ਕੌਣ ਕਰੇ ?...... ।...ਹੁਣ ਮਸਲਾ ਕਨੂੰਨ ਬਣਾਉਨ ਜਾਂ ਲਾਗੂ ਕਰਨ ਦਾ ਨਹੀਂ ਹੈ ..ਸੁੱਤੀਆ ਰੂਹਾਂ  ਨੂੰ ਜਗਾਣ ਦਾ ਹੈ ।

ਕਈ ਮੁਲਕਾ ਕੋਲ ਤਾਂ ਆਪਣਾ ਸੰਵਿਧਾਨ ਵੀ ਨਹੀਂ ਹੈ ।ਕਈ ਦੇਸ਼ਾ ਕੋਲ ਤਾਂ ਆਪਣੀ ਫੌਜ ਵੀ ਨਹੀਂ ਹੈ ।....

ਕੀ ਕਿਸੇ ਕੋਲ ਜਨਾਬ ਸ਼ਿਵ ਕੁਮਾਰ ਸ਼ਰਮਾ ਦੀ ਨਜ਼ਮ-"ਮੁੰਡੂ ਠੇਕੇਦਾਰਾ ਦਾ ...ਸਾਵਾ ਬਿਰਖ਼ ਪਹਾੜਾ ਦਾ....." ਹੈ ?

ਜੱਜ ਸਾਹਿਬ ਕਿੱਥੇ ਹੋ...??
ਜੱਜ ਸਾਹਿਬ ???..............
--------------------19042011-------------------------------------



ਮੈਨੂੰ ਚਵਿੰਗਮ ਤੋਂ ਬਹੁਤ ਨਫ਼ਰਤ ਹੈ....ਜਬਾੜੇ ਦੁਖਣ ਲੱਗਦੇ.....।...ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈਂਦਾ.....। ਤੁਸੀ ਕਹੋਗੇ ....ਆਹ ਕੀ ਗੱਲ ਹੋਈ ???......ਕੁਝ ਗੱਲਾਂ ਬਸ ਇਂਜ ਹੀ ਹੁੰਦੀਆ ਨੇ.........
-------------------------18042011------------------------------



ਜਦ ਡੋਲੀ ਤੁਰਦੀ ਤਾਂ ਭੱਜ ਕੇ ਛੱਤ ਤੇ ਚਲੇ ਜਾਣਾ ।ਲਾੜੇ ਦਾ ਬਾਪੂ ਆਪਣੀ ਲਾਲ ਥੈਲੀ ਨਾਲ ਕਾਰ ਦੇ ਮੂਹਰੇ ਭੱਜਣਾ ਸ਼ੁਰੂ ਕਰਦਾ..ਜਾਪਦਾ ਕਿਸੇ ਵੱਡੀ ਰਿਆਸਤ ਦਾ ਨਵਾਬ ਹੋਵੇ... .ਖੜਾਕ ਖੜਾਕ ਦੀ ਅਵਾਜ਼ ....ਕਿਧਰੇ ਚਵਾਨੀ...ਕਿਧਰੇ ਧੇਲੀ....ਕਿਧਰੇ ਰੁਪਈਆ ਡਿੱਗਦਾ.....। ਬੱਚੇ ਕਦੇ ਜ਼ਮੀਨ ਤੇ ਹੱਥ ਮਾਰਦੇ...ਕਦੇ ਨਾਲੀ ਵਿੱਚ.....।ਮੈਨੂੰ ਪੱਲੀ  ਵਾਲਿਆ ਉੱਤੇ ਬਹੁਤ ਗੁੱਸਾ ਆਉਂਦਾ ...। ਕੋਈ ਮਾੜਚੂ ਪੈਰਾਂ ਵਿੱਚ ਵੀ ਮਧੋਲਿਆ ਜਾਂਦਾ..."ਮਰ ਗਿਆ......।" ...ਵਾਜਿਆਂ ਦੀ ਅਵਾਜ਼ ....ਕਿਸ ਦਾ ਦਰਦ ਸੁਣਨ ਦੇਂਦੀ ਹੈ......। ਨਹੀਂ ???......
-----------------------------------------------------------------------
ਪੱਲੀ : ਚੁੰਨੀ ਨੂੰ ਦੋ ਢਾਂਗਿਆ ਨਾਲ ਬੰਨਣਾ ---------------------------17042011---------------------------------


