web widgets

Tuesday 10 July 2012

ਕੀਪ ਸਾਈਲੈਂਟ




ਪਤਾ ਨਹੀਂ
ਕਿਹੜੇ ਮੌਸਮ ਦਾ ਮੱਛਰ ।.....
ਕਈ ਵਾਰ ਆੱਲ ਆਊਟ ਲਗਾਈ। ਆਪਣਾ ਆਪਣਾ ਮਿਊਨ ਸਿਸਟਮ ਹੈ ।...
ਹਰ ਰਾਤ ਕੰਨ ਦੇ ਕੋਲ
-ਭੀਂਅਅਅਅ.....।
ਹੱਥ ਚੁੱਕਾਂ ਤਾਂ ਆਪਣੇ ਆਪ ਨੂੰ ਵੀ ਚਪੇੜ ਲੱਗ ਸਕਦੀ ਹੈ । ਨਹੀਂ....?......

ਅੱਜ ਨੱਕ ਤੇ ਬਹਿ ਕੇ ਬੋਲਿਆ-" ਡਰ ਗਿਆ ?
ਕੀ ਕਹਿੰਦਾ-" ਯਾਰ । ਮੱਛਰ ਦੀ ਉਮਰ ਇੱਕੀ ਦਿਨ ਹੁੰਦੀ । ਸਾਢੇ ਵੀਹ ਦਿਨ ਹੋ ਗਏ.....".....

ਅੱਧਾ ਦਿਨ ਹੋਰ ਸਹੀ.......
------------------------------

ਕੀ ਧਰਤੀ ਦੇ ਘੁੰਮਣ ਦੀ ਗਤੀ ਘੱਟ ਗਈ ਹੈ ?
----------06072012---------------

ਮੈਂ ਦੋਸਤ ਨੂੰ ਪੁੱਛਿਆ- ਅਨਹਦ ਨਾਦ ਕਿਸ ਤਰ੍ਹਾਂ ਦਾ ਹੁੰਦਾ ?" ਕਹਿੰਦਾ-ਜ਼ਮੀਨ ਨੂੰ ਕੰਨ ਲਗਾ .."....ਵਿਹੜੇ ਵਿੱਚ ਦਰੀ ਵਿਛਾਈ । ਬੱਚਾ ਹੱਸ ਕੇ ਲੰਘ ਗਿਆ- ਅੰਕਲ । ਸਨ ਬਾਥ ਕਰ ਰਹੇ....."....ਮੈਂ ਧਰਤੀ ਨੂੰ ਕੰਨ ਲਗਾ ਕੇ ਖੁਸ਼ । ਅੱਧੇ ਕੁ ਘੰਟੇ ਬਾਦ ਸ਼ਾਂਅ ਸ਼ਾਂਅ ।....ਨਾ ਜੀ ।.... ਕਈ ਵਰ੍ਹਿਆ ਬਾਦ ਨੈੱਟ ਦਾ ਬੂਹਾ ਖੋਲ੍ਹਿਆ । ਹਰ ਗ੍ਰਹਿ ਦੇ ਘੁੰਮਣ ਦੀ ਅਵਾਜ਼....ਪੂਰਨ ਬ੍ਰਹਿਮੰਡ......
------------------------------


ਗੁੱਗਲ । ਮੇਰਾ ਚੀਂਗੂ ਮੀਂਗੂ......
ਤੁਹਾਡਾ ?.......
---------06072012--------------


ਈਸ਼ਾ ਦੀ ਮੈਰਿਜ਼ ਰਿਸ਼ੈਪਸ਼ਨ । ........
ਪੱਤਰਕਾਰ ਦਾ ਧਰਮਿੰਦਰ ਨੂੰ ਪ੍ਰਸ਼ਨ
-ਕਿਆ ਸੰਨੀ ਔਰ ਬੌਬੀ ਆਜ ਆ ਰਹੇ ਹੈ ?

ਮੈਂ ਸੋਚਦਾ ਸੀ ...
ਉਹ ਪੱਤਰਕਾਰ ਦਾ ਗਲਾ ਫੜ੍ਹ ਕੇ ਆਖੇਗਾ
- ਕੁੱਤੇ । ਕਮੀਨੇ ....ਮੈਂ ਤੇਰਾ ਖੂਨ ਪੀ ਜਾਊਂਗਾ......"

ਪਰ ਨਹੀਂ .....
ਕੀ ਕਿਹਾ ??

ਕਹਿੰਦਾ-" ਲਿੰਮ ਜੀ ਖੂੰ ਨੂੰ ਛਾਅ ਤੀ .......। ........
------------------------------
ਤੁਸੀ ਕਿੰਨੀਆਂ ਭਾਸ਼ਾ ਜਾਣਦੇ ਹੋ ?........
--------05072012----------


ਟਾੱਪ ਫਲੌਰ !
ਸਫ਼ਾਈ ਕਰ ਰਿਹਾ ਸੀ ....
ਗਲੀ ਵਿੱਚੋਂ ਕਿਸੇ ਕੁੜੀ ਨੇ ਅਵਾਜ਼ ਲਾਈ
-ਏ ਮਿਸਟਰ
-ਹਾਂ ਜੀ
-ਖ਼ਾਲੀ ਹੈ ?
-ਹਾਂ "
-ਕਿੰਨਾਂ ਕਰਾਇਆ ?"
-ਪਹਿਲੇ ਹੀ ਬਹੁਤ ਮੁਸ਼ਕਲ ਨਾਲ ਟੈਂਨਟ ਕੱਢਿਆ
-ਵਟ ਡੂ ਯੂ ਮੀਨ ?
-ਆਪ ਰਹਾਂਗਾ
-ਸੱਚੀ
-ਨਹੀਂ ! ਤੂੜੀ ਭਰਾਂਗਾ....
-ਵਪਾਰ ਤਾਂ ਮਾੜਾ ਨਹੀਂ.......
------------------------------

ਕੀ ਤੂੜੀ ਦਾ ਵਪਾਰ ਮੁਨਾਫ਼ੇ ਵਾਲਾ ਹੁੰਦਾ ?
--------05072012----------------


ਕਹਿੰਦੇ
-ਨਵਾਂ ਸਾਲ ਘੁਮਿਆਰ ਦੇ ਘਰ ।
ਕੀ ਭਾਂਡੇ ਬਣਾਉਣ ਵਾਲਾ ਬੱਦਲ ਮੰਗੇਗਾ ?....
ਕੁਝ ਸਾਲ ਪਹਿਲਾ ਮਾਲੀ ਦੇ ਘਰ ਵੀ ਚੜ੍ਹਿਆ ਸੀ । ਪਟਵਾਰੀਆ ਦੇ ਵਾਰੇ ਨਿਆਰੇ ਹੋ ਗਏ । ਇਕ ਖ਼ਰਾਬੇ ਦਾ ਪੰਜ ਹਜ਼ਾਰ । ...

