web widgets

Thursday, 31 March 2011

ਕਿਰਨ-ਪ੍ਰਿਜ਼ਮ-ਹਨੇਰਾ

29 November 2010


ਮੈਂ ਸਾਈਮੰਡ ਮਛਲੀ ਨੂੰ ਬਹੁਤ ਪਿਆਰ ਕਰਦਾ ਹਾਂ ।  ਸਾਈਮੰਡ ਦੀ ਇਕ ਖਾਸੀਅਤ ਹੈ...ਆਪਣੇ ਅੰਤਮ ਸਮੇਂ ਉਹ ਉਲਟ ਤਰਨ ਲੱਗਦੀ ਹੈ....ਆਪਣੇ ਜਨਮ ਸਥਾਨ ਤੇ ਪੁੱਜਣ ਲਈ । ..ਕਈ ਵਾਰ ਬਾਹਰਲੇ ਦੇਸ਼ ਤੋਂ ਵੀ ਫੁੱਲ ਆਉਂਦੇ ਹਨ....ਗੰਗਾ ਲਈ......। ਪਰ ਮੈਂ ਆਪਣੀ ਜਨਮ ਭੂਮੀ ਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ...। ਮੈਂ  ਸਾਈਮੰਡ ਨੂੰ ਸਿਰਫ਼ ਉਸਦੇ ਭੋਲੇਪਨ ਲਈ ਪਿਆਰ ਕਰਦਾ ਹਾਂ ।  

02 December 2010


ਹਰਦਿਆਲ ਕੇਸ਼ੀ ਦੀ ਨਵੀਂ ਕਿਤਾਬ ਆਈ ਸੀ-'ਉਦਰੇਵੇਂ ' । ਪੁੱਛ ਲਿਆ- ਤੁਸੀ 'ਉਦਰੇਵਾਂ ' ਦਾ ਬਹੁ ਵਚਨ ਹੀ ਕਿਉਂ ਚੁਣਿਆ । ਕਹਿੰਦਾ-ਸ਼ੈਲੀ ਕੋਈ ਇਕ ਉਦਰੇਵਾਂ ਹੁੰਦਾਂ ਤਾਂ ਇਕ ਲਿਖ ਦੇਂਦਾ । ਕਈ ਵਾਰ ਤੁਸੀ ਜਿੱਥੇ ਸੋਚ ਰਹੇ ਹੁੰਦੇ ਹੋ...ਸ਼ਾਇਰ ਉਸ ਤੋਂ ਵੀ ਕਈ ਕੋਹ ਅੱਗੇ ਜਾ ਚੁੱਕਿਆ ਹੁੰਦਾ ਹੈ ।।..ਜਿਹੜੀ ਗੱਲ ਉਸ ਵੇਲੇ ਸਮਝ ਨਹੀਂ ਆਈ ਸੀ...ਕਈ ਸਾਲਾਂ ਬਾਦ ਅੱਥਰੂਆ ਵਾਂਗ ਟਪਕ ਰਹੀ ਹੈ......
 

04 December 2010


ਕੁਝ ਦੋਸਤ ਬੈਠੇ ਸਨ...ਕਵਿਤਾ ਪਾਠ । ਸਮਝ ਗਏ ਨਾ । ਫ਼ਕੀਰਾਂ ਦੀ ਬੈਠਕ । ਕਰਮੰਡਲ ,ਪ੍ਰਸ਼ਾਦ,ਭੁਜੀਆ.....ਇਕ ਦੋਸਤ ਨੂੰ ਮੇਰੇ ਤੋਂ ਪਰੇਸ਼ਾਨੀ ਜਹੀ ਹੋਈ । ਕਹਿੰਦਾ-ਤੂੰ ਫੇਸਬੁਕ ਉੱਤੇ ਤਾਂ ਨਹੀਂ ਨਾ, ਤਾੜੀ ਵੀ ਸੋਚ ਕੇ ਮਾਰਦਾ ਹੈ । ਮੈਂ ਕੋਈ ਸਫਾਈ ਦੇਂਦਾ ਉਸ ਤੋਂ ਪਹਿਲਾਂ ਨਵੇਂ ਫ਼ਕੀਰ ਨੇ ਆਪਣੀ ਪਗੜੀ ਵਿੱਚੋ ਕਵਿਤਾ ਕੱਢ ਲਈ । ਮੇਰੇ ਜ਼ਿਹਨ ਵਿਚ......
 