ਮੈਨੂੰ ਭੂਤ ਬਹੁਤ ਚੰਗੇ ਲੱਗਦੇ ਹਨ...ਕੱਲ ਪਤਨੀ ਨੇ ਖਾਣਾ ਰੱਖਿਆ ਤਾਂ ਸਾਹਮਣੇ ਬਹਿ ਗਿਆ ..." ਮੇਰੀ ਥਾਲੀ ਕਿੱਥੇ ਹੈ ? " ਸਮਝਾਇਆ..." ਮੇਰੇ ਨਾਲ ਹੀ ਖਾ ਲੈ.. ਆਪਣੀ ਭਾਬੀ ਦੀ ਜਾਨ ਕੱਢ ਕੇ ਕੀ ਮਿਲੇਗਾ ??" ਜਲਦੀ ਹੀ ਮੰਨ ਗਿਆ । ਪ੍ਰਸ਼ਨ ਕੀਤਾ " ਕੀ ਆਤਮਾ ਨੂੰ ਭੁੱਖ ਲੱਗਦੀ ? ਮੁਸਕਰਾ ਕੇ ਬੋਲਿਆ - " ਕੀ ਸਰੀਰ ਨੂੰ ਰੋਟੀ ਦੀ ਜ਼ਰੂਰਤ ਹੁੰਦੀ ਹੈ ? "....ਸ਼ਾਇਦ ਉਹ ਨੋਇਡਾ ਤੋਂ ਹੋ ਕੇ ਆਇਆ ਸੀ.....ਮੈਂ ਕੀ ਆਖਦਾ...
ਪਰ ਉਹ ਖਾਣਾ ਖਾਂਦੇ ਬੋਲਿਆ....ਇਕ ਦੋ ਪੈੱਗ ਮਿਲ ਸਕਦੇ ਨੇ ...???......


 ------------------------------------------------------------
ਹਵਾਲਾ : ਨੋਇਡਾ ਪੁਲੀਸ ਨੇ ਦੋ ਭੈਣਾਂ ਨੂੰ ਸੱਤ ਮਹੀਨੇ  ਬਾਦ ਬੰਦ ਮਕਾਨ ਤੋਂ ਬਾਹਰ ਕੱਢਿਆ । ਉਹ ਪਾਣੀ ਅਤੇ ਖਾਣੇ ਤੋਂ ਬਿਨਾਂ ਜੀਅ ਰਹੀਆ ਸਨ । ਇਕ ਭੈਣ ਦੀ ਹਸਪਤਾਲ ਵਿੱਚ ਮੌਤ ।
------------------14042011-------------------------------




ਮੈ ਆਪਣੇ ਦੋਸਤ ਨੂੰ ਆਖ ਦਿੱਤਾ - " ਮੈਂ ਬਹੁਤ ਚਿਰ ਤੋਂ ਘੜ੍ਹੀ ਬੰਨਣੀ ਛੱਡ ਦਿੱਤੀ । " ਕਹਿੰਦਾ - " ਹੁਣ ਤਾਂ ਮੁਬਾਇਲ ਤੋਂ ਵੀ ਵਕਤ ਦਾ ਪਤਾ ਲੱਗ ਜਾਂਦਾ । " ਮੈਂ ਕੀ ਕਿਹਾ ਫਿਰ ? ਕਿਹਾ - " ਮੈਂ ਮੁਬਾਇਲ ਵੀ ਸਤਲੁਜ ਵਿੱਚ ਸੁੱਟ ਆਇਆ । " ਦੋਸਤ ਆਪਣਾ ਮੁਬਾਇਲ ਕੱਢ ਕੇ ਮੇਰਾ ਨੰਬਰ ਲਾਉਣ ਲੱਗਿਆ । ਫਿਰ ਕੀ ਹੋਇਆ ?? ਬੈੱਲ ਤਾਂ ਵੱਜਣੀ ਸੀ ....