ਦਰੱਖ਼ਤ ਸੋਚ ਸਮਝ ਕੇ ਕੱਟਣਾ ।.......

ਚਲੋ ।
ਡੱਡ ਤੇ ਡੱਡਣੀ ਦਾ ਵਿਆਹ ਕਰਵਾਈਏ ...
ਓਮ ਭੂਰ ਸਵਾਹਾ....
--------------------
ਸਮੱਗਰੀ ਕਿੱਥੇ ਹੈ ???
----03072012----


ਪਾਪਾ ਜੀ !
ਮੇਲੇ ਵਿੱਚ ਗਏ ਸਨ ...
ਮੇਰੇ ਲਈ ਗੇਮ ਲੈ ਆਏ । ਪਲਾਸਟਿਕ ਦੀ ਚੱਕਰੀ । ਚੱਕਰੀ ਵਿੱਚ ਕੁਝ ਗਲੀਆਂ । ਗਲੀਆਂ ਵਿੱਚ ਲੋਹੇ ਦੀਆਂ ਗੋਲੀਆਂ ।....
ਸਭ ਗੋਲੀਆਂ ਨੂੰ ਚੱਕਰੀ ਦੇ ਐਨ ਵਿੱਚਕਾਰ ਇੱਕਠਾ ਕਰਨਾ ਹੁੰਦਾ । ਕਦੇ ਕੋਈ ਬਾਹਰ ਨਿਕਲ ਜਾਣੀ...ਕਦੇ ਕੋਈ..... ਥੱਕ ਜਾਣਾ....।....
ਇਕ ਦਿਨ ਮਾਂ ਕਹਿੰਦੀ -" ਜਦੋਂ ਸਾਰੀਆਂ ਗੋਲੀਆ ਇੱਕੋ ਘਰ ਵਿੱਚ ਪਾ ਲਵੇਂਗਾ ਤਾਂ ਚੂਰੀ ਬਣਾ ਕੇ ਦਵਾਂਗੀ...."
ਨਵੀਂ ਕਾਢ ।
ਕੜਕਦੀ ਦੁਪਹਿਰ ।
ਛੱਤ 'ਤੇ ਗਿਆ...ਪੇਚਕਸ ਨਾਲ ਸ਼ੀਸ਼ਾ ਉਤਾਰਿਆ । ਸਭ ਗੋਲੀਆ ਚੁੱਕ ਕੇ ਨਿੱਕੇ ਘਰ ਵਿੱਚ ਪਾ ਦਿੱਤੀਆਂ । ਦੁਬਾਰਾ ਸ਼ੀਸ਼ਾ ਫਿਟ ਕੀਤਾ ।
"-ਚੂਰੀ ?"
ਮਾਂ ਕੜਾਹੀ ਵਿੱਚ ਆਟਾ ਭੁੰਨਣ ਲੱਗ ਪਈ ।...
------------------------------

ਕੀ ਤੁਸੀ ਇਸ ਗੇਮ ਬਾਰੇ ਜਾਣਦੇ ਹੋ ?
-----------01072012----------


ਪ੍ਰਕਾਰ ਸੀ ।
ਦਰੱਖ਼ਤ ਉੱਤੇ ਗੁਲਾਬ ਦਾ ਫੁੱਲ......।
ਕਿਸ ਦਾ ਨਾਮ ਲਿਖਾਂ ?...
ਕਦੇ ਕੋਈ ਯਾਦ ਆਵੇ...ਕਦੇ ਕੋਈ.......

ਸਮਝ ਨਾ ਆਵੇ....
ਬਾਕੀ ਕੀ ਕਹਿਣਗੇ....??

ਆਖ਼ਰ ਦੁਖੀ ਹੋ ਕੇ ਕਾਟਾ ਮਾਰ ਦਿੱਤਾ ।...

ਜੇ,
ਅਜੇ ਵੀ ਮੋਗੈਂਬੋ ਖੁਸ਼ ਨਹੀਂ ਹੋਇਆ ਤਾਂ
ਉਹਨੂੰ ਪਕੜ ਕੇ ,ਅੰਮ੍ਰਿਤਸਰ , ਪੂਰਨ ਸਿੰਘ ਦੇ ਆਸ਼ਰਮ ਛੱਡ ਆਉ .......

ਮੈਂ ਕਿਸੇ ਨੂੰ ਖੁਸ਼ ਕਰਨ ਦਾ ਠੇਕਾ ਲਿਆ ???

-------30062012--------

ਮਾਂ
ਟੁਕੜੀ ਦਾ ਵਰਤ ਰੱਖਦੀ ਸੀ ।
ਬਹੁਤ ਕਠਿਨ !ਕਰਵਾ ਚੌਥ ? ਉਹ ਕੀ ਹੁੰਦਾ......
ਸਵੇਰ ਤੋਂ ਸ਼ਾਮ ਤਕ ਪਾਣੀ ਅਤੇ ਖਾਣੇ ਤੋਂ ਛੁੱਟੀ। ਖ਼ਤਰਨਾਕ ਨਿਯਮ ।.....

ਅਸੀ ਸਾਰੇ ਬੱਚੇ ਸ਼ਾਮ ਉਡੀਕਦੇ ਰਹਿੰਦੇ । ਸ਼ਾਮ ਨੂੰ ਮਾਂ ਮੁਹੱਲੇ ਦੀਆਂ ਜਨਾਨੀਆ ਨਾਲ ਸੇਮ ਨਾਲੇ ਤਕ ਜਾਂਦੀ ...ਪਾਥੀ ਤੇ ਦੀਵਾ ਰੱਖਦੀ....। ਅਸੀ ਏਨਾਂ ਕੁ ਦ੍ਰਿਸ਼ ਵੇਖਣ ਲਈ ਸਾਲ ਭਰ ਉਡੀਕ ਕਰਦੇ ਰਹਿੰਦੇ.......
ਬਹੁਤ ਵਰ੍ਹੇ ਪਹਿਲਾਂ ਮਾਂ ਚੱਲ ਵੱਸੀ.....ਸਭ ਕੁਝ ਭੁੱਲ ਭੁਲਾ ਗਿਆ....

ਟੁਕੜੀ ।
ਸਵੇਰ ਦਾ ਸਮਾਂ ...
ਤਾਈ ਜੀ ਨੇ ਵਰਤ ਰੱਖਿਆ ਸੀ......ਚੀਕ ਚਿਹਾੜਾ ਮੱਚ ਗਿਆ....ਤਾਇਆ ਜੀ ਜਾ ਚੁੱਕੇ ਸਨ.......

