
ਮੈ ਚਾਹੁੰਦਾ ਹਾਂ ਨਾ ਇਕ ਦੂਜੇ ਨੂੰ ਏਨਾ ਕੋਸਿਆ ਜਾਵੇ
ਰੁਕੇ ਨੇ ਕਿਸ ਜਗਾਂ ਪਾਣੀ ਦੁਬਾਰਾ ਸੋਚਿਆ ਜਾਵੇ
ਕੋਈ ਮੱਧਮ ਜਿਹਾ ਚਿਹਰਾ ਮੇਰੇ ਖ਼ਾਬਾਂ 'ਚ ਆਉਂਦਾ ਏ
ਬੜੀ ਕੋਸ਼ਿਸ਼ ਦੇ ਮਗਰੋਂ ਵੀ ਨਾ ਉਸਨੂੰ ਚਿੱਤਰਿਆ ਜਾਵੇ
ਮੈਂ ਜੇਕਰ ਰਾਖ਼ ਹੋਇਆ ਹਾਂ ਤਾਂ ਮੈਨੂੰ ਵੀ ਤਾਂ ਮਿਹਣਾ ਏ
ਮੇਰੇ ਮਨ ਦੀ ਇਹ ਚਾਹਤ ਸੀ ਕਿ ਅੱਗ ਨੂੰ ਪਰਖ਼ਿਆ ਜਾਵੇ
ਮੈਂ ਜਿਸ ਰਸਤੇ ਨੂੰ ਚੁਣਿਆ ਹੈ,ਉਹ ਮੌੜਾਂ ਨਾਲ ਭਰਿਆ ਏ
ਨਾ ਦਿਸਦੀ ਏ ਕੋਈ ਮੰਜ਼ਿਲ ਨਾ ਘਰ ਨੂੰ ਪਰਤਿਆ ਜਾਵੇ
ਬੜੀ ਨਫ਼ਰਤ ਜਿਹੀ ਹੁੰਦੀ,ਬੜੀ ਜ਼ਿੱਲਤ ਜਿਹੀ ਹੁੰਦੀ
ਜੇ ਰਾਤਾਂ ਦੀ ਕਹਾਣੀ ਨੂੰ ਸਵੇਰੇ ਵਾਚਿਆ ਜਾਵੇ
ਜੇ ਇਸ ਨਗਰੀ 'ਚ ਰਹਿਣਾ ਏ,ਬੁਰੇ ਮੌਸਮ ਵੀ ਆਵਣਗੇ
ਚਲੋ ਢਹਿੰਦੇ ਪਏ ਘਰ ਨੂੰ ਦੁਬਾਰਾ ਜੌੜਿਆ ਜਾਵੇ
[painting by dr sushil raheja]
too good, toching !!
ReplyDelete