ਜੀਵਿਕਾ ਕਿੱਥੇ ਜੀਣ ਦੇਂਦੀ ਹੈ ......
-------------------14042011-----------------------------



ਕੋਈ ਵੀ ਨਵੀਂ ਚੀਜ਼ ਖਰੀਦ ਕੇ ਲਿਆਵਾਂ । ਬੀਵੀ ਦਾ ਪਹਿਲਾ ਸਵਾਲ ਹੁੰਦਾ - "ਕਿੰਨੇ ਦੀ ? " ਮੈਂ ਅੱਧੀ ਕੀਮਤ ਦੱਸ ਦੇਂਦਾ ਹਾਂ । ਜਵਾਬ ਹੁੰਦਾ -"ਮੈਂ ਖਰੀਦ ਕੇ ਲਿਆਦੀਂ ਤਾਂ ਹੋਰ ਵੀ ਸਸਤੀ ਆਉਣੀ ਸੀ । " ਮੈਂ ਮੁਸਕਰਾ ਕੇ ਆਖਦਾ ਹਾਂ-" ਅਗਲੀ ਵਾਰ ਤੈਨੂੰ ਭੇਜਾਗਾ । " ਅੱਜ ਨਵਾਂ 'ਉਵਨ' ਲਿਆਂਦਾ ਤਾਂ ਗੁਆਂਢਣ ਨਾਲ ਗੱਲਾਂ ਕਰਦੀ ਬੀਵੀ ਨੇ ਉਹੀ ਸਵਾਲ ਕੀਤਾ । ਕਿੰਨੇ ਦਾ ਏ ?"ਕਿਹਾ-" ਆਹ ਤਾਂ ਕੰਪਨੀ ਵਾਲੇ ਦਿੱਲੀ ਚੌਂਕ ਵਿੱਚ ਮੁਫ਼ਤ ਵੰਡ ਰਹੇ । ਮੇਰੀ ਗੱਲ ਸੁਣ ਕੇ ਗੁਆਂਢਣ ਨੇ ਬਾਂਹ ਫੜ੍ਹ ਲਈ -" ਚੱਲ ਪੁੱਤਰ ਸਕੂਟਰ ਨੂੰ ਕਿਕ ਮਾਰ,ਅਸੀ ਤਾਂ ਰਾਣੀ ਦਾ ਵਿਆਹ ਰੱਖਿਆ ।ਮੈਂ ਸੋਚਣ ਤੋਂ ਇਲਾਵਾ ਕੀਹ ਕਰ ਸਕਦਾ ਸੀ । " ਬੀਵੀ ਕਹਿੰਦੀ-" ਭੱਜ ਕੇ ਜਾਉ ਜੀ । ਭਲੇ ਵਾਲਾ ਕੰਮ ਏ....
ਫਿਰ ?
ਸੱਤਾਂ ਚੁੱਲਿਆਂ ਦੀ ਸਵਾਹ ...........
-------------------------------------------------------------------
ਸਿੱਟਾ : ਝੂਠ ਬੋਲਣਾ ਪਾਪ ਹੈ । ਅਭਿਸ਼ਾਪ ਹੈ ।
--------------12042011------------------------------------------



ਕਦੇ ਚੰਡੀਗੜ੍ਹ ਜਾਉ...ਤਾਂ ਛੱਤਬੀੜ ਨਾ ਜਾਣਾ....ਨਹੀਂ ਤਾਂ ਮੇਰੇ ਵਾਂਗ...ਤੁਹਾਨੂੰ ਵੀ ਸ਼ਰਮਿੰਦਾ ਹੋਣਾ ਪਵੇਗਾ......ਤੁਹਾਡੇ ਵੱਲ ਤਰਸ ਭਰੀਆ ਨਜ਼ਰਾਂ ਦੇਖਣਗੀਆਂ....

ਕੁਝ ਦਿਨ ਪਹਿਲਾ ਛੱਤਬੀੜ ਗਿਆ । ਚਿੜੀਆ ਘਰ ਪਿੰਜਰਿਆ ਨਾਲ ਭਰਿਆ ਹੈ । ਨੀਲ ਗਾਂ,ਭਾਲੂ,ਮਗਰਮੱਛ ਚੀਤਾ,ਬੱਬਰ ਸ਼ੇਰ....।

ਮਨੁੱਖ ਤੋਂ ਵੱਡਾ ਅਪਰਾਧੀ ਕਿਹੜਾ ਹੋ ਸਕਦਾ । ਜੇ ਕਰ ਮਨੁੱਖ ਨੂੰ ਉਸਦੀ ਮਰਜ਼ੀ ਦੇ ਵਿਰੁੱਧ ਰੋਕਿਆ ਜਾਵੇ ਤਾਂ ਭਾਰਤੀ ਕਨੂੰਨ ਅਨੁਸਾਰ ਅਪਰਾਧ ਮੰਨਿਆ ਜਾਂਦਾ ਹੈ । ਪਰ ਮਨੁੱਖ ਦੀ ਤਾਂ ਆਪਣੀ ਹਕੂਮਤ ਹੁੰਦੀ ਹੈ...ਆਪਣਾ ਇਲਾਕਾ....ਆਪਣਾ ਕਨੂੰਨ...ਆਪਣਾ ਦੰਭ....ਆਪਣਾ ਲੋਜਿਕ....