ਰਸਮ ਕ੍ਰਿਆ ਦੇ ਵਕਤ ਪੰਡਿਤ ਜੀ ਨੇ ਫ਼ਰਮਾਨ ਕੀਤਾ
-" ਆਪ ਕੇ ਕੁਲ ਮੇ ਅਬ ਕੋਈ ਨਾਰੀ ਟੁਕੜੀ ਕਾ ਉਪਵਾਸ ਨਹੀਂ ਰੱਖ ਸਕਤੀ ।....ਅਬ ਆਪ ਪ੍ਰਾਥਨਾ
ਕੀਜੀਏ , ਟੁਕੜੀ ਕੇ ਦਿਨ ਆਪ ਕੇ ਕੁਲ ਮੇਂ ਨਏ ਸ਼ਿਸ਼ੂ ਕਾ ਆਗਮਨ ਹੋ । ਤਬ ਤਕ ਵਿਸ਼ਰਾਮ....
------------------------------

ਮੈਂ ਟੁਕੜੀ ਵਾਲੇ ਦਿਨ ਬਹੁਤ ਡਰਦਾ ਰਹਿੰਦਾ ਹਾਂ....ਕਿਤੇ ਕੋਈ ਕੁੜੀ ਗਲਤੀ ਨਾ ਕਰ ਬਹੇ.....
-------------28062012--------------


ਅਸੀ ਸੱਤ ਦੋਸਤ ਸੀ.....ਸਾਰਿਆ ਨੂੰ ਭਰਮ ਸੀ....ਪਤਾ ਨਹੀਂ ਕਿਹੜੇ ਤਾਰੇ ਤੌੜ ਦੇਣੇ....। ਇਕ ਵੂਮੈਨਲਾਈਜ਼ਰ ਬਣ ਗਿਆ.....ਦੂਜਾ ਮਨੀ ਮਾਇਡਿਡ ਹੋ ਗਿਆ...ਤੀਜਾ ਨਸ਼ਿਆਂ ਵਿੱਚ ਡੁੱਬ ਗਿਆ...ਚੌਥਾ ਘਰ ਵਿੱਚ ਉਲਝ ਗਿਆ....ਪੰਜਵਾਂ ਘੋਰ ਬਿਮਾਰੀ ਦਾ ਸ਼ਿਕਾਰ ਹੋ ਗਿਆ....ਛੇਵਾਂ ਜੇਲ੍ਹ ਵਿੱਚ ਬੰਦ ਹੈ...
ਸੱਤਵਾਂ? ਮੈਂ ਹੀ ਹੋਇਆ ਨਾ....।
ਕਿਸੇ ਨੇ ਪੌੜੀ ਚੜ੍ਹਣ ਤੋਂ ਪਹਿਲਾਂ ਹੀ ਲੱਤਾਂ ਖਿੱਚ ਲਈਆ.......।
ਹਾ ਹਾ ਹਾ..........

------------ਮਿਤੀਹੀਣ---------------------------



ਕੁੜੀ ਦਾ ਨਾਰਕੋ ਟੈਸਟ ਚੱਲ ਰਿਹਾ ......
ਕੀ ਦੱਸਾਂ ?

ਹੁਣ ਮੁੰਡੇ ਦੀ ਵਾਰੀ ਹੈ....
ਕੀ ਆਖਾ ??

ਚਲੋ । ਕੋਈ ਹੋਰ ਗੱਲ ਕਰੀਏ ???.....

ਆਮ ਆਦਮੀ
ਚੱਕੀ ਵਿੱਚ ਪੀਸਿਆ ਜਾ ਰਿਹਾ .....
----------------------------
ਮੈਂ ਕਿੰਨੇ ਪ੍ਰਤੀਸ਼ਤ ਬੋਰ ਕਰਦਾ ਹਾਂ ????....
---------27062012--------

ਜਦ
'ਲੈਲਾ ਮਜਨੂੰ' ਹਿੱਟ ਹੋਈ ਤਾਂ ਸ਼ਹਿਰ ਦੇ ਅੱਧੇ ਕੁ ਮੁੰਡੇ ਪਾਗਲ ਹੋ ਗਏ ।ਕੋਈ ਕੁੜੀ ਸ਼ਿਮਲਾ ਟਾਕੀ ਕੋਲੋ ਨਾ ਲੰਘੇ । ਜੇ ਕਰ ਕੋਈ ਸਿਆਣੀ ਜਨਾਨੀ ਲੰਘਦੀ ਤਾਂ ਮੂੰਹ ਤੇ ਚੁੰਨੀ ਰੱਖ ਕਹਿੰਦੀ -" ਅਰੋੜੇ ਅਕਲ ਦੇ ਥੋੜ੍ਹੇ ।".....

ਵਾਕਿਆ :

ਉਸ ਫ਼ਿਲਮ ਵਿੱਚ ਇਕ ਗਾਣਾ ਸੀ...
ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੋ ਕੋ....।
ਸਿੱਕਿਆ ਦਾ ਮੀਂਹ ਵਰ੍ਹ ਜਾਂਦਾ....।
ਭਾਨ ਦੀ ਸ਼ਾਰਟੇਜ਼.....।
ਜੇ ਕਿਸੇ ਦੁਕਾਨ ਤੇ ਜਾਣਾ ਤਾਂ ਸ਼ਰਤ ਹੁੰਦੀ-" ਛੁੱਟਾ ਹੈ "......

ਕੁਝ ਸਾਲਾ ਬਾਦ....

ਸ਼ਿਮਲਾ ਟਾਕੀ ਦਾ ਮਾਲਿਕ ਮੇਰਾ ਸਾਇਲ ਬਣ ਗਿਆ ।....
ਇਕ ਦਿਨ ਹਾਸੇ ਨਾਲ ਪੁੱਛਿਆ
"ਤੁਸੀ ਲੈਲਾ ਮਜਨੂੰ ਦੀ ਭਾਨ ਦਾ ਕੀਹ ਕੀਤਾ ? "
ਕਹਿੰਦਾ ,
"ਵਕੀਲ ਸਾਹਿਬ । ਨੱਬੇ ਪ੍ਰਸ਼ੈੰਟ ਤਾਂ ਬੱਜਰੀ ਸੀ....
------------------------------
------
ਕੀ ਮਜਨੂੰ
ਆਪਣਾ ਕੰਬਲ
ਡਰਾਈ ਕਲੀਨ ਕਰਵਾਉਂਦਾ ਸੀ ?.......
-------26062012------------------


ਮੈਂ
ਆਪਣੀ ਤੰਤਰ ਵਿੱਦਿਆ ਨਾਲ ਸੱਪ ਬਣ ਗਿਆ ।
ਮੰਤਰ ਵਿੱਦਿਆ ਨਾਲ ਰੀਂਗਣ ਲੱਗਿਆ ।.......
ਜਦ ਖੁੱਡ ਵਿੱਚ ਜਾਣ ਲੱਗਿਆ ਤਾਂ ਸਿਪਾਹੀ ਕਹਿੰਦਾ-" ਚੁੰਗੀ ?"
ਬਹੁਤ ਹੈਰਾਨ....ਸਰਪ ਲੋਕ ਵਿੱਚ ਵੀ ...।
ਤਾਲੂ ਦੇ ਛਾਲੇ ਤੇ ਦੰਦ ਮਾਰਿਆ .... ਜ਼ਹਿਰ ਦੀ ਇਕ ਬੂੰਦ....।....
ਕਹਿੰਦਾ-" ਥੈਂਕਯੂ ਬਾਬਾ....।
ਏਨਾਂ ਹਨੇਰਾ ?
ਨਾਗਿਨ ਕਿੱਥੇ ਹੈ ?.........
ਹਾਂ ।
ਕੁਝ ਸੁਪਨੇ ਅਜਿਹੇ ਹੀ ਹੁੰਦੇ ਨੇ ....
------------------------------
--------
ਰਾਸ਼ਟਰਪਤੀ ਬਣਨ ਦਾ ਫ਼ਾਰਮ ਕਿੱਥੋ ਮਿਲਦਾ ਹੈ ?.....
----------25062012----------------