16 December 2010


ਹੁਣੇ ਹੀ ਦੀਪ ਜ਼ੀਰਵੀ ਦਾ ਫ਼ੋਨ ਆਇਆ...ਕੀ ਕਰ ਰਿਹਾ ਏ ? ਕਹਿੰਦਾ-ਟੱਕਰਾ ਮਾਰ ਰਿਹਾ ਹਾਂ...ਕੁਝ ਲੱਭੇਗਾ ਨਹੀਂ ਤਾਂ ਮੱਥਾ ਤਾਂ ਫਟੇਗਾ ਹੀ...। ਕਈ ਵਾਰ ਆਦਮੀ ਸਧਾਰਣ ਜਿਹੇ ਲਫਜ਼ਾਂ ਵਿਚ ਕਿੰਨੀ ਵੱਡੀ ਗੱਲ ਆਖ ਦੇਂਦਾ ਹੈ...ਅਜੇ ਤਕ ਸੋਚ ਰਿਹਾ ਹਾਂ....।....
 

17 December 2010


ਕੁਝ ਗੱਲਾਂ ਸਮਝ ਨਹੀਂ ਆ ਰਹੀਆਂ....ਮੈਂ ਉਹਨਾ ਨੂੰ ਸਮਝਣ ਦੀ ਜਿੱਦ ਕਰ ਰਿਹਾ ਹਾਂ..ਕਿਤਾਬ,ਗੁਰੂ,ਅਭਿਆਸ...ਵਿਅਰਥ ...। ਮੈਂ ਕੁਝ ਚਿਰ ਲਈ ਸਾਰਾ ਕੁਝ ਲਾਭੇਂ ਕਰ ਕੇ ਰੱਖ ਦਿੱਤਾ ਹੈ ...ਮੈਨੂੰ ਪਤਾ ਹੈ..ਕੁਝ ਗੱਲਾਂ ਆਪਣਾ ਸਮਾਂ ਆਉਣ ਉੱਤੇ ਹੀ ਸਮਝ ਆਉਂਦੀਆ ਹਨ....

 

18 December 2010


ਮੈਂ ਸੋਚਦਾ ਹਾਂ...ਜੇਕਰ ਕੋਈ ਲੇਖਕ ਸੱਚ ਨਹੀਂ ਲਿਖਦਾ..ਉਸਦੇ ਹੱਥਾਂ ਨੂੰ ਕੱਟ ਦੇਣਾ ਚਾਹੀਦਾ ਹੈ....ਪਤਾ ਨਹੀਂ ਉਸਦੇ ਹੱਥ ਕਿੰਨਾਂ ਵੱਡਾ ਗੁਨਾਹ ਕਰ ਰਹੇ ਹੁੰਦੇ ਹਨ....

19 December 2010


ਹੁਣੇ ਹੁਣੇ ਇਕ ਪਿਆਰੇ ਸ਼ਾਇਰ ਦਾ ਮੈਸਿਜ਼ ਆਇਆ...ਸਾਂਝਾ ਕਰਨਾ ਚਾਹੁੰਦਾਂ ਹਾਂ.....

-------------------------------------------------------------------------
'ਟਾਈ 'ਚ ਘਿਰਿਆ ਫ਼ਕੀਰ'
-------------------------------------------------------------------------
ਪੈਂਟ
ਕੋਟ
ਤੇ
ਟਾਈ
ਉਸਦੇ ਪੇਸ਼ੇ ਦੀ ਮਜ਼ਬੂਰੀ ਹੈ......
ਤੇ
ਫਕੀਰੀ
ਉਸਦੀ ਫਿਤਰਤ 'ਚ ਸ਼ਾਮਿਲ ਹੈ
ਟਾਈ 'ਚ ਉਸਦਾ ਦਮ ਘੁੱਟਦਾ ਹੈ
ਤੇ
ਉਹ ਕਵਿਤਾ ਦੇ ਗਲ ਲਗ ਜਾਂਦਾ ਹੈ
ਹਾਂ
ਮੈ ਸੁਸ਼ੀਲ ਦੀ ਗੱਲ ਕਰ ਰਿਹਾ ਹਾਂ
ਜੋ
ਕਵਿਤਾ ਲਿਖਦਾ ਹੈ...