ਕਈ ਵਾਰ ਕਿਸੇ ਨਾਲ ਅੱਖ ਮਿਲਾਉਣੀ ਕਿੰਨੀ ਮੁਸ਼ਕਲ ਹੁੰਦੀ.....?.....

-------------------11042011-------------------------------


ਮੈਨੂੰ ਮੁਰਦੇ ਚੰਗੇ ਲੱਗਦੇ ਹਨ....ਪਰ ਮੇਰੀ ਇਕ ਸ਼ਰਤ ਹੈ....ਉਹ ਸਾਹ ਲੈਂਦੇ ਹੋਣ......।।।.....ਮੇਰੇ ਲਈ ਫੇਸਬੁਕ ਮੰਦਰ ਵਾਂਗ ਹੈ......।।।।.....ਮੁਰਦਿਆ ਨੂੰ ਮੰਦਰ ਵਿਚ ਰੱਖਣਾ ਪਾਪ ਹੁੰਦਾ.....ਕਲ੍ਹ ਨਵਾਂ ਮਹੀਨਾ ਚੜ੍ਹਣਾ.......ਧੂਪ ਬੱਤੀ ਕਰਨ ਤੋਂ ਪਹਿਲਾਂ.....ਆਪਣੀ ਪ੍ਰੋਫਾਇਲ ਦੇ ਮੁਰਦਿਆ ਨੂੰ ਬਾਹਰ ਸੁੱਟਾਗਾਂ......। ਮੈਂ ਕਿੰਨਾਂ ਆਸਤਕ ਹਾਂ......ਨਹੀਂ....???.........
-------------------------31032011----------------------------------



3 comments:

  1. ਜਿੰਦਗੀ ਵਿਚ ਤੁਰਿਆ ਫਿਰਦੀਆ ਨਿੱਕੀਆਂ ਘਟਨਾਵਾਂ ਨੂੰ ਤੁਸੀਂ ਬਹੁਤ ਖੂਬਸੂਰਤੀ ਨਾਲ ਫੜ ਲੈਂਦੇ ਹੋ | ਮੈਂ ਕੋਈ ਝੂਠ ਥੋੜਾ ਕਿਹਾ ਏ - ਜੇ ਨਹੀ ਯਕੀਨ ਤਾਂ ਕਿਸੇ ਹੋਰ ਨੂੰ ਪੜ੍ਹਾ ਕੇ ਵੇਖ ਲੈ ਯਾਰ | ਨਾਲੇ ਮੈਂ ਕਿਹੜਾ ਤੇਰੇ ਤੇ ਕੋਈ ਦੋਸ਼ ਲਾਇਆ ਏ | ਉਂਝ ਜੇ ਇਹ ਦੋਸ਼ ਏ ਤਾਂ ਮੇਰੇ ਕੋਲ ਆਪਣੇ ਇਲ੍ਜ਼ਾਮ ਨੂੰ ਸਾਬਤ ਕਰਨ ਲਈ ਕੋਈ ਗਵਾਹ ਨਹੀਂ ਤੇਰੀਆਂ ਲਿਖਤਾਂ ਤੋ ਇਲਾਵਾ | ਆਈ ਐਮ ਸਾਰੀ - ਪਰ ਮੈਂ ਆਪਣੇ ਸ਼ਬਦ ਵਾਪਿਸ ?????????? ਨਹੀਂ ਲਵਾਂਗਾ |

    ReplyDelete
  2. ਜ਼ਿੰਦਗੀ ਨੂੰ ਬਹੁਤ ਹੀ ਸੋਹਣੇ ਲਫ਼ਜਾਂ 'ਚ ਬਿਆਨ ਕੀਤਾ ਹੈ..ਆਪ ਦਾ ਲਿਖਿਆ ਪੜ੍ਹਨਾ ਚੰਗਾ ਲੱਗਦਾ ਹੈ।
    ਹਰਦੀਪ

    ReplyDelete

opinion