ਦੋਸਤ ਸੀ ।
ਸ਼ੰਕਰ ਦਾ ਭਗਤ । ਹਰ ਸ਼ਾਮ ਮੰਦਰ ਜਾਵੇ ।.....
ਲਾਈ ਲੱਗ । ਇਕ ਦਿਨ ਤੁਰ ਪਿਆ । ਸ਼ਾਮ ਦੀ ਆਰਤੀ । ਉਹਨੇ ਸ਼ੰਖ ਚੁੱਕ ਲਿਆ । ਬੱਚਾ ਸੀ । ਆਕਰਸ਼ਨ ।.....
- ਵਿਖਾਵੀਂ"

ਕਿੱਥੇ ?.....
ਸਮਾਂ ਗੁਜ਼ਰ ਗਿਆ ।
ਇਕ ਦਿਨ ਬਜ਼ਾਰ ਸੰਖ਼ਾ ਵਾਲੀ ਦੁਕਾਨ ਕੋਲ ਰੁਕ ਗਿਆ । ਬੀਵੀ ਕਹਿੰਦੀ-" ਤੁਸੀ ਕਿਸ ਦੀ ਆਰਤੀ ਕਰਨੀ ? " ...

ਕੀ ਕਹਿੰਦਾ-" ਕੁਝ ਕੰਪਲੈਕਸ ਹੁੰਦੇ ਨੇ .....
ਮੈਂ ਹਰ ਰੋਜ਼ ਪ੍ਰਕੈਟਿਸ ਕਰਦਾ ਹਾਂ ।

ਥੱਕ ਗਿਆ ਹਾਂ ।
----------------------------
ਸੁੱਟ ਦਵਾਂ ?
--------24062012---------

ਜਦੋਂ ਵੀ
ਕੋਈ ਅੰਨ੍ਹਾ ਪਾਠਕ ਲਿਫ਼ਟ ਮੰਗੇ ।....
ਪੁੰਨ ਵਾਲਾ ਕੰਮ ਹੈ ।
ਮੋਢਿਆ ਉੱਤੇ ਬਿਠਾ ਲਉ -" ਦੱਸ ਬਈ । ਕਿੱਥੇ ਜਾਣਾ...?
ਲੇਖਕ ਨੂੰ ਬਹੁਤ ਤਰਲ ਹੋਣਾ ਚਾਹੀਦਾ ਹੈ ।

ਨਹੀਂ ?

-ਉਸ ਤੋਂ ਬਾਦ ?
ਭੇਤ ਵਾਲੀ ਗੱਲ ਹੈ.... ਕਿਸੇ ਨੂੰ ਦੱਸਣਾ ਨਾ ।
ਜਦੋਂ ਵੀ ਡੂੰਘੀ ਖੱਡ ਆਵੇ .......
------------------------------

ਧਰਤੀ ਉੱਤੇ ਸਭ ਤੋਂ ਵੱਡਾ ਦਿਨ ਕਦੋਂ ਹੁੰਦਾ ਹੈ ?
-------------23062012-------

ਮੂਲ ਸ੍ਰੋਤ : ਨਿਰਮਲ ਬਾਬਾ

ਭੂਆ ਨੇ ਮੇਰੇ ਕੰਨ ਵਿੱਚ ਫੂਕ ਮਾਰੀ ਸੀ....ਤੇਰੇ ਲਈ ਅਕਾਸ਼ ਤੋਂ ਅਪਸਰਾ ਉਤਰੇਗੀ.....।"
ਮੈਂ ਕੁਝ ਕੁ ਚਿਰ ਬਾਦ ਅਕਾਸ਼ ਵੱਲ ਮੂੰਹ ਚੁੱਕ ਲੈਂਦਾ । ਇਕ ਵਾਰ ਗਰਦਨ ਨੂੰ ਵਲ ਪੈ ਗਿਆ .... ......
ਮਾਸੀ ਕਿਹੜਾ ਘੱਟ ਸੀ, ਕਹਿੰਦੀ-" ਇਕ ਵਾਰ ਤੇਰੇ ਵਰਗਾ ਸੁਹਣਾ ਮੁੰਡਾ ਸਮੁੰਦਰ ਕਿਨਾਰੇ ਬੈਠਾ ਸੀ...ਜਲ ਪਰੀ ਨੇ ਪਾਣੀ ਵਿੱਚੋਂ ਉੱਛਲ ਕੇ ਫੁੱਲਾਂ ਦਾ ਹਾਰ ਪਾ ਦਿੱਤਾ । "
ਮੈਂ ਨਹਿਰ ਦੇ ਪੁਲ ਤੋਂ ਛਲਾਂਗਾ ਮਾਰਨ ਲੱਗ ਪਿਆ।
ਚਾਚੀ
ਕੁਝ ਜਿਆਦਾ ਮੋਹ ਕਰਦੀ ਸੀ । -" ਸਾਡਾ ਕਾਕੂ ਤਾਂ ਸਵੰਬਰ ਵਿੱਚੋ ਰਾਜਕੁਮਾਰੀ ਲਿਆਵੇਗਾ...."
ਮੈਂ ਤੂਤ ਦੀ ਟਹਿਣੀ ਦਾ ਕਮਾਨ, ਗੱਤੇ ਦਾ ਤਰਕਸ਼ , ਕਾਨੇ ਦਾ ਤੀਰ ਬਣਾ ਲਿਆ......
ਸੁਪਨਸਾਜ਼ ਸੀ...

ਕਈ ਵਾਰ ਮਾਂ ਹਦਾਇਤ ਕਰਦੀ ਸੀ-" ਪੁੱਤਰ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਈ ਦਾ....."
ਮਨ ਬਹੁਤ ਉਦਾਸ ਹੋਣਾ
-ਮਾਂ ਕਿੰਨੀ ਭੋਲੀ ਏ ।".........

