web widgets

Saturday, 11 July 2009

ਗ਼ਜ਼ਲ /ਸੁਸ਼ੀਲ ਰਹੇਜਾ


ਤੇਰੀ ਅੱਗ ਨੇ ਮਜ਼ਾਕ ਕੀਤਾ ਸੀ
ਮੈਨੂੰ ਲਪਟਾਂ ਬੁਝਾਣੀਆਂ ਪਈਆਂ
ਸਾਰੀ ਦੁਨੀਆਂ ਦੇ ਸਾਹਮਣੇ ਅੱਖਾਂ
ਤੇਰੀ ਖ਼ਾਤਰ ਝੁਕਾਣੀਆਂ ਪਈਆਂ

ਖ਼ੁਦ ਹੀ ਮੁਨਸਿਫ਼ ,ਵਕੀਲ,ਕਾਤਲ ਸਾਂ
ਖ਼ੁਦ ਹੀ ਖ਼ੰਜਰ,ਜੱਲਾਦ, ਮਕਤਲ ਸਾਂ
ਲਾਸ਼ ਆਪਣੀ ਤਬੂਤ ਵਿੱਚ ਪਾ ਕੇ
ਖ਼ੁਦ ਹੀ ਮੇਖਾਂ ਲਗਾਉਣੀਆਂ ਪਈਆਂ

ਤੈਨੂੰ ਕਿਹੜਾ ਸਰਾਪ ਮਿਲਿਆ ਏ
ਮੈਨੂੰ ਕਿਹੜਾ ਸਰਾਪ ਮਿਲਿਆ ਏ
ਤੈਨੂੰ ਛੁਰੀਆਂ ਬਣਾਉਣੀਆਂ ਪਈਆਂ
ਮੈਨੂੰ ਕਬਰਾਂ ਬਣਾਉਣੀਆਂ ਪਈਆਂ

ਉਹ ਜੋ ਖ਼ੁਦ ਤੇ ਯਕੀਨ ਕਰਦੇ ਸੀ
ਉਹ ਜੋ ਖ਼ੁਦ ਤੇ ਉਮੀਦ ਰੱਖਦੇ ਸੀ
ਉਹਨਾਂ ਲੋਕਾ ਨੂੰ ਘੰਟੀਆਂ ਆਖ਼ਰ
ਮੰਦਰਾਂ ਵਿੱਚ ਵਜਾਉਣੀਆਂ ਪਈਆਂ

ਪੰਡਤਾਂ ਨੇ ਜੋ ਪੁਸਤਕਾਂ ਲਿਖੀਆਂ
ਸ਼ੂਦਰਾਂ ਨੂੰ ਉਹ ਪੜਣੀਆਂ ਪਈਆਂ
ਸਾਡੇ ਬੱਚਿਆਂ ਦੇ ਹੱਥ ਨਾ ਆ ਜਾਵਣ
ਪੁਸਤਕਾਂ ਸਭ ਲੁਕਾਣੀਆਂ ਪਈਆਂ
[painting by dr sushil raheja]

No comments:

Post a Comment

opinion