------------ਅਨਿਲ ਆਦਮ-----
 
 

20 December 2010


ਮੈਨੂੰ ਕਈ ਵਾਰ ਜਾਪਦਾ ਹੈ...ਮੈਂ ਸੱਭਿਅਕ ਨਹੀਂ ਰਿਹਾ...ਜਾਪਦਾ ਹੀ ਨਹੀਂ....ਜਾਣਨ ਲਗ ਪਿਆ ਹਾਂ.....ਜਾਂ ਤਾਂ ਝੂਠ ਨਾਲ ਝੂਠ ਬਣ ਜਾਵਾਂ....ਜਾਂ ਆਪਣੇ ਆਪ ਨੂੰ ਸੱਭਿਅਕ ਬਣਾਉਣ ਦਾ ਦੰਭ ਰਚਦਾ ਰਹਾਂ....
ਕੀ ਤੁਸੀ ਸੁਣ ਰਹੇ ਹੋ...ਭਾਵ ਪੜ੍ਹ ਰਹੇ ਹੋ.......
ਮੈਂ ਝੂਠ ਬੋਲਣ ਨਾਲੋਂ ਅਸੱਭਿਅਕ ਕਹਾਉਣਾ ਜਿਆਦਾ ਪਸੰਦ ਕਰਦਾ ਹਾਂ.....
ਹਾ ਹਾ ਹਾ
ਕੀ ਤੁਹਾਨੂੰ ਮਜ਼ਾਕ ਲੱਗ ਰਿਹਾ ਹੈ...
ਜੇਕਰ ਹਾਂ....ਤਾਂ ਮਜ਼ਾਕ ਹੀ ਸਮਝ ਲੈਣਾ...................

24 December 2010


ਗਿਲੀ...ਗਿਲੀ....ਗਿਲੀ.......
ਜਾਦੂਗਰ ਬਹੁਤ ਕੁਝ ਵਿਖਾਵੇਗਾ...ਗੁਲਾਬ ਦਾ ਰੰਗ ਬਦਲ ਦਵੇਗਾ .। ਮਫ਼ਲਰ ਵਿੱਚੋਂ ਕਬੂਤਰ ਕੱਢ ਦਵੇਗਾ । ਕੁੜੀ ਨੂੰ ਆਰੇ ਨਾਲ ਕੱਟ ਦਵੇਗਾ । ਤੁਸੀ ਉਸਦੇ ਪ੍ਰਭਾਵ ਵਿਚ ਨਾ ਆਉਣਾ...ਕਿਉਂਕਿ ਉਹ ਸੱਚ ਨਹੀਂ ...ਪਰ ਮੇਰੇ ਨਾਲ ਤਾੜੀ ਜ਼ਰੂਰ ਮਾਰ ਦੇਣਾ.....ਕਿਊਂਕਿ ਏਨਾਂ ਕੁ ਤਾਂ ਉਸਦਾ ਹੱਕ ਬਣਦਾ ਹੈ....
 

29 December 2010


ਕੁਝ ਚਿਰ ਰੁਕੋ...ਸਬਰ ਨਾਲ ਦੇਖੋ...ਸਾਹ ਲਵੋ...ਸਭ ਕੁਝ ਨਿੱਖਰ ਜਾਵੇਗਾ....ਗਾਰ ਕਿੰਨਾਂ ਕੁ ਚਿਰ ਬਦਨਾਮ ਕਰੇਗੀ..? ਆਪਾ ਰਲ ਕੇ ਕਿਨਾਰੇ ਕੋਲ ਜਾਵਾਂਗੇ....ਤੁਸੀ ਵੀ ਬੁੱਕ ਭਰਨਾ...ਮੈਨੂੰ ਵੀ ਬਹੁਤ ਪਿਆਸ ਲੱਗੀ ਹੈ.....



 

No comments:

Post a Comment

opinion