------------------------------

ਪ੍ਰਸ਼ਨ ?
ਕਾਸ਼ ਕੋਈ ਪ੍ਰਸ਼ਨ ਹੁੰਦਾ
---------------20062012-------------------

ਮੁਹੱਬਤ ਦੇ ਦਿਨ ਸਨ । ਕਿਸੇ ਨੇ ਮੁੰਦਰੀ ਦਿੱਤੀ।... ਕਈ ਵਰਿਆਂ ਬਾਦ ਜਦੋਂ ਨਦੀ ਵਿੱਚ ਸੁੱਟਣ ਲੱਗਿਆ ਤਾਂ ਸੋਚਿਆ ਕੋਈ ਮੱਛਲੀ ਨਾ ਖਾ ਲਵੇ....। ਜੇ ਮਛੇਰਾ ਹਰੀ ਕੇ ਪੱਤਣ ਦਾ ਹੋਇਆ ਤਾਂ ਪ੍ਰਿੰਸ ਧੁੰਨੇ ਕੋਲ ਵੀ ਜਾ ਸਕਦਾ । ਬਹੁਤ ਬਦਨਾਮੀ ਹੋਵੇਗੀ ।...

ਕਿਸੇ ਗ਼ਰੀਬ ਕੁੜੀ ਦਾ ਵਿਆਹ ਸੀ । ਸ਼ਗਨ ਦੇਣ ਲੱਗਿਆ ਉਂਗਲ ਵੱਲ ਵੇਖਿਆ .....ਵਿਚਾਰੀ ਦੇ ਕੰਮ ਆ ਜਾਵੇਗੀ । ਮੁੰਦਰੀ ਲਹਿਣ ਦਾ ਨਾਂ ਨਾ ਲਵੇ...
ਬਾਦ ਵਿੱਚ ਸੋਚਿਆ...
ਕਿਸੇ ਨੇ ਅਸ਼ਟ ਧਾਤੂ ਦਾ ਕੀ ਕਰਨਾ ?......
ਮੈਂ ਕੋਈ ਬੇਵਕੂਫ਼ ਹਾਂ ? ਲਫ਼ਾਫ਼ਾ ਵੀ ਲੈ ਕੇ ਗਿਆ ਸੀ । ਪੈੱਨ ਕੱਢਿਆ । ਲਿਖਿਆ- ਬਹੁਤ ਮੁਬਾਰਕ । ਵੱਲੋਂ -ਸੁਸ਼ੀਲ ਰਹੇਜਾ

------------------------------


ਪੁੱਛੋ - ਮੁੰਦਰੀ ਦਾ ਕੀ ਕੀਤਾ....?
ਵਿਹਲੇ....
-----------16062012-----------

ਨਾਨਾ ਕਹਿੰਦਾ-ਮੇਰੇ ਪਿੱਛੇ "ਬਡਾਵਾ" ਲੱਗ ਗਿਆ । "
ਕਿੱਥੇ ? "....
ਕਹਿੰਦਾ-" ਰੋਹੀ ਦਾ ਇਲਾਕਾ । ਤੁਰਦਾ ਜਾਵਾਂ । ਇਕ ਦਰੱਖਤ ਕੋਲ ਬੱਚਾ ਖੜ੍ਹਾ । ਕਹਿੰਦਾ-ਬਾਬਾ । ਥੱਕ ਗਿਆ ਵਾਂ , ਚੁੱਕ ਲੈ ।....
ਚੁੱਕ ਲਿਆ ।
ਕੁਝ ਕੁ ਕੋਹ ਗਿਆ ਤਾਂ ਲੱਤਾਂ ਢਿੱਡ ਤਕ । ਉਹ ਲੇਲਾ ਬਣ ਗਿਆ ।.....
ਬਕਾਟਾ ਨਿਕਲ ਗਈਆ....।

ਮੈਂ ਸਾਰੀ ਰਾਤ ਨਾ ਸੁੱਤਾ

ਹੁਣ ?

ਕੀ ਸੋਚਦਾ ਹਾਂ.....??
ਨਾਨੇ ਨੇ ਅਫ਼ੀਮ ਖਾਧੀ ਹੋਣੀ ....
ਨਹੀਂ ਤਾਂ,
ਬੱਚਿਆਂ ਨੂੰ ਸਵਾਉਣ ਲਈ ਕੋਈ ਇੰਝ ਡਰਾਉਂਦਾ ਹੈ.....????
------------------------------

-ਕੀ ਤੁਸੀ ਕਦੇ ਬਡਾਵਾ ਵੇਖਿਆ ਹੈ ?????
---------------------14062012------------

ਕੀ ਤੁਸੀ ਕਦੇ ਤਾਸ਼ ਖੇਡਦੇ ਹੋ ?
ਨਹੀਂ.....
ਤਾਸ਼ ਦਾ ਇਕ ਪੱਤਾ ਹੈ ।
ਚਿੜੀਏ ਦੀ ਦੁੱਕੀ .....।
ਮਜ਼ਾਲ ਕੀ ਕਿਸੇ ਅੱਗੇ ਬੋਲ ਜਾਵੇ ।......
ਪਰ, ਮੈਂ ਹਰ ਵਾਰ
ਚਿੜੀਏ ਦੀ ਦੁੱਕੀ ਕੋਲੋ ਹਾਰ ਜਾਂਦਾ ਹਾਂ ।

ਹਰ ਪੱਤੇ ਦੀ ਓਕਾਤ ਹੈ........
------------------------------

MORAL : BE CAREFUL
-------13062012---------------


ਕਿਸੇ ਦੋਸਤ ਨੇ ਦੱਸਿਆ-" ਆਹ ਤਾਂ ਜੁਗਨੂੰ । ਰਾਤ ਨੂੰ ਤਾਰੇ ਵਾਂਗ ਚਮਕਦਾ ।" ਭੱਜ ਕੇ ਘਰ ਵੱਲ ਦੌੜਿਆ-" ਮੁੱਠੀ ਬੰਦ ਰੱਖੀ....। " ਘਰ ਦੀ ਰਸੋਈ 'ਚੋਂ ਮਾਚਿਸ ਚੁੱਕੀ । ਤੀਲਾਂ ਗਲੀ ਵਿੱਚ ਸੁੱਟੀਆ ....। ਕੁਝ ਕੁ ਚਿਰ ਬਾਦ ਜੁਗਨੂੰ ਮਾਚਿਸ ਦੀ ਖਾਲੀ ਡੱਬੀ ਵਿੱਚ ਬੰਦ ਸੀ ।....

ਹੁਣ ਰਾਤ ਨਾ ਹੋਵੇ ।
ਢੱਕਣ ਖੋਲ੍ਹ ਕੇ ਵੇਖਾਂ ।......

ਥਕ ਹਾਰ ਕੇ ਡੱਬੀ ਆਲਮਾਰੀ ਵਿੱਚ ਰੱਖ ਦਿੱਤੀ... । ......

ਕਦੋਂ ਖਾਣਾ ਖਾਧਾ...ਕਦੋ ਸੁੱਤਾ.....। ਬਚਪਨ ਵਿੱਚ ਕੌਣ ਯਾਦ ਰੱਖਦਾ ਹੈ ?
ਕੁਝ ਦਿਨਾਂ ਬਾਦ ਅਲਮਾਰੀ ਖੋਲ੍ਹੀ । ਡੱਬੀ !!!...ਜੁਗਨੂੰ.... !!! ਹਾਏ !!!......

------------------------------

ਮੇਰੇ ਕੋਲ ਅਜੇ ਵੀ ਉਹ ਡੱਬੀ ਹੈ । ਖੋਲ੍ਹਣ ਦਾ ਹੀਆ ਨਹੀਂ ਹੁੰਦਾ ।......
ਕੀ ਤੁਸੀ ਮਦਦ ਕਰ ਸਕਦੇ ਹੋ ?
-------------11062012-------


ਬਨਾਰਸੀ ਪੱਤਾ ।

ਨਿੱਕੀ ਇਲਾਚੀ ... ਚੂੰਢੀ ਕੁ ਸੌਫ਼ .... ਡੱਕਾ ਕੁ ਪਿਪਰਾਮੈਂਟ .....
ਜੀਣ ਦੇ ਬਹੁਤ ਢੰਗ ਨੇ । .........

ਆ ਥੂ .....।

ਮੈਂ ਕਿਧਰੇ ਤੁਹਾਡੇ ਮੂੰਹ ਤੇ ਤਾਂ ਨਹੀਂ ਥੁੱਕ ਦਿੱਤਾ ?
ਸੌਰੀ । .........

------11062012----------------


ਗਣਤੰਤਰ ਦਿਵਸ।
ਸਿਰਫ਼ ਇਕ ਸਕਿਟ ਵੇਖਣ ਲਈ ਤਤਪਰ ਰਹਿੰਦਾ ...
ਕਿਹੜੀ ?
ਮੱਦੀ ਚੋਰ ।
ਮਦਨ ਚੋਰੀਆ ਕਰਦਾ ਹੈ ।ਵਤਨ ਦੇ ਦੁਸ਼ਮਨ ਉਸ ਨੂੰ ਖਰੀਦਣਾ ਚਾਹੁੰਦੇ ਹਨ ।ਅੰਤ ਤੇ, ਉਹ ਆਪਣੇ ਕਿਰਦਾਰ ਵਿੱਚੋ ਨਿਕਲ ਕੇ ਆਖਦਾ ਹੈ-
--ਮੱਦੀ ਚੋਰ ਹੈ । ਦੇਸ਼ ਦਾ ਗੱਦਾਰ ਨਹੀਂ । "
ਪਾਤਰ ਸਟਿਲ ਹੋ ਜਾਂਦੇ । ਦਰਸ਼ਕ ਤਾੜੀਆ ਮਾਰਨ ਲੱਗਦੇ । ਮਾਸਟਰ ਚਿਮਨ ਲਾਲ ਫੁੱਲਿਆ ਨਾ ਸਮਾਉਂਦਾ । ਸਾਰੇ ਦਰਸ਼ਕਾ ਨੂੰ ਦੂਹਰਾ ਹੋ ਕੇ ਹੱਥ ਜੌੜਦਾ । ਮਾਇਕ ਵਿੱਚ ਫੂਕਾਂ ਮਾਰਦਾ ....
ਕਲਾਈਮੈਕਸ ।
ਅਜਿਹੇ ਮੌਕੇ ਲਾਇਟ ਚਲੀ ਜਾਂਦੀ ..... । .....

ਹੁਣ ਤਾਂ ਕੋਈ ਚੋਰ ਵੀ ਨਹੀਂ, ਦੇਸ਼ ਦਾ ਗੱਦਾਰ ਵੀ ਨਹੀਂ ।........
------------------------------

ਢੋਲੀ ਕਿੱਥੇ ਹੈ ?
ਕਿਸ ਲਈ ??
ਕੀ ਤੁਹਾਨੂੰ ਭੰਗੜਾ ਨਹੀਂ ਆਉਂਦਾ ???
----------------10062012------------------

ਲਉ ਜੀ ।
ਪੰਜਵਾ ਵੇਦ ।.....
ਚਾਰ ਸੋ ਚਾਲੀ ਵੋਲਟ ਦਾ ਕਰੰਟ ।.....
ਕੀ ਮੈਂ ਪੰਜਵਾਂ ਵੇਦ ਨਹੀਂ ਲਿਖ ਸਕਦਾ ?
ਕਮਾਲ ਹੈ ।
ਕੀ ਵੇਦ ਸੰਸ਼ਕ੍ਰਿਤ ਵਿੱਚ ਹੀ ਲਿਖਿਆ ਜਾ ਸਕਦਾ ? ਮੈਨੂੰ ਪਹਿਲਾਂ ਹੀ ਪਤਾ ਸੀ ...ਤੁਸੀ ਰੰਗ ਵਿੱਚ ਭੰਗ ਪਾਉਗੇ .....ਬਹੁਤ ਦੁੱਖ ਵਾਲੀ ਗੱਲ ਹੈ । ਕੋਈ ਨਾ । ਕਿਸੇ ਹੋਰ ਵਿਸ਼ੇ ਬਾਰੇ ਸੋਚਦਾ ਹਾਂ.......
------------------------------

-----------
ਕੋਕ ਸ਼ਾਸ਼ਤਰ ਦੇ ਸੀਕੂਅਲ ਬਾਰੇ ਕੀ ਵਿਚਾਰ ਹੈ ?...
-----------------10062012-------------

ਜੱਗੂ ।
ਹੁਣ ਇਹ ਨਾ ਪੁੱਛਣਾ । ਜੱਗੂ ਕੌਣ ?
ਪੱਟ ਚੀਰਨ ਲੱਗਿਆ ਅੱਧਾ ਮਿੰਟ ਹੀ ਲਾਉਂਦਾ । ਭਾਵ : ਸ਼ੋਲੇ ਦਾ ਗੱਬਰ ਸਿੰਘ । ਉਸ ਨੂੰ ਕਿਸੇ ਕੇਸ ਵਿੱਚੋਂ ਬਰੀ ਕਰਾਇਆ ਸੀ ।
ਕਹਿੰਦਾ-" ਵਕੀਲ ਸਾਹਿਬ । ਆਪਾ ਗੁੱਡੀ ਦਾ ਵਿਆਹ ਕਰਨਾ । ਕੱਚਪੂਟਰ ਦਾ ਕੋਰਸ ਕੀਤਾ । ਕੋਈ ਸ਼ਰੀਫ਼ ਮੁੰਡਾ ਹੋਵੇ ਤਾਂ ਦੱਸਣਾ । "
ਬਹੁਤ ਹੈਰਾਨ ਹੋਇਆ ਕਿ ਗੱਬਰ ਸਿੰਘ ਵੀ ਮੈਰਿਡ ਹੈ ? ਸਾਇਦ ਧਰਮਿੰਦਰ ਦਾ ਟੰਟਾ ਖ਼ਤਮ ਕਰ ਦਿੱਤਾ ਹੋਵੇ ।
ਬਸੰਤੀ ....।......
ਕੋਈ ਬੇਵਕੂਫ਼ ਹੁੰਦਾ ਤਾਂ ਕਹਿੰਦਾ -" ਕਚਿਹਿਰੀ ਵਿੱਚ ਇਕ ਸਾਂਭਾ ਹੈ ।"
ਆਖ਼ਰ । ਬੱਚਿਆਂ ਦਾ ਕੀ ਕਸੂਰ ??
ਚਾਹ ਦਾ ਕਪ ਮੂਹਰੇ ਰੱਖ ਕੇ ਬੋਲਿਆ -
-ਕੋਈ ਨਾ । ਮੈਂ ਖ਼ਿਆਲ ਰੱਖਾਗਾ ।.....
------------------------------

ਕੀ ਬਦਮਾਸ਼ੀ ਦੀ ਵੀ ਹੱਦ ਹੁੰਦੀ ਹੈ ????
------------------------------

ਕੀ ਕਿਹਾ ??????
-----------09062012----------

ਕਮੇਟੀ ਘਰ ਮੇਲਾ ਲੱਗਿਆ ।
ਮੌਤ ਦਾ ਖੂਹ, ਚੱਕਰੀ ,ਮੰਗ ਪੱਤਾ,ਸਰਕਸ ....। ਅਸੀ ਕਾਲੱਜ ਦੇ ਮੁੰਡੇ ' ਜਿੰਦਾ ਡਾਂਸ ' ਵੇਖਦੇ ।.....ਇਕ ਡਾਂਸਰ ਬਹੁਤ ਵੱਡੀ ਅਦਾਕਾਰ....। ਮਜ਼ਾਲ ਕਿ ਕੋਈ ਦਾਦ ਦਿੱਤੇ ਬਿਨਾਂ
ਰਹਿ ਜਾਂਦਾ ...। ਇਕ ਸ਼ਾਮ-" ਕੱਤਿਆ ਕਰੂੰ ਤੇਰੀ ਰੂੰ....." ਪੰਜਾਬ ਰੋਡਵੇਜ ਦੇ ਕਡੰਕਟਰ ਸਾਹਿਬ ਸਟੇਜ ਦੇ ਮੂਹਰੇ ਨੱਚਣ ਲੱਗ ਪਏ । ਕੁਝ ਚਿਰਾਂ ਬਾਦ ਹਰਾ ਬੈਗ ਖਾਲੀ.....।
ਰੁਪਏ ਮੁੱਕੇ ਸਨ ਪਰ
ਦੁਆਨੀਆ -ਚੁਆਨੀਆਂ, ਅਠਾਨੀਆ-ਠੀਪੇ ?
ਡਾਂਸ ਰੁਕ ਗਿਆ...।
ਪ੍ਰਬੰਧਕ ਨੇ ਕਡੰਕਟਰ ਦੀ ਬਾਂਹ ਫੜ ਲਈ -" ਨਾ । ਡਾਂਸਰ ਦੀ ਅੱਖ ਕੱਢਣੀ.....?".....
ਕਡੰਕਟਰ ਬਹੁਤ ਗੁੱਸੇ ਵਿੱਚ ਬਾਂਹ ਛੁਡਾ ਕੇ ਚਲਾ ਗਿਆ ।
ਡਾਂਸਰ ਨੇ ਆਖ਼ਰੀ ਗਾਣੇ ਤੇ ਨੱਚਣਾ ਸ਼ੁਰੂ ਕੀਤਾ ਤਾਂ ਕਡੰਕਟਰ ਆਪਣੇ ਸਾਥੀਆ ਨਾਲ ਅੰਦਰ । ....ਪੰਜਾਬ ਰੋਡਵੇਜ ਦੀਆਂ ਵਰਦੀਆ । ਇਕ ਦਰਸ਼ਕ ਬੋਲਿਆ-" ਭੱਜੋ । ਹੁਣ ਬਲਬ ਟੁੱਟਣਗੇ....."

ਕੀ ਹੋਇਆ ?

ਕੁਝ ਨਹੀਂ...

ਸਾਰੇ ਜਣੇ ਪ੍ਰਬੰਧਕ ਨੂੰ ਤਰਲੇ ਕੱਢਣ ਲੱਗੇ.....
-ਚੰਡੀਗੜ੍ਹ ਤੋਂ ਫਿਰੋਜ਼ਪੁਰ ਦੀ ਬੁਕਿੰਗ ਏ "
-ਆਹ ਤਾਂ ਘਰੋ ਵੀ ਮਾੜਾ "
-ਸਵੇਰ ਤਕ ਤਾਂ ਸਸਪੈਂਡ ਹੋ ਜਾਊ

- ਫਿਰ ?
ਸਟੇਜ ਤੋਂ ਰੁਪਏ ਚੁੱਕ ਕੇ ਹਰੇ ਬੈਗ ਨੂੰ ਭਰਿਆ ਗਿਆ ।..........

--------------------------
ਸਿੱਟਾ ; ਸ਼ਰਾਬ ਪੀਣਾ ਅਕਲ ਲਈ ਹਾਨੀਕਾਰਕ ਹੈ ।
-----08062012----------


ਅੱਜ ਬੇਟੇ ਨੇ ਗਦਰ ਫ਼ਿਲਮ ਵੇਖ ਲਈ । ਕਹਿੰਦਾ-" ਪਾਪਾ । ਅੰਬਰਸਰ ਦੇ ਟੇਸ਼ਨ ਤੇ ਕਿੰਨੇ ਕੁ ਬੰਦੇ ਮਰੇ ਹੋਣਗੇ ?.....ਕੀ ਕਹਿੰਦਾ-" ਕਾੱਪੀ ਕਿੱਥੇ ? ਅੱਜ ਕਿਹੜਾ ਟੈਨਸ ਕਰਨਾ ?...." ਕਹਿੰਦਾ- "ਤੁਸੀ ਕਿਹਾ ਸੀ-ਪਾਸਟ ਕੰਨਟੀਨਿਊ ...." ਮੈਂ ਲਗਾਤਾਰ ਬੋਲ ਰਿਹਾ ਸੀ..... " ਜਾ ਰਿਹਾ ਸੀ । ਗਾ ਰਿਹਾ ਸੀ । ਖਾ ਰਿਹਾ ਸੀ.....ਵਾਜ ਵਰ+ਫਸਟ ਫਾਰਮ+ ਇੰਗ......।"

ਕਲਾਸ ਵੀ ਖ਼ਤਮ ਹੋ ਗਈ
ਮੇਰਾ ਧਿਆਨ ਕਿੱਥੇ ਹੈ ।......

ਕੀ ਮੈਂ ਉਸ ਨੂੰ ਦੱਸ ਦਵਾਂ-" ਪੁੱਤਰ । ਅੰਮ੍ਰਿਤਸਰ ਦੇ ਸਟੇਸ਼ਨ ਤੇ ਤਾਂ ਪੰਜ ਕੁ ਹਜ਼ਾਰ ਮਰੇ ਹੋਣਗੇ......
ਪਰ......???.....
ਕੁਲ ਗਿਣਤੀ ਦਸ ਲੱਖ ਹੈ.......।
------------------------------


ਕੀ ਕੋਈ ਫੇਸਬੁਕ ਤੇ ਮਨੋ ਵਿਗਿਆਨੀ ਹੈ ????
------------------06062012-----------------------------------

ਕਾਲੂ ਬਹੁਤ ਲੜਾਕਾ ਹੋ ਗਿਆ....
ਹਰ ਕਿਸੇ ਦੇ ਪਿੱਛੇ ਭੱਜਦਾ । ਬੱਚਾ ਚੀਕ ਮਾਰ ਕੇ ਛੂਟ ਲਾਉਂਦਾ । ਸਿਆਣਾ ਆਦਮੀ ਰੁਕ ਕੇ ਕਹਿੰਦਾ-" ਹੱਟ .....। ਪਰ ਜਨਾਨੀਆ ਦੇ ਤਰਾਹ ਹੀ ਕੱਢ ਦੇਂਦਾ । ਮੂਹਰਲੀਆ ਲੱਤਾ
ਨਾਲ ਜੱਫਾ...।
" ਕਿੱਥੇ ਚੱਲੀ ਏ ?
ਕੋਈ ਨਾ ਕੋਈ ਆਖ ਦੇਂਦੀ-" ਬੰਨ ਕੇ ਨਹੀਂ ਰੱਖਿਆ ਜਾਂਦਾ...?
ਗਲੀ ਦੇ ਕੁੱਤੇ ਦਾ ਕਿਹੜਾ ਮਾਲਕ ??
ਅੱਜ ; ਲੱਕਵੱਕੜੀ ਤੋਂ ਬਾਦ ਗੁੱਸਾ ਵੇਖਣ ਵਾਲਾ ਸੀ । ਕਹਿੰਦੀ-" ਨਾ ਮੈਂ ਤੇਰੀ ਰੰਨ ਆ । ਮੂੰਹ ਨਾਲ ਮੂੰਹ ਜੋੜ ਲਿਆ । ......
------------------------------


ਬਾਕੀ ਦੀ ਕਹਾਣੀ , ਫਿਰ ਸਹੀ.....
---------05062012----------

ਕੀ ਕੋਈ ਜਾਨਵਰਾ ਦਾ ਡਾਕਟਰ ਕਾਲੂ ਦੀ ਪ੍ਰਵਿਰਤੀ ਬਾਰੇ ਦੱਸ ਸਕਦਾ ਹੈ ???....



ਮੈ ਆਪਣੇ ਸਿਵੇ ਵਿੱਚੋਂ ਹੱਡੀ ਕੱਢ ਮਾਸ ਚੱਬਣ ਲੱਗਿਆ ।ਅਵਾਜ਼ ਆਈ-" ਸਾਹਿਬ । ਕਿਆ ਕਰਤੇ ਹੋ ?" ਕੀ ਆਖਦਾ -" ਭਈਆ । ਸ਼ਿਵ ਭਗਤ ਹੂੰ ।" ਚਲਾ ਗਿਆ । ...
ਕੁਝ ਕੁ ਚਿਰ ਬਾਦ ਉੱਥੂ ਆ ਗਿਆ ।ਅਸਲ ਵਿੱਚ ਆਪਣੀ ਹੱਡੀ ਹੀ ਗਲੇ ਵਿੱਚ ਫਸ ਗਈ ਸੀ .....
ਡਕੌਂਤ ਦੁਬਾਰਾ ਆ ਗਿਆ....ਹੱਥ ਵਿੱਚ ਪਾਣੀ ਦਾ ਕਰਮੰਡਲ....." ਆਪ ਜਲ ਨਹੀਂ
ਲਾਏ.....?......
ਕੀ ਕਹਿੰਦਾ -" ਉਹ ਨਦੀਆਂ ਕਿੱਥੇ ਹਨ ??"
ਬਕਵਾਸ ਬੰਦ ।
ਹਾਂ, ਉਹ ਚਲਾ ਗਿਆ ।
ਫਿਰ.......??
ਨਾ, ਤੁਹਾਨੂੰ ਹੋਰ ਕੋਈ ਕੰਮ ਨਹੀਂ.....???
ਅਜੇ ਤਾਂ ਜਿਸਮ ਤੇ ਚਿਖ਼ਾ ਦੀ ਰਾਖ਼ ਮਲਣੀ ਏ ।.......
------------------------------


ਕੀਪ ਸਾਈਲੈਂਟ ।
ਮੈਂ ਫ਼ਾਰਸੀ ਤਾਂ ਨਹੀਂ ਬੋਲ ਰਿਹਾ ????......
----------01062012-----------------------





4 comments:

  1. ਅੱਜ ਤੁਹਾਡੀਆਂ ਪੋਸਟ ਕੀਤੀਆਂ ਸਾਰੀਆਂ ਰਚਨਾਵਾਂ ਫੇਰ ਪੜ੍ਹੀਆਂ,ਮੱਛਰ ਤੋਂ ਸ਼ੁਰੂ ਕਰਕੇ....ਹਾਸਾ ਵੀ ਅਤੇ ਸੋਚ ਵੀ..ਨਾਲ ਨਾਲ.....ਗਿਰਧਾਰੀ ਲਾਲ ਬਾਰੇ ਤੁਹਾਡਾ ਕੀ ਵਿਚਾਰ ਹੈ ?

    ReplyDelete
  2. sir bahut hi vadiya rachnavan si. thoda time lageya par maza aa gaya. keep it up ji oh jan gan man waali taa sire hi laa diti ji

    ReplyDelete
  3. sir maza aaga ya ajj tuhaadi rachnaava pad ke. oh jan gan waali taa sira si ji.

    ReplyDelete
  4. ਅੱਜ ਛੁੱਟੀ ਹੈ।ਸਵੇਰ ਦੀ ਸੈਰ ਵੀ ਕਰ ਆਇਆ ਹਾਂ।ਹੁਣ ਤੁਹਾਡੀਆਂ ਬਹੁਤ ਸਾਰੀਆਂ ਰਚਨਾਵਾਂ ਪੜ੍ਹੀਆਂ,ਬਹੁਤ ਹੱਸਿਆ,ਬਹੁਤ ਸੋਚਿਆ....ਹੁਣ ਛੇ ਵੱਜ ਗਏ ਹਨ,ਗੁਰਦੁਆਰੇ ਦੇ ਗ੍ਰੰਥੀ ਦੇ ਸਪੀਕਰ ਦੀ ਉੱਚੀ ਅਵਾਜ਼ ਪ੍ਰੇਸ਼ਾਨ ਕਰ ਰਹੀ ਹੈ।

    ReplyDelete

opinion